ਇਹ ਮਾਮਲਾ ਈਡੀ ਦੇ ਚੰਡੀਗੜ੍ਹ ਜ਼ੋਨ ਵਿੱਚ ਦਰਜ ਕੀਤਾ ਗਿਆ ਸੀ। ਏਜੰਸੀ ਨੇ ਕਈ ਮਹੀਨਿਆਂ ਤੱਕ ਬੈਂਕਿੰਗ ਲੈਣ-ਦੇਣ, ਕੰਪਨੀਆਂ ਅਤੇ ਵਿੱਤੀ ਦਸਤਾਵੇਜ਼ਾਂ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਹੁਣ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਕਥਿਤ ਵਿੱਤੀ ਬੇਨਿਯਮੀਆਂ ਅਤੇ ਪੈਸੇ ਦੇ ਲੈਣ-ਦੇਣ ਦੀਆਂ ਪਰਤਾਂ ਫਰੋਲ ਰਹੀ ਹੈ।

ਜਾਸ, ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ 'ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਇੱਕ ਹੋਰ 'ਆਪ' ਆਗੂ ਖ਼ਿਲਾਫ਼ ਐਕਸ਼ਨ ਹੋਇਆ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 100 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ ਆਮ ਆਦਮੀ ਪਾਰਟੀ (AAP) ਦੇ ਆਗੂ ਦੀਪਕ ਸਿੰਗਲਾ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਸੋਮਵਾਰ ਸਵੇਰੇ ਦਿੱਲੀ ਅਤੇ ਗੋਆ ਸਮੇਤ ਕਈ ਟਿਕਾਣਿਆਂ 'ਤੇ ਈਡੀ ਦੀਆਂ ਟੀਮਾਂ ਨੇ ਇੱਕੋ ਸਮੇਂ ਛਾਪੇਮਾਰੀ ਕੀਤੀ।
ਪੂਰਬੀ ਦਿੱਲੀ 'ਚ 'ਆਪ' ਆਗੂ ਦੇ ਘਰ ਛਾਪਾ
ਪੂਰਬੀ ਦਿੱਲੀ ਦੇ ਸਵਾਸਥ ਵਿਹਾਰ ਸਥਿਤ ਦੀਪਕ ਸਿੰਗਲਾ ਦੀ ਰਿਹਾਇਸ਼ 'ਤੇ ਵੀ ਈਡੀ ਦੀ ਕਾਰਵਾਈ ਜਾਰੀ ਹੈ। ਮੌਕੇ 'ਤੇ ਅਰਧ-ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਘਰ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਅਧਿਕਾਰੀਆਂ ਦੀ ਟੀਮ ਅੰਦਰ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਰਿਕਾਰਡਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਸੂਤਰਾਂ ਅਨੁਸਾਰ, ਇਹ ਮਾਮਲਾ ਈਡੀ ਦੇ ਚੰਡੀਗੜ੍ਹ ਜ਼ੋਨ ਵਿੱਚ ਦਰਜ ਕੀਤਾ ਗਿਆ ਸੀ। ਏਜੰਸੀ ਨੇ ਕਈ ਮਹੀਨਿਆਂ ਤੱਕ ਬੈਂਕਿੰਗ ਲੈਣ-ਦੇਣ, ਕੰਪਨੀਆਂ ਅਤੇ ਵਿੱਤੀ ਦਸਤਾਵੇਜ਼ਾਂ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਹੁਣ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਕਥਿਤ ਵਿੱਤੀ ਬੇਨਿਯਮੀਆਂ ਅਤੇ ਪੈਸੇ ਦੇ ਲੈਣ-ਦੇਣ ਦੀਆਂ ਪਰਤਾਂ ਫਰੋਲ ਰਹੀ ਹੈ।
ਪਿਛਲੇ ਸਾਲ ਵੀ ਕੀਤੀ ਗਈ ਸੀ ਛਾਪੇਮਾਰੀ
ਜਾਣਕਾਰੀ ਮੁਤਾਬਕ, ਛਾਪੇਮਾਰੀ ਦੌਰਾਨ ਬੈਂਕ ਖਾਤਿਆਂ, ਜਾਇਦਾਦਾਂ, ਡਿਜੀਟਲ ਡਿਵਾਈਸਾਂ ਅਤੇ ਕਾਰੋਬਾਰੀ ਲੈਣ-ਦੇਣ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਥਿਤ ਧੋਖਾਧੜੀ ਦੀ ਰਕਮ ਦਾ ਇਸਤੇਮਾਲ ਕਿੱਥੇ ਅਤੇ ਕਿਹੜੇ ਸਾਧਨਾਂ ਰਾਹੀਂ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਵੀ ਦੀਪਕ ਸਿੰਗਲਾ ਦੇ ਟਿਕਾਣਿਆਂ 'ਤੇ ਜਾਂਚ ਏਜੰਸੀਆਂ ਨੇ ਛਾਪੇਮਾਰੀ ਕੀਤੀ ਸੀ। ਹੁਣ ਇੱਕ ਵਾਰ ਫਿਰ ਈਡੀ ਦੀ ਕਾਰਵਾਈ ਨੇ ਸਿਆਸੀ ਅਤੇ ਕਾਰੋਬਾਰੀ ਹਲਕਿਆਂ ਵਿੱਚ ਹਲਚਲ ਵਧਾ ਦਿੱਤੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਈਡੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਵੱਲੋਂ ਵੀ ਇਸ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।