ਮੁੰਬਈ ਦੇ ਪਾਇਧੁਨੀ ਇਲਾਕੇ ਵਿੱਚ ਐਤਵਾਰ ਨੂੰ ਹੋਈ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਕੋ ਪਰਿਵਾਰ ਦੇ ਚਾਰ ਮੈਂਬਰ ਬਿਰਯਾਨੀ ਅਤੇ ਤਰਬੂਜ ਖਾਣ ਤੋਂ ਬਾਅਦ ਬਿਮਾਰ ਪੈ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦਾ ਇਲਾਜ ਕਰਨ ਵਾਲੇ ਜੇ.ਜੇ. ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਚਾਰਾਂ ਵਿੱਚ ਗੰਭੀਰ ਫੂਡ ਪੋਇਜ਼ਨਿੰਗ ਦੇ ਲੱਛਣ ਦਿਖਾਈ ਦਿੱਤੇ ਸਨ। ਉਨ੍ਹਾਂ ਵਿੱਚ ਗੁਰਦਿਆਂ ਨਾਲ ਸਬੰਧਤ ਗੰਭੀਰ ਸਮੱਸਿਆ ਵੀ ਪਾਈ ਗਈ।

ਸ਼ਨੀਵਾਰ ਰਾਤ ਮੁੰਬਈ ਦੇ ਪਾਇਧੁਨੀ ਵਿੱਚ ਰਹਿਣ ਵਾਲੇ ਅਬਦੁੱਲਾ ਅਤੇ ਉਸਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੀ ਬਿਰਯਾਨੀ ਅਤੇ ਬਾਅਦ ਵਿੱਚ ਤਰਬੂਜ ਖਾਣ ਨਾਲ ਹੋਈ 'ਫੂਡ ਪੋਇਜ਼ਨਿੰਗ' ਕਾਰਨ ਮੌਤ ਹੋ ਗਈ। ਪਰਿਵਾਰ ਨੇ ਸ਼ਨੀਵਾਰ ਰਾਤ ਕਰੀਬ 10:30 ਵਜੇ ਪੰਜ ਹੋਰ ਰਿਸ਼ਤੇਦਾਰਾਂ ਨਾਲ ਬਿਰਯਾਨੀ ਦੀ ਦਾਵਤ ਕੀਤੀ ਸੀ।
ਰਿਸ਼ਤੇਦਾਰਾਂ ਦੇ ਚਲੇ ਜਾਣ ਤੋਂ ਬਾਅਦ ਰਾਤ ਕਰੀਬ 1:30 ਵਜੇ ਸਾਰਿਆਂ ਨੇ ਤਰਬੂਜ ਖਾਧਾ। ਐਤਵਾਰ ਤੜਕੇ ਕਰੀਬ 5 ਵਜੇ ਪੂਰੇ ਪਰਿਵਾਰ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਸ਼ੁਰੂ ਹੋ ਗਈ। ਹਾਲਤ ਵਿਗੜਨ 'ਤੇ ਗੁਆਂਢ ਦੇ ਡਾਕਟਰ ਜ਼ਿਆਦ ਕੁਰੈਸ਼ੀ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਤੁਰੰਤ ਜੇ.ਜੇ. ਹਸਪਤਾਲ ਰੈਫਰ ਕਰ ਦਿੱਤਾ।
ਹਸਪਤਾਲ ਪਹੁੰਚਣ ਤੋਂ ਬਾਅਦ ਛੋਟੀ ਬੇਟੀ ਜ਼ੈਨਬ ਦੀ ਸਵੇਰੇ ਕਰੀਬ 10:15 ਵਜੇ ਮੌਤ ਹੋ ਗਈ। ਇਸ ਤੋਂ ਕੁਝ ਦੇਰ ਬਾਅਦ ਮਾਂ ਨਸਰੀਨ ਅਤੇ ਵੱਡੀ ਬੇਟੀ ਆਇਸ਼ਾ ਵੀ ਇਲਾਜ ਦੇ ਬਾਵਜੂਦ ਨਹੀਂ ਬਚ ਸਕੀਆਂ। ਪਿਤਾ ਅਬਦੁੱਲਾ ਦੀ ਮੌਤ ਰਾਤ ਕਰੀਬ 10:30 ਵਜੇ ਹੋਈ। ਅੱਧਾ ਖਾਧਾ ਹੋਇਆ ਤਰਬੂਜ ਵੀ ਲੈਬ ਟੈਸਟਿੰਗ ਲਈ ਭੇਜਿਆ ਗਿਆ ਹੈ।
ਮੁੰਬਈ ਪੁਲਿਸ ਦੇ ਡਿਪਟੀ ਕਮਿਸ਼ਨਰ ਪ੍ਰਵੀਨ ਮੁੰਡੇ ਨੇ ਦੱਸਿਆ ਕਿ ਫੋਰੈਂਸਿਕ ਟੀਮ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਜ਼ਹਿਰ ਜਾਂ ਮਿਲਾਵਟ ਦੀ ਜਾਂਚ ਕਰ ਰਿਹਾ ਹੈ। ਜੇ.ਜੇ. ਹਸਪਤਾਲ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵਿੱਚ ਬੈਕਟੀਰੀਆ ਅਤੇ ਇਨਫੈਕਸ਼ਨ ਦੀ ਜਾਂਚ ਹੋ ਰਹੀ ਹੈ। ਫਿਲਹਾਲ ਹਿਸਟੋਪੈਥੋਲੋਜੀ ਰਿਪੋਰਟ ਦੀ ਉਡੀਕ ਹੈ।