- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Odd News : ਪੂਰਾ ਮਾਮਲਾ ਸਿਸਟਮ 'ਤੇ ਸਵਾਲ ਖੜ੍ਹੇ ਕਰਦਾ ਹੈ। ਗੱਲ ਵਧਣ ਕਾਰਨ ਹੁਣ ਉੱਚ ਅਧਿਕਾਰੀਆਂ ਦੇ ਦਬਾਅ 'ਤੇ ਦੁਬਾਰਾ ਜਾਂਚ ਸ਼ੁਰੂ ਹੋਈ ਹੈ। ਅਸਲੀ ਕਹਾਣੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਡਿਜੀਟਲ ਡੈਸਕ, ਰਾਂਚੀ : ਝਾਰਖੰਡ 'ਚ ਚੂਹਿਆਂ ਦੀ 'ਨਸ਼ੇ ਦੀ ਲਤ' ਹੁਣ ਸੁਰਖੀਆਂ ਬਟੋਰ ਰਹੀ ਹੈ। ਕਦੇ ਪੁਲਿਸ ਥਾਣੇ 'ਚ ਰੱਖਿਆ ਗਾਂਜਾ ਚਟ ਕਰ ਜਾਂਦੇ ਹਨ ਤਾਂ ਕਦੇ ਸ਼ਰਾਬ ਦੀਆਂ ਬੋਤਲਾਂ ਗਟਕ ਜਾਂਦੇ ਹਨ। ਇਹ ਕੋਈ ਮਜ਼ਾਕ ਨਹੀਂ, ਸਗੋਂ ਅਸਲ ਘਟਨਾਵਾਂ ਹਨ, ਜਿਨ੍ਹਾਂ ਵਿਚ ਪੁਲਿਸ ਅਤੇ ਸ਼ਰਾਬ ਕਾਰੋਬਾਰੀਆਂ ਨੇ ਗਾਇਬ ਹੋਏ ਨਸ਼ੀਲੇ ਪਦਾਰਥਾਂ ਦਾ ਭਾਂਡਾ ਚੂਹਿਆਂ ਦੇ ਸਿਰ ਭੰਨਿਆ ਹੈ। ਨਤੀਜਾ ਕੋਰਟ 'ਚ ਮੁਲਜ਼ਮ ਬਰੀ।
ਪੂਰਾ ਮਾਮਲਾ ਸਿਸਟਮ 'ਤੇ ਸਵਾਲ ਖੜ੍ਹੇ ਕਰਦਾ ਹੈ। ਗੱਲ ਵਧਣ ਕਾਰਨ ਹੁਣ ਉੱਚ ਅਧਿਕਾਰੀਆਂ ਦੇ ਦਬਾਅ 'ਤੇ ਦੁਬਾਰਾ ਜਾਂਚ ਸ਼ੁਰੂ ਹੋਈ ਹੈ। ਅਸਲੀ ਕਹਾਣੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਾਲ 2022 'ਚ ਓਰਮਾਂਝੀ ਪੁਲਿਸ ਨੇ ਇਕ ਬੋਲੈਰੋ ਗੱਡੀ 'ਚੋਂ ਕਰੀਬ 200 ਕਿਲੋ ਗਾਂਜਾ (ਕੀਮਤ ਲਗਪਗ 1 ਕਰੋੜ ਰੁਪਏ) ਬਰਾਮਦ ਕੀਤਾ ਸੀ। ਮੁਲਜ਼ਮ ਇੰਦਰਜੀਤ ਰਾਏ ਉਰਫ ਅਨੁਰਜੀਤ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਉਸਦੇ ਦੋ ਸਾਥੀ ਫਰਾਰ ਹੋ ਗਏ।
ਮਾਮਲਾ ਕੋਰਟ 'ਚ ਚੱਲਿਆ, ਪਰ ਜਦੋਂ ਸਬੂਤ ਪੇਸ਼ ਕਰਨ ਦੀ ਵਾਰੀ ਆਈ ਤਾਂ ਪੁਲਿਸ ਨੇ ਚੌਕਾ ਦੇਣ ਵਾਲਾ ਦਾਅਵਾ ਕੀਤਾ। ਥਾਣੇ ਦੇ ਮਾਲਖਾਨੇ 'ਚ ਰੱਖਿਆ ਗਾਂਜਾ ਚੂਹਿਆਂ ਨੇ ਕੁਤਰ-ਕੁਤਰ ਕੇ ਖਾ ਲਿਆ। ਪੁਲਿਸ ਨੇ ਕੋਰਟ ਨੂੰ ਲਿਖਤੀ ਰਿਪੋਰਟ ਦਿੱਤੀ ਕਿ ਹੁਣ ਸਬੂਤ ਵਜੋਂ ਗਾਂਜਾ ਉਪਲਬਧ ਨਹੀਂ ਹੈ।
19 ਦਸੰਬਰ 2025 ਨੂੰ ਰਾਂਚੀ ਦੀ ਸਪੈਸ਼ਲ NDPS ਕੋਰਟ ਨੇ ਪੁਲਿਸ ਦੀ ਇਸ ਰਿਪੋਰਟ ਅਤੇ ਹੋਰ ਖਾਮੀਆਂ (ਜਿਵੇਂ ਗਵਾਹਾਂ ਦੇ ਬਿਆਨਾਂ 'ਚ ਵਿਰੋਧਾਭਾਸ, ਜ਼ਬਤੀ ਪ੍ਰਕਿਰਿਆ 'ਚ ਲਾਪਰਵਾਹੀ) ਨੂੰ ਦੇਖਦੇ ਹੋਏ ਮੁਲਜ਼ਮ ਨੂੰ ਬਰੀ ਕਰ ਦਿੱਤਾ। ਕੋਰਟ ਨੇ ਕਿਹਾ ਕਿ ਪੁਲਿਸ ਦੋਸ਼ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ। ਇਸ ਫੈਸਲੇ ਨੇ ਪੁਲਿਸ ਦੀ ਮਾਲਖਾਨਾ ਸੁਰੱਖਿਆ ਅਤੇ ਕਾਰਜ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਝਾਰਖੰਡ ਦੇ ਚੂਹੇ ਇੱਥੇ ਹੀ ਨਹੀਂ ਰੁਕੇ। ਇਸੇ ਸਾਲ ਜੁਲਾਈ 'ਚ ਧਨਬਾਦ ਦੇ ਬਲਿਆਪੁਰ ਅਤੇ ਪ੍ਰਧਾਨਖੰਤਾ ਸ਼ਰਾਬ ਦੀਆਂ ਦੁਕਾਨਾਂ 'ਚ ਸਟਾਕ ਚੈਕਿੰਗ ਦੌਰਾਨ ਅੰਗਰੇਜ਼ੀ ਸ਼ਰਾਬ ਦੀਆਂ 802 ਬੋਤਲਾਂ ਘੱਟ ਪਾਈਆਂ ਗਈਆਂ। ਕੁਝ ਬੋਤਲਾਂ ਪੂਰੀ ਤਰ੍ਹਾਂ ਖਾਲੀ ਸਨ, ਕੁਝ ਅੱਧੀਆਂ ਤੇ ਢੱਕਣਾਂ 'ਚ ਛੇਦ ਸਨ।
ਦੁਕਾਨ ਸੰਚਾਲਕਾਂ ਦਾ ਦਾਅਵਾ? ਚੂਹਿਆਂ ਨੇ ਢੱਕਣ ਕੁਤਰ ਕੇ ਸ਼ਰਾਬ ਪੀ ਲਈ। ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਚੂਹੇ ਬੋਤਲਾਂ ਦੇ ਢੱਕਣ ਚਬਾਉਂਦੇ, ਫਿਰ ਪੂਛ ਪਾ ਕੇ ਸ਼ਰਾਬ ਭਿਉਂਦੇ ਤੇ ਚੱਟਦੇ ਜਾਂਦੇ। ਵਿਭਾਗੀ ਜਾਂਚ 'ਚ ਇਹ ਦਾਅਵਾ ਰੱਦ ਕਰ ਦਿੱਤਾ ਗਿਆ ਤੇ ਸੰਚਾਲਕਾਂ ਤੋਂ ਨੁਕਸਾਨ ਦੀ ਭਰਪਾਈ ਮੰਗੀ ਗਈ।
ਜਦੋਂ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਤਾਂ ਪਤਾ ਲੱਗਿਆ ਕਿ ਚੂਹਿਆਂ ਦਾ ਕੋਈ ਦੋਸ਼ ਨਹੀਂ ਸੀ, ਇਹ ਮਨੁੱਖੀ ਲਾਪਰਵਾਹੀ ਜਾਂ ਘਪਲਾ ਸੀ। ਇਸ ਮਾਮਲੇ ਨੂੰ ਸਥਾਨਕ ਪ੍ਰਸ਼ਾਸਨ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਧਿਆਨ ਦੇਣ ਯੋਗ ਹੈ ਕਿ ਧਨਬਾਦ ਵਿੱਚ ਪਹਿਲਾਂ ਵੀ ਚੂਹੇ 'ਨਸ਼ੇੜੀ' ਬਣ ਚੁੱਕੇ ਹਨ। 2024 'ਚ ਪੁਲਿਸ ਨੇ ਕੋਰਟ ਨੂੰ ਦੱਸਿਆ ਸੀ ਕਿ ਜ਼ਬਤ ਕੀਤਾ ਗਿਆ 9 ਕਿਲੋ ਗਾਂਜਾ ਤੇ 10 ਕਿਲੋ ਭੰਗ ਚੂਹੇ ਚਟ ਕਰ ਗਏ।
ਇਹ ਘਟਨਾਵਾਂ ਝਾਰਖੰਡ ਪੁਲਿਸ ਅਤੇ ਉਤਪਾਦ ਵਿਭਾਗ ਦੀ ਲਾਪਰਵਾਹੀ ਦੀ ਪੋਲ ਖੋਲ੍ਹ ਰਹੀਆਂ ਹਨ। ਮਾਲਖਾਨੇ ਅਤੇ ਗੋਦਾਮਾਂ 'ਚ ਸੁਰੱਖਿਆ ਦੇ ਨਾਮ 'ਤੇ ਕੀ ਹੋ ਰਿਹਾ ਹੈ? ਸਬੂਤ ਗਾਇਬ ਹੋਣ 'ਤੇ ਚੂਹਿਆਂ ਨੂੰ ਬਹਾਨਾ ਬਣਾਉਣਾ ਕਿੰਨਾ ਭਰੋਸੇਯੋਗ ਹੈ?
ਮਾਹਿਰ ਕਹਿੰਦੇ ਹਨ ਕਿ ਸੀਸੀਟੀਵੀ (CCTV), ਬਿਹਤਰ ਸਟੋਰੇਜ ਅਤੇ ਸਖ਼ਤ ਆਡਿਟ ਦੀ ਲੋੜ ਹੈ। ਅਜਿਹੇ ਮਾਮਲੇ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ (ਜਿਵੇਂ ਉੱਤਰ ਪ੍ਰਦੇਸ਼, ਬਿਹਾਰ) ਵਿੱਚ ਸਾਹਮਣੇ ਆ ਚੁੱਕੇ ਹਨ, ਜਿੱਥੇ ਚੂਹਿਆਂ ਨੂੰ ਸ਼ਰਾਬ ਜਾਂ ਗਾਂਜਾ 'ਖਾਣ-ਪੀਣ' ਦਾ ਦੋਸ਼ੀ ਠਹਿਰਾਇਆ ਗਿਆ।
ਪਰ ਹਰ ਵਾਰ ਸਵਾਲ ਉਹੀ ਹੈ—ਕੀ ਸੱਚਮੁੱਚ ਚੂਹੇ ਇੰਨੇ ਸ਼ੌਕੀਨ ਹਨ, ਜਾਂ ਇਹ ਸਿਸਟਮ ਦੀਆਂ ਖਾਮੀਆਂ ਨੂੰ ਛਿਪਾਉਣ ਦਾ ਸੌਖਾ ਰਸਤਾ ਹੈ? ਝਾਰਖੰਡ ਦੇ ਇਹ ਗੰਜੇੜੀ ਅਤੇ ਸ਼ਰਾਬੀ ਚੂਹੇ ਹੁਣ ਸੋਸ਼ਲ ਮੀਡੀਆ 'ਤੇ 'ਮੀਮਜ਼' (Memes) ਦਾ ਵਿਸ਼ਾ ਬਣ ਗਏ ਹਨ।