'ਚਾਰ-ਪੰਜ ਹੋਰ ਕਰ ਸਕਦੇ ਹਾਂ...', ਹਰਿਆਣਾ 'ਚ 10 ਬੱਚੇ ਪੈਦਾ ਕਰਨ ਵਾਲੇ ਪਿਤਾ ਦਾ ਬਿਆਨ; ਮਜ਼ਦੂਰੀ ਕਰ ਕੇ ਚੱਲਦਾ ਹੈ ਘਰ
ਹਰਿਆਣਾ ਦੇ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਘਰ ਕੁੱਲ ਦਸ ਧੀਆਂ ਸਨ, ਜਿਨ੍ਹਾਂ ਵਿਚੋਂ ਇਕ ਧੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਦਸਵੀਂ ਸੰਤਾਨ ਵਜੋਂ ਪੁੱਤਰ ਦਾ ਜਨਮ ਹੋਇਆ ਹੈ।
Publish Date: Wed, 21 Jan 2026 03:40 PM (IST)
Updated Date: Wed, 21 Jan 2026 03:46 PM (IST)
ਜਾਗਰਣ ਸੰਵਾਦਦਾਤਾ, ਜੀਂਦ : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਖੇਤਰ ਵਿੱਚ ਨੌਂ ਧੀਆਂ ਤੋਂ ਬਾਅਦ ਇੱਕ ਪੁੱਤਰ ਦੇ ਜਨਮ ਨਾਲ ਪਰਿਵਾਰ ਅਤੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਪਰਿਵਾਰ ਨੇ ਨਵਜੰਮੇ ਪੁੱਤਰ ਦਾ ਨਾਮ 'ਦਿਲਖੁਸ਼' ਰੱਖਿਆ ਹੈ। ਪੁੱਤਰ ਦੇ ਜਨਮ 'ਤੇ ਪਰਿਵਾਰ ਵਾਲਿਆਂ ਨੇ ਜਸ਼ਨ ਮਨਾਇਆ ਅਤੇ ਮਿਠਾਈਆਂ ਵੰਡੀਆਂ।
ਪਰਿਵਾਰ ਅਨੁਸਾਰ, ਪਹਿਲਾਂ ਉਹਨਾਂ ਦੇ ਘਰ ਕੁੱਲ ਦਸ ਧੀਆਂ ਸਨ, ਜਿਨ੍ਹਾਂ ਵਿਚੋਂ ਇਕ ਧੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਦਸਵੀਂ ਸੰਤਾਨ ਵਜੋਂ ਪੁੱਤਰ ਦਾ ਜਨਮ ਹੋਇਆ ਹੈ। ਲੰਬੇ ਸਮੇਂ ਤੋਂ ਪੁੱਤਰ ਦੀ ਆਸ ਲਗਾਈ ਬੈਠੇ ਪਰਿਵਾਰ ਲਈ ਇਹ ਪਲ ਬੇਹੜ ਭਾਵੁਕ ਅਤੇ ਖ਼ੁਸ਼ੀ ਭਰਿਆ ਰਿਹਾ।
'ਅੱਗੇ ਹੋਰ ਬੱਚੇ ਕਰਨ ਦੀ ਵੀ ਪਲਾਨਿੰਗ'
ਨਵਜੰਮੇ ਦੇ ਪਿਤਾ ਸੁਰਿੰਦਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਪਰਮਾਤਮਾ 'ਤੇ ਪੂਰਾ ਭਰੋਸਾ ਸੀ। ਧੀਆਂ ਦਾ ਅਸੀਂ ਹਮੇਸ਼ਾ ਮਾਣ-ਸਤਿਕਾਰ ਰੱਖਿਆ। ਕਰਦੇ-ਕਰਦੇ ਬੱਚੇ ਜ਼ਿਆਦਾ ਹੋ ਗਏ, ਪਰ ਅੱਜ ਪਰਮਾਤਮਾ ਨੇ ਸਾਡੀ ਆਸ ਪੂਰੀ ਕਰ ਦਿੱਤੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਪੁੱਤਰ ਨਾ ਹੁੰਦਾ ਤਾਂ ਕੀ ਕਰਦੇ, ਤਾਂ ਉਹਨਾਂ ਕਿਹਾ ਕਿ ਫਿਰ ਆਪਰੇਸ਼ਨ ਕਰਵਾ ਦਿੰਦੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅੱਗੇ ਚਾਰ-ਪੰਜ ਬੱਚੇ ਹੋਰ ਵੀ ਹੋ ਸਕਦੇ ਹਨ, ਸਭ ਕੁਝ ਪਰਮਾਤਮਾ ਦੇ ਹੱਥ ਹੈ।
ਪਰਿਵਾਰ ਦੇ ਪਾਲਣ-ਪੋਸ਼ਣ ਬਾਰੇ ਸੁਰਿੰਦਰ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਦੇ ਹਨ ਅਤੇ ਜਿਵੇਂ-ਤਿਵੇਂ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੁੱਖਾ-ਸੁੱਖਾ ਖਾ ਕੇ ਵੀ ਬੱਚੇ ਪਾਲੇ ਹਨ, ਅੱਗੇ ਵੀ ਪਾਲ ਲਵਾਂਗੇ।