- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਜੰਸੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਤ ਇਕ ਚੈਟਬੋਟ ‘ਅਭਯ’ ਪੇਸ਼ ਕਰਨ ਜਾ ਰਹੀ ਹੈ ਜੋ ਲੋਕਾਂ ਨੂੰ ਇਹ ਪਛਾਣਨ ਵਿਚ ਮਦਦ ਕਰੇਗਾ ਕਿ ਉਨ੍ਹਾਂ ਕੋਲ ਆਇਆ ਨੋਟਿਸ ਅਸਲੀ ਹੈ ਜਾਂ ਕਿਸੇ ਜਾਅਲਸਾਜ਼ ਦਾ ਬੁਣਿਆ ਹੋਇਆ ਝੂਠ।

ਨਵੀਂ ਦਿੱਲੀ (ਪੀਟੀਆਈ) : ਸਾਈਬਰ ਠੱਗਾਂ ਦੇ ‘ਡਿਜੀਟਲ ਅਰੈਸਟ’ ਦੇ ਖੌਫ਼ਨਾਕ ਜਾਲ ’ਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਅਤੇ ਮਾਨਸਿਕ ਸ਼ਾਂਤੀ ਗੁਆ ਚੁੱਕੇ ਆਮ ਨਾਗਰਿਕਾਂ ਲਈ ਰਾਹਤ ਭਰੀ ਖ਼ਬਰ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਸ ‘ਸਾਈਬਰ ਮਹਾਮਾਰੀ’ ਨਾਲ ਲੜਨ ਲਈ ਇਕ ਨਵਾਂ ਕਦਮ ਚੁੱਕਿਆ ਹੈ। ਏਜੰਸੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਤ ਇਕ ਚੈਟਬੋਟ ‘ਅਭਯ’ ਪੇਸ਼ ਕਰਨ ਜਾ ਰਹੀ ਹੈ ਜੋ ਲੋਕਾਂ ਨੂੰ ਇਹ ਪਛਾਣਨ ਵਿਚ ਮਦਦ ਕਰੇਗਾ ਕਿ ਉਨ੍ਹਾਂ ਕੋਲ ਆਇਆ ਨੋਟਿਸ ਅਸਲੀ ਹੈ ਜਾਂ ਕਿਸੇ ਜਾਅਲਸਾਜ਼ ਦਾ ਬੁਣਿਆ ਹੋਇਆ ਝੂਠ।
‘ਅਭਯ’ : ਡਿਜੀਟਲ ਜਾਅਲਸਾਜ਼ਾਂ ਦਾ ਕਾਲ
ਇਸ ਤਕਨੀਕ ਆਧਾਰਤ ਸੁਰੱਖਿਆ ਕਵਚ ਦਾ ਉਦਘਾਟਨ ਸੋਮਵਾਰ ਨੂੰ ਹੋਵੇਗਾ। ਸੀਬੀਆਈ ਦੇ ਸੰਸਥਾਪਕ ਡਾਇਰੈਕਟਰ ਡੀਪੀ ਕੋਹਲੀ ਦੀ ਯਾਦ ਵਿਚ ਕਰਵਾਏ ਗਏ 22ਵੇਂ ‘ਡੀਪੀ ਕੋਹਲੀ ਮੈਮੋਰੀਅਲ ਲੈਕਚਰ’ ਦੌਰਾਨ ਭਾਰਤ ਦੇ ਚੀਫ ਜਸਟਿਸ (ਸੀਜੇਆਈ) ਸੂਰਿਆਕਾਂਤ ‘ਅਭਯ’ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਸੀਬੀਆਈ ਦੇ ਬੁਲਾਰੇ ਨੇ ਗੰਭੀਰ ਸਥਿਤੀ ਨੂੰ ਸਾਂਝਾ ਕਰਦੇ ਹੋਏ ਦੱਸਿਆ, ‘ਕਈ ਮਾਮਲਿਆਂ ਵਿਚ ਇਹ ਵੇਖਿਆ ਗਿਆ ਹੈ ਕਿ ਜਾਅਲਸਾਜ਼ ਸੀਬੀਆਈ ਅਧਿਕਾਰੀ ਬਣ ਕੇ ਫ਼ਰਜ਼ੀ ਨੋਟਿਸ ਦਿਖਾਉਂਦੇ ਹਨ। ਉਹ ਲੋਕਾਂ ਨੂੰ ਡਿਜੀਟਲ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਬੰਧਕ ਬਣਾ ਲੈਂਦੇ ਹਨ ਅਤੇ ਕਰੋੜਾਂ ਰੁਪਏ ਦੀ ਗ਼ੈਰ-ਕਾਨੂੰਨੀ ਵਸੂਲੀ ਕਰਦੇ ਹਨ।’ ਇਹ ਚੈਟਬੋਟ ਇਸ ਡਰ ਨੂੰ ਖਤਮ ਕਰਨ ਦਾ ‘ਮਜ਼ਬੂਤ ਹਥਿਆਰ’ ਸਾਬਤ ਹੋਵੇਗਾ ਜਿਸ ਨਾਲ ਆਮ ਨਾਗਰਿਕ ਕੁਝ ਪਲਾਂ ਵਿਚ ਨੋਟਿਸ ਦੀ ਸੱਚਾਈ ਦੀ ਜਾਂਚ ਕਰ ਸਕਣਗੇ।
ਨਿਆਂ ਦੀ ਮਸ਼ਾਲ ਤੇ ਇਕ ਮਹਾਨ ਵਿਰਾਸਤ
ਸਾਈਬਰ ਅਪਰਾਧ ਦੀ ਭਿਆਨਕਤਾ ਕਿੰਨੀ ਵਿਕਰਾਲ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਲ ਹੀ ਵਿਚ ਸੁਪਰੀਮ ਕੋਰਟ ਨੇ ਇਸ ਨੂੰ ‘ਲੁੱਟ ਜਾਂ ਡਕੈਤੀ’ ਕਰਾਰ ਦਿੱਤਾ ਹੈ। ਕੋਰਟ ਨੇ ਚਿੰਤਾ ਪ੍ਰਗਟਾਈ ਕਿ ਸਾਈਬਰ ਅਪਰਾਧੀਆਂ ਨੇ ਦੇਸ਼ ਨੂੰ 54 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਇਆ ਹੈ। ਸੀਬੀਆਈ ਦਾ ਇਹ ਕਦਮ ਸਿਰਫ ਤਕਨੀਕ ਦਾ ਪ੍ਰਸਾਰ ਨਹੀਂ ਸਗੋਂ ਇਕ ਮਹਾਨ ਵਿਰਾਸਤ ਨੂੰ ਸਨਮਾਨ ਦੇਣਾ ਵੀ ਹੈ। 1963 ਵਿਚ ਸੀਬੀਆਈ ਦੇ ਪਹਿਲੇ ਡਾਇਰੈਕਟਰ ਬਣੇ ਡੀਪੀ ਕੋਹਲੀ ਨੇ ਜਿਹੜੀ ਨੀਂਹ ਰੱਖੀ ਸੀ, ਉਸ ਨੂੰ ਅੱਜ ਵੀ ਕਾਨੂੰਨ ਤੇ ਨਿਆਂ ਦੀਆਂ ਕਦਰਾਂ-ਕੀਮਤਾਂ ਨਾਲ ਸਿੰਜਿਆ ਜਾ ਰਿਹਾ ਹੈ। ਇਹ ਮੈਮੋਰੀਅਲ ਲੈਕਚਰ ਪੁਲਿਸਿੰਗ ਤੇ ਨਿਆਂਕਾਰੀ ਚੁਣੌਤੀਆਂ ’ਤੇ ਵਿਚਾਰ-ਚਰਚਾ ਦਾ ਇਕ ਅਜਿਹਾ ਮੰਚ ਹੈ ਜਿਹੜਾ ਆਧੁਨਿਕ ਯੁੱਗ ਵਿਚ ਜਵਾਬਦੇਹੀ ਤੇ ਸੁਰੱਖਿਆ ਦੇ ਸੰਕਲਪ ਨੂੰ ਨਵੀਂ ਦਿਸ਼ਾ ਦਿੰਦਾ ਹੈ। ਹੁਣ ‘ਅਭਯ’ ਦੇ ਨਾਲ ਦੇਸ਼ ਦੇ ਨਾਗਰਿਕ ਆਪਣੇ ਆਪ ਨੂੰ ਡਿਜੀਟਲ ਠੱਗਾਂ ਤੋਂ ਸੁਰੱਖਿਅਤ ਮਹਿਸੂਸ ਕਰ ਸਕਣਗੇ।