ਐੱਸਬੀਆਈ ਦੇ ਸਾਬਕਾ ਏਜੀਐੱਮ ਦੀ 3 ਕਰੋੜ ਦੀ ਜਾਇਦਾਦ ਜ਼ਬਤ, ਆਮਦਨ ਤੋਂ 481 ਫ਼ੀਸਦ ਵੱਧ ਜਾਇਦਾਦਾਂ ਬਣਾਉਣ ਦਾ ਦੋਸ਼
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਅਨਿਲ ਨੇ ਅਚੱਲ ਜਾਇਦਾਦ ਵੇਚਣ ਦੇ ਬਹਾਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਬੈਂਕ ਖਾਤਿਆਂ ਵਿਚ ਦੋ ਕਰੋੜ 35 ਲੱਖ ਰੁਪਏ ਜਮ੍ਹਾਂ ਕੀਤੇ ਸਨ, ਜਿਸ ਲਈ ਉਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ।
Publish Date: Thu, 11 Jun 2026 09:02 PM (IST)
Updated Date: Thu, 11 Jun 2026 09:02 PM (IST)
ਸਟੇਟ ਬਿਊਰੋ, ਨਈ ਦੁਨੀਆ, ਭੋਪਾਲ : ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਸਾਬਕਾ ਸਹਾਇਕ ਜਨਰਲ ਮੈਨੇਜਰ (ਏਜੀਐੱਮ) ਅਨਿਲ ਜੈਨ ਦੀ 3 ਕਰੋੜ ਰੁਪਏ ਦੀ ਚੱਲ ਜਾਇਦਾਦ ਨੂੰ ਅਸਥਾਈ ਤੌਰ ’ਤੇ ਜ਼ਬਤ ਕਰ ਲਿਆ ਹੈ। ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਨਿਵਾਰਣ ਕਾਨੂੰਨ ਤਹਿਤ ਇਹ ਕਾਰਵਾਈ ਕੀਤੀ ਹੈ। ਈਡੀ ਨੇ ਸੀਬੀਆਈ ਭੋਪਾਲ ਵੱਲੋਂ ਦਰਜ ਕੀਤੀ ਐੱਫਆਈਆਰ ਦੇ ਆਧਾਰ ਉੱਤੇ ਜਾਂਚ ਸ਼ੁਰੂ ਕੀਤੀ ਸੀ। ਅਨਿਲ ਦੇ ਆਮਦਨ ਦੇ ਪਛਾਣੇ ਗਏ ਮੂਲ ਸਰੋਤਾਂ ਤੋਂ ਵੱਧ ਜਾਇਦਾਦਾਂ ਬਣਾਉਣ ਦੇ ਦੋਸ਼ ਵਿਚ ਅਨਿਲ ’ਤੇ ਮਾਮਲਾ ਦਰਜ ਕੀਤਾ ਗਿਆ ਸੀ।
ਈਡੀ ਦੀ ਜਾਂਚ ਮੁਤਾਬਕ ਇਕ ਅਪ੍ਰੈਲ 2017 ਤੋਂ 31 ਦਸੰਬਰ 2018 ਦਰਮਿਆਨ ਅਨਿਲਜੈਨ ਨੇ 3 ਕਰੋੜ ਰੁਪਏ ਦੀ ਜਾਇਦਾਦ ਜਮ੍ਹਾਂ ਕੀਤੀ ਸੀ, ਜੋ ਕਿ ਉਨ੍ਹਾਂ ਦੀ ਆਮਦਨ ਦੇ ਜ਼ਾਹਰ ਵਸੀਲਿਆਂ ਤੋਂ 481 ਫ਼ੀਸਦ ਵੱਧ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਅਨਿਲ ਨੇ ਅਚੱਲ ਜਾਇਦਾਦ ਵੇਚਣ ਦੇ ਬਹਾਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਬੈਂਕ ਖਾਤਿਆਂ ਵਿਚ ਦੋ ਕਰੋੜ 35 ਲੱਖ ਰੁਪਏ ਜਮ੍ਹਾਂ ਕੀਤੇ ਸਨ, ਜਿਸ ਲਈ ਉਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ। ਜਮ੍ਹਾਂ ਕੀਤੀ ਗਈ ਨਗਦ ਰਕਮ ਨੂੰ ਫਿਕਸਡ ਡਿਪਾਜ਼ਿਟ ਵਿਚ ਬਦਲ ਦਿੱਤਾ ਗਿਆ ਤਾਂ ਜੋ ਹੋਰ ਮੁਨਾਫ਼ਾ ਖੱਟ ਸਕੇ। ਪੁੱਛਗਿੱਛ ਵਿਚ ਉਹ ਨਗਦ ਜਮ੍ਹਾਂ ਰਕਮ ਬਾਰੇ ਕੋਈ ਸਪਸ਼ਟੀਕਰਨ ਜਾਂ ਸਬੂਤ ਨਹੀਂ ਦੇ ਸਕਿਆ।
ਜਾਂਚ ਮੁਤਾਬਕ ਅਨਿਲ ਨੇ ਚਾਰਟਰਡ ਅਕਾਊਂਟੈਂਟ ਸਮੇਤ ਹਵਾਲਾ ਚਲਾਉਣ ਵਾਲਿਆਂ ਦੀ ਮਿਲੀਭੁਗਤ ਨਾਲ ਆਪਣੀ ਗ਼ੈਰ ਕਾਨੂੰਨੀ ਆਮਦਨ ਨੂੰ ‘ਕਾਨੂੰਨੀ ਆਮਦਨ’ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਸ਼ੈੱਲ ਕੰਪਨੀ ਦਾ ਸਹਾਰਾ ਲਿਆ ਸੀ।