ਗਿਗ ਵਰਕਰਾਂ ਨੂੰ ਮਿਲੇਗੀ ਸੋਸ਼ਲ ਸਕਿਓਰਿਟੀ, ਪਰ ਪੂਰੀ ਕਰਨੀ ਹੋਵੇਗੀ ਇਹ ਸ਼ਰਤ; ਨਵੇਂ ਨਿਯਮ ਜਾਰੀ, ਪੜ੍ਹੋ ਪੂਰੀ ਡਿਟੇਲ
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਮੰਗਲਵਾਰ ਨੂੰ ਸੋਸ਼ਲ ਸਕਿਓਰਿਟੀ ਕੋਡ (ਸੈਂਟਰਲ) ਰੂਲਜ਼, 2025 ਨਾਂ ਹੇਠ ਡਰਾਫਟ ਨਿਯਮ ਜਾਰੀ ਕੀਤੇ ਹਨ, ਜਿਸ ਵਿੱਚ ਗਿਗ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਅਤੇ ਰਜਿਸਟ੍ਰੇਸ਼ਨ ਦੇਣ ਦੀ ਗੱਲ ਕਹੀ ਗਈ ਹੈ।
Publish Date: Fri, 02 Jan 2026 03:40 PM (IST)
Updated Date: Fri, 02 Jan 2026 03:50 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਸਹੀ ਤਨਖਾਹ, ਕੰਮ ਦੇ ਬਿਹਤਰ ਹਾਲਾਤ ਤੇ ਸਮਾਜਿਕ ਸੁਰੱਖਿਆ (Social Security) ਦੀ ਮੰਗ ਨੂੰ ਲੈ ਕੇ ਕ੍ਰਿਸਮਸ ਅਤੇ ਨਵੇਂ ਸਾਲ 'ਤੇ ਹੜਤਾਲ 'ਤੇ ਰਹੇ ਗਿਗ ਵਰਕਰਾਂ (Gig Workers) ਲਈ ਇਕ ਚੰਗੀ ਖ਼ਬਰ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਮੰਗਲਵਾਰ ਨੂੰ ਸੋਸ਼ਲ ਸਕਿਓਰਿਟੀ ਕੋਡ (ਸੈਂਟਰਲ) ਰੂਲਜ਼, 2025 ਨਾਂ ਹੇਠ ਡਰਾਫਟ ਨਿਯਮ ਜਾਰੀ ਕੀਤੇ ਹਨ, ਜਿਸ ਵਿੱਚ ਗਿਗ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਅਤੇ ਰਜਿਸਟ੍ਰੇਸ਼ਨ ਦੇਣ ਦੀ ਗੱਲ ਕਹੀ ਗਈ ਹੈ।
ਸਿਹਤ, ਜੀਵਨ ਤੇ ਨਿੱਜੀ ਦੁਰਘਟਨਾ ਬੀਮਾ ਵਰਗੇ ਲਾਭ ਲੈਣ ਲਈ ਗਿਗ ਵਰਕਰਾਂ ਨੂੰ ਘੱਟੋ-ਘੱਟ 90 ਦਿਨਾਂ ਤਕ ਇੱਕੋ ਐਗਰੀਗੇਟਰ (Aggregator) ਨਾਲ ਕੰਮ ਕਰਨਾ ਹੋਵੇਗਾ।
ਜੇਕਰ ਉਹ ਇਕ ਤੋਂ ਜ਼ਿਆਦਾ ਐਗਰੀਗੇਟਰਜ਼ ਨਾਲ ਕੰਮ ਕਰਦਾ ਹੈ ਤਾਂ ਪਿਛਲੇ ਵਿੱਤੀ ਸਾਲ 'ਚ ਕੁੱਲ ਮਿਲਾ ਕੇ 120 ਦਿਨ ਦਾ ਕੰਮ ਪੂਰਾ ਕੀਤਾ ਹੋਣਾ ਚਾਹੀਦਾ ਹੈ।
ਇਕ ਵਰਕਰ ਨੂੰ ਉਸੇ ਦਿਨ ਤੋਂ ਐਗਰੀਗੇਟਰ ਨਾਲ ਜੁੜਿਆ ਮੰਨਿਆ ਜਾਵੇਗਾ, ਜਿਸ ਦਿਨ ਤੋਂ ਉਹ ਕਮਾਈ ਸ਼ੁਰੂ ਕਰਦਾ ਹੈ, ਭਾਵੇਂ ਕਮਾਈ ਕਿੰਨੀ ਵੀ ਹੋਵੇ। ਜਿਸ ਵੀ ਕੈਲੰਡਰ ਦਿਨ ਆਮਦਨ ਹੋਵੇਗੀ, ਉਹ ਦਿਨ ਯੋਗਤਾ ਲਈ ਗਿਣਿਆ ਜਾਵੇਗਾ।
ਜੇਕਰ ਕੋਈ ਵਰਕਰ ਇੱਕੋ ਦਿਨ ਕਈ ਐਗਰੀਗੇਟਰਜ਼ ਨਾਲ ਕੰਮ ਕਰਦਾ ਹੈ ਤਾਂ ਉਸ ਨੂੰ ਵੱਖਰੇ ਤੌਰ 'ਤੇ ਗਿਣਿਆ ਜਾਵੇਗਾ। ਉਦਾਹਰਨ ਲਈ, ਜੇਕਰ ਕੋਈ ਗਿਗ ਵਰਕਰ ਇਕ ਦਿਨ ਵਿਚ ਤਿੰਨ ਐਗਰੀਗੇਟਰਜ਼ ਲਈ ਕੰਮ ਕਰਦਾ ਹੈ ਤਾਂ ਉਸ ਨੂੰ ਤਿੰਨ ਦਿਨ ਗਿਣਿਆ ਜਾਵੇਗਾ।
16 ਸਾਲ ਤੋਂ ਵੱਧ ਉਮਰ ਦੇ ਗਿਗ ਵਰਕਰਾਂ ਨੂੰ ਆਪਣੇ ਆਧਾਰ ਨੰਬਰ ਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।
ਐਗਰੀਗੇਟਰਜ਼ ਨੂੰ ਯੂਨੀਵਰਸਲ ਅਕਾਊਂਟ ਨੰਬਰ (UAN) ਜਾਂ ਵਿਲੱਖਣ ID ਬਣਾਉਣ ਲਈ ਗਿਗ ਵਰਕਰਾਂ ਦੇ ਵੇਰਵੇ ਕੇਂਦਰੀ ਪੋਰਟਲ 'ਤੇ ਸਾਂਝੇ ਕਰਨੇ ਹੋਣਗੇ।
ਹਰ ਯੋਗ ਰਜਿਸਟਰਡ ਵਰਕਰ ਨੂੰ ਇਕ ਡਿਜੀਟਲ ਜਾਂ ਫਿਜ਼ੀਕਲ ਪਛਾਣ ਪੱਤਰ (Identity Card) ਦਿੱਤਾ ਜਾਵੇਗਾ ਜੋ ਕੇਂਦਰੀ ਪੋਰਟਲ ਤੋਂ ਡਾਊਨਲੋਡ ਕੀਤਾ ਜਾ ਸਕੇਗਾ।
ਕੇਂਦਰ ਸਰਕਾਰ ਇਕ ਅਧਿਕਾਰੀ ਜਾਂ ਏਜੰਸੀ ਨੂੰ ਐਗਰੀਗੇਟਰਾਂ ਤੋਂ ਫੰਡ ਇਕੱਠਾ ਕਰਨ ਲਈ ਜ਼ਿੰਮੇਵਾਰ ਅਥਾਰਟੀ ਵਜੋਂ ਨਾਮਜ਼ਦ ਕਰੇਗੀ। ਇਹ ਰਾਸ਼ੀ ਸੋਸ਼ਲ ਸਕਿਓਰਿਟੀ ਫੰਡ ਦੇ ਹਿੱਸੇ ਵਜੋਂ ਇੱਕ ਵੱਖਰੇ ਖਾਤੇ ਵਿੱਚ ਰੱਖੀ ਜਾਵੇਗੀ।
ਕੋਈ ਵੀ ਰਜਿਸਟਰਡ ਵਰਕਰ ਲਾਭਾਂ ਲਈ ਯੋਗ ਨਹੀਂ ਰਹੇਗਾ ਜੇਕਰ ਉਹ 60 ਸਾਲ ਦਾ ਹੋ ਜਾਂਦਾ ਹੈ ਜਾਂ ਜੇਕਰ ਉਹ 90 ਦਿਨਾਂ (ਇਕ ਐਗਰੀਗੇਟਰ ਲਈ) ਜਾਂ 120 ਦਿਨਾਂ (ਕਈ ਐਗਰੀਗੇਟਰਜ਼ ਲਈ) ਦੀ ਕੰਮ ਦੀ ਸ਼ਰਤ ਪੂਰੀ ਨਹੀਂ ਕਰਦਾ।
ਕੇਂਦਰ ਸਰਕਾਰ ਰਾਸ਼ਟਰੀ ਸਮਾਜਿਕ ਸੁਰੱਖਿਆ ਬੋਰਡ ਵਿੱਚ ਗਿਗ ਵਰਕਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਨੁਮਾਇੰਦਗੀ ਕਰਨ ਵਾਲੇ ਪੰਜ ਮੈਂਬਰਾਂ ਨੂੰ ਰੋਟੇਸ਼ਨ ਦੇ ਆਧਾਰ 'ਤੇ ਨਾਮਜ਼ਦ ਕਰੇਗੀ।