ਪਰਲ ਗਰੁੱਪ 'ਤੇ ਈਡੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ: 10,000 ਕਰੋੜ ਦੀਆਂ ਜਾਇਦਾਦਾਂ ਕੁਰਕ
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਇਦਾਦ ਦੇ ਮੁੱਲ ਅਤੇ ਗਿਣਤੀ ਦੇ ਹਿਸਾਬ ਨਾਲ ਇਹ ਸੰਭਵ ਤੌਰ ’ਤੇ ਏਜੰਸੀ ਵੱਲੋਂ ਜਾਰੀ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ ਕੁਰਕੀ ਆਦੇਸ਼ ਹੈ। ਈਡੀ ਦੀ ਜਾਂਚ ਫਰਵਰੀ 2014 ਵਿਚ ਸੀਬੀਆਈ ਵੱਲੋਂ ਪੀਏਸੀਐੱਲ ਲਿਮਟਿਡ, ਇਸ ਦੇ ਮਰਹੂਮ ਫਾਊਂਡਰ ਨਿਰਮਲ ਭੰਗੂ ਅਤੇ ਕੁਝ ਹੋਰ ਲੋਕਾਂ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਨਾਲ ਸੰਬੰਧਿਤ ਹੈ।
Publish Date: Thu, 19 Feb 2026 08:32 AM (IST)
Updated Date: Thu, 19 Feb 2026 08:35 AM (IST)
ਨਵੀਂ ਦਿੱਲੀ (ਪੀਟੀਆਈ) : ਈਡੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਚੰਡੀਗੜ੍ਹ ਸਥਿਤ ਪੀਏਸੀਐੱਲ (ਪਰਲ ਗਰੁੱਪ) ਖ਼ਿਲਾਫ਼ ਮਨੀ ਲਾਂਡ੍ਰਿੰਗ ਦੀ ਜਾਂਚ ਤਹਿਤ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ 247 ਅਸਥਾਈ ਜਾਇਦਾਦਾਂ ਕੁਰਕ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ ਕੁਰਕੀ ਆਦੇਸ਼ ਹੈ। ਇਸ ਗਰੁੱਪ ’ਤੇ 48 ਹਜ਼ਾਰ ਕਰੋੜ ਰੁਪਏ ਦੀ ਪੋਂਜੀ ਯੋਜਨਾ ਨੂੰ ਅੰਜਾਮ ਦੇਣ ਦਾ ਦੋਸ਼ ਹੈ।
ਈਡੀ ਦੇ ਬਿਆਨ ਮੁਤਾਬਕ, ਪੀਐੱਮਐੱਲਏ ਤਹਿਤ ਅਸਥਾਈ ਤੌਰ ’ਤੇ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਪੰਜਾਬ ਦੇ ਐੱਸਏਐੱਸ ਨਗਰ (ਮੋਹਾਲੀ), ਰੂਪਨਗਰ ਅਤੇ ਜੀਰਕਪੁਰ ਵਿਚ ਸਥਿਤ ਹਨ। ਕੁਰਕ ਕੀਤੀਆਂ ਗਈਆਂ 247 ਜਾਇਦਾਦਾਂ ਦੀ ਪਛਾਣ ਨਿਵੇਸ਼ਕਾਂ ਦੇ ਪੈਸੇ ਨਾਲ ਖਰੀਦੀਆਂ ਗਈਆਂ ਜਾਇਦਾਦਾਂ ਵਜੋਂ ਕੀਤੀ ਗਈ ਹੈ, ਜੋ ਅਪਰਾਧ ਦੀ ਆਮਦਨ ਦਾ ਹਿੱਸਾ ਹਨ। ਇਨ੍ਹਾਂ ਦੀ ਕੀਮਤ 10,021.46 ਕਰੋੜ ਰੁਪਏ ਮਿੱਥੀ ਗਈ ਹੈ। ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਇਦਾਦ ਦੇ ਮੁੱਲ ਅਤੇ ਗਿਣਤੀ ਦੇ ਹਿਸਾਬ ਨਾਲ ਇਹ ਸੰਭਵ ਤੌਰ ’ਤੇ ਏਜੰਸੀ ਵੱਲੋਂ ਜਾਰੀ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ ਕੁਰਕੀ ਆਦੇਸ਼ ਹੈ। ਈਡੀ ਦੀ ਜਾਂਚ ਫਰਵਰੀ 2014 ਵਿਚ ਸੀਬੀਆਈ ਵੱਲੋਂ ਪੀਏਸੀਐੱਲ ਲਿਮਟਿਡ, ਇਸ ਦੇ ਮਰਹੂਮ ਫਾਊਂਡਰ ਨਿਰਮਲ ਭੰਗੂ ਅਤੇ ਕੁਝ ਹੋਰ ਲੋਕਾਂ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਨਾਲ ਸੰਬੰਧਿਤ ਹੈ।