Instagram 'ਤੇ ਫਾਲੋਅਰਜ਼ ਵਧਾਉਣ ਲਈ ਰੀਲ ਬਣਾ ਰਹੇ ਸਨ ਪੰਜ ਦੋਸਤ, ਦੋ ਹੜ੍ਹ ਦੇ ਪਾਣੀ ’ਚ ਰੁੜ੍ਹੇ
ਕਮਲ ਤੇ ਰਿੰਕੂ ਅੱਗੇ ਵੱਧਦੇ ਗਏ ਜਦਕਿ ਉਨ੍ਹਾਂ ਦੇ ਮਿੱਤਰ ਮੋਬਾਈਲ ਫੋਨ ਨਾਲ ਰੀਲਾਂ ਬਣਾਉਂਦੇ ਨਜ਼ਰੀਂ ਪਏ। ਨੌਜਵਾਨਾਂ ਨੂੰ ਦੇਖ ਕੇ ਕੁਝ ਲੋਕਾਂ ਨੇ ਪਿੱਛੇ ਹਟਣ ਲਈ ਕਿਹਾ ਪਰ ਉਨ੍ਹਾਂ ਨੇ ਗੱਲ ਨਜ਼ਰਅੰਦਾਜ਼ ਕਰ ਦਿੱਤੀ। ਇਸੇ ਦੌਰਾਨ ਅਚਾਨਕ ਕਮਲ ਤੇ ਰਿੰਕੂ ਦਾ ਪੈਰ ਤਿਲਕ ਗਿਆ ਤੇ ਉਹ ਪਾਣੀ ਦੇ ਵਹਾਅ ਵਿਚ ਡਿੱਗ ਪਏ,ਵਹਾਅ ਤੇਜ਼ ਹੋਣ ਕਾਰਨ ਉਹ ਦੋਵੇਂ ਰੁੜ੍ਹਦੇ ਰੁੜ੍ਹਦੇ 200 ਮੀਟਰ ਦੂਰ ਗਰਦਾ ਨਦੀ ਵਿਚ ਪੁੱਜ ਗਏ।
Publish Date: Sun, 07 Sep 2025 09:21 PM (IST)
Updated Date: Sun, 07 Sep 2025 09:25 PM (IST)
ਜਾਸ, ਸ਼ਾਹਜਹਾਂਪੁਰ : ਸ਼ੌਕ ਕਈ ਵਾਰ ਜਾਨਲੇਵਾ ਸਾਬਿਤ ਹੋ ਜਾਂਦਾ ਹੈ। ਇਵੇਂ ਹੀ ਦੋ ਦੋਸਤਾਂ ਨੂੰ ਅਹਿਸਾਸ ਤੱਕ ਨਹੀਂ ਸੀ ਕਿ ਪਾਣੀ ਤੇ ਅੱਗ ਵਿਚ ਘਿਰਣ ’ਤੇ ਕੁਝ ਨਹੀਂ ਸੁੱਝਦਾ ਹੁੰਦਾ। ਇਹੋ-ਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਦਿੱਲੀ-ਲਖਨਊ ਹਾਈਵੇ ਦੇ ਬਰੇਲੀ ਮੋੜ ਸਮੇਤ ਕਈ ਹਿੱਸਿਆਂ ਵਿਚ ਹੜ੍ਹ ਆਏ ਹੋਏ ਹਨ। ਇਸ ਦੌਰਾਨ ਕਮਲ, ਰਿੰਕੂ ਅਤੇ ਉਨ੍ਹਾਂ ਦੇ ਮਿੱਤਰ ਬਰਜੇਸ਼, ਵੀਰੇਂਦਰ ਤੇ ਛੋਟੂ ਐਤਵਾਰ ਨੂੰ ਰਿੰਗ ਰੋਡ ’ਤੇ ਪੁੱਜ ਗਏ। ਮੌਕੇ ਦੇ ਗਵਾਹਾਂ ਮੁਤਾਬਕ ਸ਼ਾਮ 5 ਵਜੇ ਪੰਜੇ ਦੋਸਤ ਅੱਧੀ ਕਿੱਲੋਮੀਟਰ ਦੂਰ ਆਪਣੀ-ਆਪਣੀ ਬਾਈਕ ਖੜ੍ਹੀ ਕਰ ਕੇ ਰਿੰਗ ਰੋਡ ’ਤੇ ਹੜ੍ਹ ਦੇ ਪਾਣੀ ਵਿਚ ਉੱਤਰ ਗਏ।
ਕਮਲ ਤੇ ਰਿੰਕੂ ਅੱਗੇ ਵੱਧਦੇ ਗਏ ਜਦਕਿ ਉਨ੍ਹਾਂ ਦੇ ਮਿੱਤਰ ਮੋਬਾਈਲ ਫੋਨ ਨਾਲ ਰੀਲਾਂ ਬਣਾਉਂਦੇ ਨਜ਼ਰੀਂ ਪਏ। ਨੌਜਵਾਨਾਂ ਨੂੰ ਦੇਖ ਕੇ ਕੁਝ ਲੋਕਾਂ ਨੇ ਪਿੱਛੇ ਹਟਣ ਲਈ ਕਿਹਾ ਪਰ ਉਨ੍ਹਾਂ ਨੇ ਗੱਲ ਨਜ਼ਰਅੰਦਾਜ਼ ਕਰ ਦਿੱਤੀ। ਇਸੇ ਦੌਰਾਨ ਅਚਾਨਕ ਕਮਲ ਤੇ ਰਿੰਕੂ ਦਾ ਪੈਰ ਤਿਲਕ ਗਿਆ ਤੇ ਉਹ ਪਾਣੀ ਦੇ ਵਹਾਅ ਵਿਚ ਡਿੱਗ ਪਏ,ਵਹਾਅ ਤੇਜ਼ ਹੋਣ ਕਾਰਨ ਉਹ ਦੋਵੇਂ ਰੁੜ੍ਹਦੇ ਰੁੜ੍ਹਦੇ 200 ਮੀਟਰ ਦੂਰ ਗਰਦਾ ਨਦੀ ਵਿਚ ਪੁੱਜ ਗਏ।
ਬਰਜੇਸ਼, ਵੀਰੇਂਦਰ ਤੇ ਛੋਟੂ ਪਾਣੀ ਵਿਚ ਕੁੱਦੇ ਤਾਂ ਪਿੰਡ ਦੇ ਲੋਕਾਂ ਨੇ ਉਥੇ ਹੀ ਰੋਕ ਲਏ। ਇਸੇ ਚੀਕ-ਪੁਕਾਰ ਦੌਰਾਨ ਪੁਲਿਸ ਮੁਲਾਜ਼ਮ ਵੀ ਉਥੇ ਪੁੱਜ ਗਏ। ਸ਼ਾਹਜਹਾਂਪੁਰ ਦੇ ਐੱਸਪੀ ਰਾਜੇਸ਼ ਦਿਵੇਦੀ ਨੇ ਖੜ੍ਹੇ ਪੈਰ ਐੱਸਡੀਆਰਐੱਫ ਦੀਆਂ ਟੀਮਾਂ ਨੂੰ ਸੱਦ ਕੇ ਭਾਲ ਕਰਵਾਈ ਪਰ ਟੀਮਾਂ ਖਾਲੀ ਹੱਥ ਪਾਣੀ ਤੋਂ ਬਾਹਰ ਆ ਗਈਆਂ।
ਹਾਦਸੇ ਮਗਰੋਂ ਪੁਲਿਸ ਨੇ ਰਿੰਗ ਰੋਡ ਦੇ ਦੋਵਾਂ ਪਾਸੇ ਬੈਰੀਅਰ ਲਗਾਏ ਸਨ। ਦੇਰ ਸ਼ਾਮ ਕਮਲ ਤੇ ਰਿੰਕੂ ਦੇ ਪਰਿਵਾਰਕ ਮੈਂਬਰ ਵੀ ਪੁੱਜ ਗਏ। ਉਨ੍ਹਾਂ ਦੱਸਿਆ ਕਿ ਸਾਰੀ ਮਿੱਤਰ ਮੰਡਲੀ ਨੂੰ ਫੇਸਬੁੱਕ ਤੇ ਇੰਸਟਾ ਉੱਤੇ ਰੀਲਾਂ ਪਾਉਣ ਦੀ ਲਤ ਲੱਗੀ ਹੋਈ ਸੀ। ਉਹ ਮੀਂਹ ਤੇ ਹੜ੍ਹਾਂ ਵਿਚ ਰੀਲ ਬਣਾਉਣ ਜਾ ਰਹੇ ਸਨ ਪਰ ਇਸ ਹਸ਼ਰ ਬਾਰੇ ਆਗ਼ਾਹ ਨਹੀਂ ਸਨ।