ਲੂ ਤੋਂ ਬਚਾਅ ਦੇ ਉਪਾਵਾਂ ਤੋਂ ਲੈ ਕੇ ਕਮਿਊਨਿਟੀ ਸਰਵਿਸ ਤੱਕ... 'ਮਨ ਕੀ ਬਾਤ' ’ਚ PM ਮੋਦੀ ਦੀਆਂ ਮੁੱਖ ਗੱਲਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 134ਵੇਂ ਐਪੀਸੋਡ ਵਿੱਚ ਸਮਾਜ ਸੇਵਾ, ਜਲ ਸੰਭਾਲ, ਖੇਡਾਂ, ਗਰਮੀ ਤੋਂ ਬਚਾਅ ਅਤੇ ਭਾਰਤ ਵਿੱਚ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਵਰਗੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ।
Publish Date: Sun, 31 May 2026 04:18 PM (IST)
Updated Date: Sun, 31 May 2026 04:20 PM (IST)

ਡਿਜੀਟਲ ਡੈਸਕ, ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 134ਵੇਂ ਐਪੀਸੋਡ ਵਿੱਚ ਸਮਾਜ ਸੇਵਾ, ਜਲ ਸੰਭਾਲ, ਖੇਡਾਂ, ਗਰਮੀ ਤੋਂ ਬਚਾਅ ਅਤੇ ਭਾਰਤ ਵਿੱਚ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਵਰਗੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ।
ਉਨ੍ਹਾਂ ਨੇ ਲੋਕਾਂ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਹਿੱਸੇਦਾਰੀ ਵਧਾਉਣ ਅਤੇ ਸਕਾਰਾਤਮਕ ਬਦਲਾਅ ਲਿਆਉਣ ਵਾਲੇ ਲੋਕਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਸਮਾਜ ਲਈ ਚੰਗਾ ਕੰਮ ਕਰ ਰਹੇ ਹਨ, ਉਨ੍ਹਾਂ ਦੀ ਪਛਾਣ ਕਰਨੀ, ਉਨ੍ਹਾਂ ਦੀ ਸ਼ਲਾਘਾ ਕਰਨੀ ਅਤੇ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।
ਸਮਾਜਿਕ ਕਾਰਜ ਕਰਨ ਦਾ ਦਿੱਤਾ ਸੱਦਾ
ਉਨ੍ਹਾਂ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਲੋਕਾਂ ਨੂੰ ਕਿਸੇ ਚੰਗੇ ਸਮਾਜਿਕ ਕਾਰਜ ਦਾ ਹਿੱਸਾ ਵੀ ਬਣਨਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਨਿਸਵਾਰਥ ਸੇਵਾ ਦੀਆਂ ਕਹਾਣੀਆਂ ਸਮਾਜ ਅਤੇ ਦੇਸ਼ ਨਿਰਮਾਣ ਲਈ ਦੂਜਿਆਂ ਨੂੰ ਵੀ ਪ੍ਰੇਰਿਤ ਕਰਦੀਆਂ ਹਨ। ਗਰਮੀ ਦੇ ਮੌਸਮ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਲਣ ਵਾਲੇ ਅੰਬਾਂ ਦੀਆਂ ਵਿਸ਼ੇਸ਼ਤਾਵਾਂ 'ਤੇ ਵੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਅਤੇ ਕੋਂਕਣ ਦਾ ਹਾਪੁਸ (ਅਲਫਾਂਸੋ), ਗੁਜਰਾਤ ਦਾ ਕੇਸਰ, ਉੱਤਰ ਪ੍ਰਦੇਸ਼ ਦਾ ਦਸ਼ਹਿਰੀ ਅਤੇ ਕਾਸ਼ੀ ਦਾ ਲੰਗੜਾ ਅੰਬ ਆਪਣੀ ਵੱਖਰੀ ਪਛਾਣ ਰੱਖਦੇ ਹਨ। ਉਨ੍ਹਾਂ ਅੰਬਾਂ ਦੀ ਖੇਤੀ ਨਾਲ ਜੁੜੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦੇਸ਼ ਦੀ ਖੇਤੀਬਾੜੀ ਆਰਥਿਕਤਾ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।
ਗਰਮੀ ਤੋਂ ਬਚਾਅ ਅਤੇ ਰਵਾਇਤੀ ਪੀਣ ਵਾਲੇ ਪਦਾਰਥਾਂ ਦਾ ਜ਼ਿਕਰ
ਦੇਸ਼ ਦੇ ਕਈ ਹਿੱਸਿਆਂ ਵਿੱਚ ਪੈ ਰਹੀ ਗਰਮੀ (ਲੂ) ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਲੋੜੀਂਦਾ ਪਾਣੀ ਪੀਣਾ, ਧੁੱਪ ਵਿੱਚ ਨਿਕਲਦੇ ਸਮੇਂ ਸੁਚੇਤ ਰਹਿਣਾ ਅਤੇ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਮਕਬੂਲ ਰਵਾਇਤੀ ਪੀਣ ਵਾਲੇ ਪਦਾਰਥਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉੱਤਰ ਭਾਰਤ ਵਿੱਚ ਅੰਬ ਪੰਨਾ, ਪੰਜਾਬ ਅਤੇ ਹਰਿਆਣਾ ਵਿੱਚ ਲੱਸੀ, ਰਾਜਸਥਾਨ ਅਤੇ ਗੁਜਰਾਤ ਵਿੱਚ ਛਾਛ (ਚਾਟੀ ਦੀ ਲੱਸੀ), ਬਿਹਾਰ-ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੱਤੂ ਦਾ ਸ਼ਰਬਤ ਕਾਫ਼ੀ ਮਕਬੂਲ ਹਨ।
ਉੱਥੇ ਹੀ ਕੋਂਕਣ ਅਤੇ ਗੋਆ ਵਿੱਚ ਕੋਕਮ ਸ਼ਰਬਤ ਅਤੇ ਸੋਲਕੜ੍ਹੀ, ਜਦੋਂ ਕਿ ਦੱਖਣ ਭਾਰਤ ਵਿੱਚ ਪਨਕਮ, ਨੀਰ ਮੋਰ ਅਤੇ ਸਾਂਬਰਮ ਵਰਗੇ ਪੀਣ ਵਾਲੇ ਪਦਾਰਥ ਪ੍ਰਚਲਿਤ ਹਨ। ਉਨ੍ਹਾਂ ਕਿਹਾ ਕਿ ਇਹ ਰਵਾਇਤੀ ਪੇਅ ਪਦਾਰਥ ਸਿਰਫ਼ ਗਰਮੀ ਤੋਂ ਰਾਹਤ ਨਹੀਂ ਦਿੰਦੇ, ਸਗੋਂ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਅਤੇ 'ਇੱਕ ਭਾਰਤ ਸ੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਵੀ ਦਰਸਾਉਂਦੇ ਹਨ।
ਜਲ ਸੰਭਾਲ ਅਤੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ
ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਨਦੀਆਂ, ਤਾਲਾਬਾਂ ਅਤੇ ਖੂਹਾਂ ਦੀ ਸੰਭਾਲ ਅਤੇ ਉਨ੍ਹਾਂ ਦੇ ਪੁਨਰ-ਜੀਵਨ ਲਈ ਕੀਤੇ ਜਾ ਰਹੇ ਸਮੂਹਿਕ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਬਚਪਨ ਦੀਆਂ ਯਾਦਾਂ ਨਾਲ ਜੁੜੇ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨਾ ਇੱਕ ਵਿਸ਼ੇਸ਼ ਸੰਤੁਸ਼ਟੀ ਅਤੇ ਖੁਸ਼ੀ ਦਿੰਦਾ ਹੈ। ਅਜਿਹੇ ਯਤਨ ਜਲ ਸੰਭਾਲ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਵੀ ਵਧਾਉਂਦੇ ਹਨ।
ਉਨ੍ਹਾਂ ਨੇ ਹਾਲ ਹੀ ਵਿੱਚ ਝਾਰਖੰਡ ਦੇ ਰਾਂਚੀ ਵਿੱਚ ਆਯੋਜਿਤ ਰਾਸ਼ਟਰੀ ਸੀਨੀਅਰ ਐਥਲੈਟਿਕਸ ਮੁਕਾਬਲੇ ਦਾ ਵੀ ਜ਼ਿਕਰ ਕੀਤਾ, ਜਿੱਥੇ ਚਾਰ ਵੱਖ-ਵੱਖ ਮੁਕਾਬਲਿਆਂ ਵਿੱਚ ਰਾਸ਼ਟਰੀ ਰਿਕਾਰਡ ਬਣੇ। ਪ੍ਰਧਾਨ ਮੰਤਰੀ ਨੇ ਗੁਰਿੰਦਰਵੀਰ ਸਿੰਘ, ਵਿਸ਼ਾਲ ਟੀਕੇ, ਤੇਜਸਵਿਨ ਸ਼ੰਕਰ, ਦੇਵ ਮੀਨਾ ਅਤੇ ਕੁਲਦੀਪ ਕੁਮਾਰ ਨੂੰ ਨਵੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਨ੍ਹਾਂ 100 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੁਰਿੰਦਰਵੀਰ ਸਿੰਘ ਅਤੇ ਅਨੀਮੇਸ਼ ਕੁਜੂਰ ਦੀ ਵੀ ਸ਼ਲਾਘਾ ਕੀਤੀ।
ਪੀ.ਐੱਮ. ਮੋਦੀ ਨੇ ਜਨ-ਭਾਗੀਦਾਰੀ 'ਤੇ ਦਿੱਤਾ ਜ਼ੋਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਸੇਵਾ, ਵਾਤਾਵਰਣ ਦੀ ਸੰਭਾਲ, ਖੇਤੀਬਾੜੀ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਆਮ ਨਾਗਰਿਕ ਦੇਸ਼ ਦੇ ਵਿਕਾਸ ਵਿੱਚ ਅਸਾਧਾਰਨ ਯੋਗਦਾਨ ਪਾ ਰਹੇ ਹਨ। ਪ੍ਰੋਗਰਾਮ ਦੇ ਮਾਧਿਅਮ ਰਾਹੀਂ ਉਨ੍ਹਾਂ ਨੇ ਜਨ-ਭਾਗੀਦਾਰੀ, ਸਮਾਜਿਕ ਜ਼ਿੰਮੇਵਾਰੀ, ਸੱਭਿਆਚਾਰਕ ਮਾਣ ਅਤੇ ਦੇਸ਼ ਨਿਰਮਾਣ ਦੇ ਸਮੂਹਿਕ ਯਤਨਾਂ 'ਤੇ ਜ਼ੋਰ ਦਿੱਤਾ।