ਭਿਆਨਕ ਸੜਕ ਹਾਦਸਾ : ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ, 4 ਜ਼ਿੰਦਾ ਸੜੇ, 10 ਜ਼ਖ਼ਮੀ
ਇਹ ਘਟਨਾ ਦੇਰ ਰਾਤ ਕਰੀਬ 1:30 ਵਜੇ ਚੋਟੀਲਾ ਦੇ ਖੋਲੀਆ ਪਿੰਡ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅੱਗੇ ਜਾ ਰਹੇ ਲੁੱਕ ਨਾਲ ਭਰੇ ਟਰੱਕ ਦਾ ਟਾਇਰ ਅਚਾਨਕ ਫਟ ਗਿਆ, ਜਿਸ ਕਾਰਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਨਿੱਜੀ ਲਗਜ਼ਰੀ ਬੱਸ ਉਸ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਨੇ ਤੁਰੰਤ ਅੱਗ ਫੜ ਲਈ।
Publish Date: Thu, 14 May 2026 10:22 AM (IST)
Updated Date: Thu, 14 May 2026 10:26 AM (IST)
ਸੁਰੇਂਦਰਨਗਰ/ਨਵੀਂ ਦਿੱਲੀ: ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਵਿੱਚ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਚੋਟੀਲਾ-ਰਾਜਕੋਟ ਹਾਈਵੇਅ 'ਤੇ ਇੱਕ ਨਿੱਜੀ ਬੱਸ ਅਤੇ ਲੁੱਕ (ਡਾਮਰ) ਨਾਲ ਲੱਦੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਤੋਂ ਬਾਅਦ ਬੱਸ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਚਾਰ ਮੁਸਾਫ਼ਰਾਂ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ, ਜਦਕਿ 10 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ ਕਰੀਬ 1:30 ਵਜੇ ਚੋਟੀਲਾ ਦੇ ਖੋਲੀਆ ਪਿੰਡ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅੱਗੇ ਜਾ ਰਹੇ ਲੁੱਕ ਨਾਲ ਭਰੇ ਟਰੱਕ ਦਾ ਟਾਇਰ ਅਚਾਨਕ ਫਟ ਗਿਆ, ਜਿਸ ਕਾਰਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਨਿੱਜੀ ਲਗਜ਼ਰੀ ਬੱਸ ਉਸ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਨੇ ਤੁਰੰਤ ਅੱਗ ਫੜ ਲਈ।
ਪੁਲਿਸ ਤੇ ਪ੍ਰਸ਼ਾਸਨ ਦੀ ਕਾਰਵਾਈ
ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਐਸ.ਐਸ. ਭਦੌਰੀਆ ਨੇ ਦੱਸਿਆ, "ਇਹ ਹਾਦਸਾ ਰਾਜਕੋਟ ਨੈਸ਼ਨਲ ਹਾਈਵੇਅ 'ਤੇ ਸੰਗਾਨੀ ਪਿੰਡ ਦੇ ਕੋਲ ਹੋਇਆ। ਬੱਸ ਵਿੱਚ ਕਰੀਬ 40 ਯਾਤਰੀ ਸਵਾਰ ਸਨ। ਜ਼ਿਆਦਾਤਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਅਫ਼ਸੋਸ ਕਿ ਚਾਰ ਲੋਕਾਂ ਦੀ ਜਾਨ ਨਹੀਂ ਬਚਾਈ ਜਾ ਸਕੀ।"
ਡਿਪਟੀ ਕਲੈਕਟਰ ਐਚ.ਟੀ. ਮਕਵਾਨਾ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਚਾਰ ਯਾਤਰੀ ਬੱਸ ਦੇ ਅੰਦਰ ਹੀ ਫਸ ਗਏ ਅਤੇ ਜ਼ਿੰਦਾ ਸੜ ਗਏ।
ਜ਼ਖਮੀਆਂ ਦੀ ਹਾਲਤ
ਇਸ ਹਾਦਸੇ ਵਿੱਚ 10 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਰਾਜਕੋਟ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਚੋਟੀਲਾ ਰੈਫਰਲ ਹਸਪਤਾਲ ਭੇਜ ਦਿੱਤਾ ਗਿਆ ਹੈ।