ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣੇ ਜਬਰ-ਜਨਾਹ ਨਹੀਂ, ਹਾਈ ਕੋਰਟ ਨੇ ਮੁਲਜ਼ਮ ਨੂੰ ਕੀਤਾ ਦੋਸ਼ਮੁਕਤ
ਸਰਗੁਜ਼ਾ ਦੀ ਇਕ ਲੜਕੀ ਨੇ ਸਾਲ 2004 ’ਚ ਪਟੀਸ਼ਨਰ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਲੜਕੀ ਨੇ ਸਤੰਬਰ 2000 ਤੋਂ ਅਪ੍ਰੈਲ 2004 ਤੱਕ ਵਿਆਹ ਦਾ ਝਾਂਸਾ ਦੇ ਉਸ ਨਾਲ ਲਗਾਤਾਰ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ।
Publish Date: Wed, 11 Mar 2026 08:06 AM (IST)
Updated Date: Wed, 11 Mar 2026 08:09 AM (IST)
ਨਈਦੁਨੀਆ ਪ੍ਰਤੀਨਿਧੀ, ਬਿਲਾਸਪੁਰ : ਛੱਤੀਸਗੜ੍ਹ ਹਾਈ ਕੋਰਟ ਨੇ 20 ਸਾਲ ਬਾਅਦ ਜਬਰ-ਜਨਾਹ ਦੇ ਮੁਲਜ਼ਮ ਨੂੰ ਦੋਸ਼ਮੁਕਤ ਕਰ ਦਿੱਤਾ। ਉੱਚ ਅਦਾਲਤ ਨੇ ਕਿਹਾ ਹੈ ਕਿ ਵਿਆਹ ਦਾ ਝਾਂਸਾ ਦੇਕੇ ਸਰੀਰਕ ਸਬੰਧ ਬਣਾਉਣੇ ਜਬਰ-ਜਨਾਹ ਨਹੀਂ ਹੈ। ਇਸ ਮਾਮਲੇ ’ਚ ਪੀੜਤਾ ਦੀ ਉਮਰ ਘਟਨਾ ਦੇ ਸਮੇਂ ਲਗਪਗ 26 ਸਾਲ ਸੀ ਤੇ ਉਸ ਨੂੰ ਸਬੰਧਾਂ ਦੇ ਨਤੀਜਿਆਂ ਦੀ ਜਾਣਕਾਰੀ ਸੀ। ਇਸ ਆਧਾਰ ’ਤੇ ਹਾਈ ਕੋਰਟ ਨੇ ਪਟੀਸ਼ਨਰ ਨੂੰ ਦੋਸ਼ਮੁਕਤ ਕਰਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵੱਲੋਂ ਸੁਣਾਈ ਗਈ ਸੱਤ ਸਾਲ ਦੀ ਸਜ਼ਾ ਨੂੰ ਵੀ ਰੱਦ ਕਰ ਦਿੱਤਾ।
ਸਰਗੁਜ਼ਾ ਦੀ ਇਕ ਲੜਕੀ ਨੇ ਸਾਲ 2004 ’ਚ ਪਟੀਸ਼ਨਰ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਲੜਕੀ ਨੇ ਸਤੰਬਰ 2000 ਤੋਂ ਅਪ੍ਰੈਲ 2004 ਤੱਕ ਵਿਆਹ ਦਾ ਝਾਂਸਾ ਦੇ ਉਸ ਨਾਲ ਲਗਾਤਾਰ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਚਲਾਨ ਅਦਾਲਤ ’ਚ ਪੇਸ਼ ਕੀਤਾ। ਸੈਸ਼ਨ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸੱਤ ਸਾਲ ਦੀ ਕੈਦ ਤੇ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸਦੇ ਖ਼ਿਲਾਫ਼ ਪਟੀਸ਼ਨਰ ਨੇ ਉੱਚ ਅਦਾਲਤ ’ਚ ਪਟੀਸ਼ਨ ਦਾਖ਼ਲ ਕੀਤੀ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਪੀੜਤਾ ਦੀ ਉਮਰ ਤੇ ਉਸਦੀ ਸਹਿਮਤੀ ਨੂੰ ਦੇਖਦੇ ਹੋਏ ਵਿਆਹ ਦਾ ਬਹਾਨਾ ਬਣਾ ਕੇ ਬਣਾਏ ਗਏ ਸਬੰਧ ਜਬਰ-ਜਨਾਹ ਦੇ ਵਰਗ ’ਚ ਨਹੀਂ ਆਉਂਦੇ। ਹਾਈ ਕੋਰਟ ਨੇ ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਗ਼ੈਰ-ਕਾਨੂੰਨੀ ਦੱਸਦੇ ਹੋਏ ਰੱਦ ਕਰ ਦਿੱਤਾ। ਲੜਕੇ ਨੂੰ ਅਗਸਤ 2004 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਗਸਤ 2005 ’ਚ ਸੈਸ਼ਨ ਕੋਰਟ ਨੇ ਫ਼ੈਸਲਾ ਸੁਣਾਇਆ, ਜਿਸ ਤੋਂ ਬਾਅਦ ਉਹ ਜਨਵਰੀ 2006 ’ਚ ਜ਼ਮਾਨਤ ’ਤੇ ਬਾਹਰ ਆਇਆ। ਹੁਣ ਉਹ 20 ਸਾਲਾਂ ਬਾਅਦ ਦੋਸ਼ ਮੁਕਤ ਹੋ ਗਿਆ ਹੈ।