ਗੁਰੂਗ੍ਰਾਮ ਬੰਬ ਧਮਕੀ ਦਾ 'ਢਾਕਾ ਕੁਨੈਕਸ਼ਨ': 40 ਸਕੂਲਾਂ ਨੂੰ ਦਹਿਸ਼ਤ 'ਚ ਪਾਉਣ ਵਾਲੀ ਸਾਜ਼ਿਸ਼ ਦੇ ਤਾਰ ਬੰਗਲਾਦੇਸ਼ ਨਾਲ ਜੁੜੇ
ਪੁਲਿਸ ਅਨੁਸਾਰ, ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਸੌਰਭ ਵਿਸ਼ਵਾਸ ਉਰਫ ਮਾਈਕਲ ਨੂੰ ਅਹਿਮਦਾਬਾਦ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ। ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਹ ਢਾਕਾ ’ਚ ਬੈਠੇ ਮਾਸਟਰਮਾਈਂਡ ਮਾਮੂਨੁਰ ਰਾਸ਼ਿਦ ਲਈ ਕੰਮ ਕਰ ਰਿਹਾ ਸੀ।
Publish Date: Sat, 21 Mar 2026 09:10 AM (IST)
Updated Date: Sat, 21 Mar 2026 09:12 AM (IST)
ਜਾਸ, ਗੁਰੂਗ੍ਰਾਮ : ਸਾਈਬਰ ਸਿਟੀ ਦੇ 40 ਸਕੂਲਾਂ ਨੂੰ 28 ਜਨਵਰੀ ਨੂੰ ਮਿਲੀ ਬੰਬ ਹੋਣ ਦੀ ਧਮਕੀ ਦੀ ਸਾਜ਼ਿਸ਼ ਦੀਆਂ ਜੜ੍ਹਾਂ ਬੰਗਲਾਦੇਸ਼ ਦੇ ਢਾਕਾ ਤੱਕ ਜੁੜੀਆਂ ਹਨ। ਗੁਰੂਗ੍ਰਾਮ ਸਾਈਬਰ ਕ੍ਰਾਈਮ ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਡਿਜੀਟਲ ਮਾਧਿਅਮ ਨਾਲ ਸੰਚਾਲਿਤ ਹੋ ਰਿਹਾ ਸੀ, ਜਿਸ ਵਿਚ ਫ਼ਰਜ਼ੀ ਈ-ਮੇਲ ਆਈਡੀ ਰਾਹੀਂ ਸ਼ਹਿਰ ’ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।
ਪੁਲਿਸ ਅਨੁਸਾਰ, ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਸੌਰਭ ਵਿਸ਼ਵਾਸ ਉਰਫ ਮਾਈਕਲ ਨੂੰ ਅਹਿਮਦਾਬਾਦ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ। ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਹ ਢਾਕਾ ’ਚ ਬੈਠੇ ਮਾਸਟਰਮਾਈਂਡ ਮਾਮੂਨੁਰ ਰਾਸ਼ਿਦ ਲਈ ਕੰਮ ਕਰ ਰਿਹਾ ਸੀ। ਸੌਰਭ ਨੇ ਹੀ ਵੱਡੀ ਗਿਣਤੀ ’ਚ ਫ਼ਰਜ਼ੀ ਜੀਮੇਲ ਆਈਡੀ ਤਿਆਰ ਕਰ ਕੇ ਰਾਸ਼ਿਦ ਨੂੰ ਮੁਹੱਈਆ ਕਰਵਾਈਆਂ, ਜਿਨ੍ਹਾਂ ਦੀ ਵਰਤੋਂ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਭੇਜਣ ’ਚ ਕੀਤੀ ਗਈ।
ਡੰਕੀ ਰੂਟ ਰਾਹੀਂ ਨੌਂ ਸਾਲ ਪਹਿਲਾਂ ਭਾਰਤ ਆਇਆ
ਸੌਰਭ ਇਸ ਸਮੇਂ ਬੰਗਾਲ ਦੇ ਉੱਤਰ 24 ਪਰਗਣਾ ਜ਼ਿਲ੍ਹੇ ਦੇ ਗੋਵਿੰਦਪੱਲੀ ’ਚ ਰਹਿ ਰਿਹਾ ਸੀ। ਉਹ ਨੌਂ ਸਾਲ ਪਹਿਲਾਂ ਡੰਕੀ ਰੂਟ ਰਾਹੀਂ ਭਾਰਤ ਆਇਆ ਤੇ ਫ਼ਰਜ਼ੀ ਦਸਤਾਵੇਜ਼ਾਂ ਨਾਲ ਇਥੇ ਰਹਿਣ ਲੱਗਾ। ਉਹ ਇਕ ਫੇਸਬੁੱਕ ਗਰੁੱਪ ਰਾਹੀਂ ਬੰਗਲਾਦੇਸ਼ੀ ਨਾਗਰਿਕ ਮਾਮੂਨੁਰ ਰਾਸ਼ਿਦ ਦੇ ਸੰਪਰਕ ’ਚ ਆਇਆ। ਏਸੀਪੀ ਸਾਈਬਰ ਕ੍ਰਾਈਮ ਅਨੁਸਾਰ, ਰਾਸ਼ਿਦ ਦੇ ਕਹਿਣ ’ਤੇ ਸੌਰਭ ਨੇ ਕਰੀਬ 300 ਈਮੇਲ ਆਈਡੀ ਬਣਾ ਕੇ ਉਸ ਨੂੰ ਮੁਹੱਈਆ ਕਰਵਾਈਆਂ। ਇਨ੍ਹਾਂ ’ਚੋਂ ਇਕ ਈਮੇਲ ਆਈਡੀ ਦੀ ਵਰਤੋਂ ਗੁਰੂਗ੍ਰਾਮ ਦੇ ਸਕੂਲਾਂ ਨੂੰ ਬੰਬ ਦੀ ਝੂਠੀ ਧਮਕੀ ਭੇਜਣ ਲਈ ਕੀਤੀ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ’ਚ ਹੋਰ ਵੀ ਗ੍ਰਿਫ਼ਤਾਰੀਆਂ ਸੰਭਵ ਹਨ।