- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਅਪਰਾਧੀ ਵਿਦਿਆਰਥੀ ਵੀਜ਼ੇ, ਨਾਜਾਇਜ਼ ਘੁਸਪੈਠ ਤੇ ਸਿਆਸੀ ਪਨਾਹ (ਅਸਾਈਲਮ) ਦੇ ਰਸਤੇ ਦੀ ਦੁਰਵਰਤੋਂ ਕਰ ਕੇ ਨਾ ਸਿਰਫ਼ ਇੱਥੇ ਦਾਖ਼ਲ ਹੁੰਦੇ ਹਨ, ਬਲਕਿ ਉੱਥੇ ਬੈਠ ਕੇ ਭਾਰਤ ’ਚ ਆਪਣੀ ਖੂਨੀ ਖੇਡ ਨੂੰ ਬੇਖੌਫ ਅੰਜਾਮ ਦੇ ਰਹੇ ਹਨ।

ਨਵੀਂ ਦਿੱਲੀ (ਏਜੰਸੀ) : ਨੇਕ ਇਰਾਦਿਆਂ ਤੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਸੱਤ ਸਮੁੰਦਰ ਪਾਰ ਜਾਣ ਵਾਲੇ ਵਿਦਿਆਰਥੀਆਂ ਦੀ ਆੜ ’ਚ ਹੁਣ ਅਪਰਾਧ ਦਾ ਇਕ ਅਜਿਹਾ ਘਿਣੌਨਾ ਚਿਹਰਾ ਸਾਹਮਣੇ ਆਇਆ ਹੈ, ਜਿਸ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਨਿਊਜ਼ਵੀਕ ਦੀ ਇਕ ਹਾਲੀਆ ਤੇ ਹੈਰਾਨ ਕਰਨ ਵਾਲੀ ਰਿਪੋਰਟ ਨੇ ਇਸ ਕੌੜੇ ਸੱਚ ਨੂੰ ਉਜਾਗਰ ਕੀਤਾ ਹੈ ਕਿ ਭਾਰਤ ’ਚ ਹੱਤਿਆ, ਰੰਗਦਾਰੀ, ਜਬਰੀ ਵਸੂਲੀ ਤੇ ਅੱਤਵਾਦ ਫੈਲਾਉਣ ਵਾਲੇ ਬਦਨਾਮ ਅਪਰਾਧੀ ਹੁਣ ਅਮਰੀਕਾ ਤੇ ਕੈਨੇ਼ਡਾ ਦੀ ਧਰਤੀ ਨੂੰ ਆਪਣੀ ਸੁਰੱਖਿਅਤ ਪਨਾਹਗਾਹ ਬਣਾ ਚੁੱਕੇ ਹਨ। ਇਹ ਅਪਰਾਧੀ ਵਿਦਿਆਰਥੀ ਵੀਜ਼ੇ, ਨਾਜਾਇਜ਼ ਘੁਸਪੈਠ ਤੇ ਸਿਆਸੀ ਪਨਾਹ (ਅਸਾਈਲਮ) ਦੇ ਰਸਤੇ ਦੀ ਦੁਰਵਰਤੋਂ ਕਰ ਕੇ ਨਾ ਸਿਰਫ਼ ਇੱਥੇ ਦਾਖ਼ਲ ਹੁੰਦੇ ਹਨ, ਬਲਕਿ ਉੱਥੇ ਬੈਠ ਕੇ ਭਾਰਤ ’ਚ ਆਪਣੀ ਖੂਨੀ ਖੇਡ ਨੂੰ ਬੇਖੌਫ ਅੰਜਾਮ ਦੇ ਰਹੇ ਹਨ।
ਇਕ ਪੂਰਬੀ ਅਮਰੀਕੀ ਸੁਰੱਖਿਆ ਅਧਿਕਾਰੀ ਦੇ ਸ਼ਬਦਾਂ ’ਚ ਕਹੀਏ ਤਾਂ ਇਹ ਗੈਂਗਸਟਰ ਸ਼ੁਰੂ ’ਚ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਨਹੀਂ, ਬਲਕਿ ਖ਼ੁਦ ਦੀ ਖਾਲ ਬਚਾਉਣ ਲਈ ਉੱਥੇ ਪੁੱਜੇ ਸਨ। ਵੈਨਕੂਵਰ ਦੇ ਕਿਸੇ ਆਲੀਸ਼ਾਨ ਸਬਅਰਬ (ਉਪਨਗਰ) ਜਾਂ ਕੈਲੀਫੋਰਨੀਆ ਦੀ ਸੈਂਟ੍ਰਲ ਵੈਲੀ ਦੇ ਕਿਸੇ ਫਲੈਟ ’ਚ ਬੈਠ ਕੇ ਇਹ ਅਪਰਾਧੀ ਭਾਰਤ ’ਚ ਕਿਸੇ ਦੀ ਵੀ ਹੱਤਿਆ ਦਾ ਹੁਕਮ ਦੇ ਦਿੰਦੇ ਹਨ। ਉਨ੍ਹਾਂ ਨੂੰ ਬਾਖੂਬੀ ਪਤਾ ਹੈ ਕਿ ਕੌਮਾਂਤਰੀ ਹਵਾਲਗੀ ਦੀ ਕਾਨੂੰਨੀ ਪ੍ਰਕਿਰਿਆ ਕਛੂਏ ਦੀ ਰਫ਼ਤਾਰ ਨਾਲ ਚੱਲਦੀ ਹੈ ਤੇ ਇਕ ਵਾਰ ਪਨਾਹ ਦਾ ਦਾਅਵਾ ਠੋਕ ਦਿੱਤਾ ਤਾਂ ਸਾਲਾਂ ਤੱਕ ਫਾਈਲਾਂ ਦੱਬੀਆਂ ਰਹਿਣਗੀਆਂ। ਭਾਰਤੀ ਪੁਲਿਸ ਦੇ ਨੋਟਿਸ ਸਿਰਫ਼ ਕਾਗਜ਼ ਦੇ ਟੁਕੜੇ ਬਣ ਕੇ ਰਹਿ ਜਾਂਦੇ ਹਨ। ਪਰ ਦੁੱਖਦਾਈ ਪਹਿਲੂ ਇਹ ਹੈ ਕਿ ਹੁਣ ਇਹ ਖ਼ਤਰਾ ਸਿਰਫ਼ ਭਾਰਤ ਤੱਕ ਸੀਮਤ ਨਹੀਂ ਰਿਹਾ। ਇਨ੍ਹਾਂ ਗੈਂਗਸਟਰਾਂ ਨੇ ਅਮਰੀਕਾ ’ਚ ਸਥਾਨਕ ਦੁਕਾਨਦਾਰਾਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਆਪਣੇ ਨੈੱਟਵਰਕ ਦਾ ਇਸਤੇਮਾਲ ਕੋਕੀਨ ਤੇ ਖ਼ਤਰਨਾਕ ਫੈਂਟਾਨਿਲ ਵਰਗੇ ਨਸ਼ੀਲੇ ਪਦਾਰਥਾਂ ਨੂੰ ਫੈਲਾਉਣ ’ਚ ਕਰ ਰਹੇ ਹਨ।
ਡਿਜੀਟਲ ਗੁਮਨਾਮੀ ਤੇ ਨੌਜਵਾਨਾਂ ਦਾ ਬੇਰਹਿਮੀ ਨਾਲ ਇਸਤੇਮਾਲ
ਹਰਿਆਣਾ ਐੱਸਟੀਐੱਫਦੇ ਆਈਜੀ ਬੀ. ਸਤੀਸ਼ ਬਾਲਣ ਦਾ ਇਹ ਬਿਆਨ ਤੰਤਰ ਦੀ ਚੁਣੌਤੀ ਤੇ ਇਸ ਅਪਰਾਧ ਦੇ ਡਰਾਉਣਗੇ ਹਾਈਬ੍ਰਿਡ ਮਾਡਲ ਨੂੰ ਬਿਆਨ ਕਰਦਾ ਹੈ ਕਿ ਹੁਣ ਕਿਸੇ ਗੈਂਗਸਟਰ ਨੂੰ ਜਬਰੀ ਵਸੂਲੀ ਜਾਂ ਹੱਤਿਆ ਕਰਵਾਉਣ ਲਈ ਭਾਰਤ ’ਚ ਸਰੀਰਕ ਤੌਰ ’ਤੇ ਮੌਜੂਦ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਨੈੱਟਵਰਕ ਹੁਣ ਇਨਕ੍ਰਿਪਟਿਡ ਐਪਸ, ਕ੍ਰਿਪਟੋਕਰੰਸੀ ਤੇ ਵਿਦੇਸ਼ਾਂ ’ਚ ਬੈਠੇ ਹੈਂਡਲਰਸ ਜ਼ਰੀਏ ਚੱਲ ਰਿਹਾ ਹੈ। ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਇਸ ਖੂਨੀ ਖੇਡ ’ਚ ਭਾਰਤ ਦੇ ਮਾਸੂਮ ਤੇ ਘੱਟ ਉਮਰ ਦੇ ਨੌਜਵਾਨਾਂ ਨੂੰ ਵਰਗਲਾ ਕੇ ਮੋਹਰਾ ਬਣਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਲਗਾਤਾਰ ਇਨ੍ਹਾਂ ਅਪਰਾਧੀਆਂ ਦੀ ਹਵਾਲਗੀ ਦੀ ਮੰਗ ਕੀਤੀ ਹੈ, ਪਰ ਪੱਛਮੀ ਦੇਸ਼ਾਂ ਦੀਆਂ ਸੁਸਤ ਕਾਨੂੰਨੀ ਪੇਚੀਦਗੀਆਂ ਤੇ ਸ਼ਰਨਾਰਥੀਆਂ ਦੇ ਨਿਯਮ ਇਨ੍ਹਾਂ ਖੂੰਖਾਰ ਚਿਹਰਿਆਂ (ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਅਰਸ਼ ਡੱਲਾ) ਲਈ ਇਕ ਸੁਰੱਖਿਆ ਕਵਚ ਬਣ ਗਏ ਹਨ, ਜੋ ਆਲਮੀ ਸੁਰੱਖਿਆ ਲਈ ਇਕ ਵੱਡਾ ਨਾਸੂਰ ਹੈ।