- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਰਵਾਰ ਨੂੰ ਪ੍ਰੋਫੈਸਰ ਨੂੰ ਜਾਂਚ ਵਿਚ ਸਹਿਯੋਗ ਕਰਨ ਦੇ ਹੁਕਮ ਨਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮਸ਼ਾਲਾ ਨੇ 12 ਜਨਵਰੀ ਤੱਕ ਅੰਤ੍ਰਿਮ ਜ਼ਮਾਨਤ ਦੇ ਦਿੱਤੀ। ਡੀਐੱਸਪੀ ਨਿਸ਼ਾ ਤੇ ਪੁਲਿਸ ਟੀਮ ਨੇ ਕੁੜੀ ਦੇ ਘਰ ਜਾ ਕੇ ਪਿਤਾ, ਭਰਾ, ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ।

ਜਾਗਰਣ ਸੰਵਾਦਦਾਤਾ, ਧਰਮਸ਼ਾਲਾ : ਧਰਮਸ਼ਾਲਾ ਕਾਲਜ ਦੀ ਵਿਦਿਆਰਥਣ ਕਥਿਤ ਜਾਤੀ ਤੇ ਸਰੀਰਕ ਤਸ਼ੱਦਦ ਕਾਰਨ ਡਿਪ੍ਰੈਸ਼ਨ ਵਿਚ ਚਲੀ ਗਈ ਤੇ ਇੰਨੀ ਬਿਮਾਰ ਹੋ ਗਈ ਕਿ ਡੀਐੱਮਸੀ ਲੁਧਿਆਣਾ ਵਿਚ ਉਸ ਦੀ ਮੌਤ ਹੋ ਗਈ। ਕੁੜੀ ਦੀ ਵੀਡੀਓ ਪ੍ਰਸਾਰਿਤ ਹੋਣ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਕਾਂਗੜਾ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਪ੍ਰੋਫੈਸਰ ਅਸ਼ੋਕ ਤੇ ਚਾਰ ਵਿਦਿਆਰਥਣਾਂ ਖ਼ਿਲਾਫ਼ ਇਕ ਜਨਵਰੀ 2026 ਨੂੰ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 75, 115(2), 3(5) ਤੇ ਹਿਮਾਚਲ ਪ੍ਰਦੇਸ਼ ਵਿੱਦਿਅਕ ਸੰਸਥਾਨ (ਰੈਗਿੰਗ ਰੋਕੂ) ਐਕਟ, 2009 ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਹੈ।
ਸ਼ੁੱਕਰਵਾਰ ਨੂੰ ਪ੍ਰੋਫੈਸਰ ਨੂੰ ਜਾਂਚ ਵਿਚ ਸਹਿਯੋਗ ਕਰਨ ਦੇ ਹੁਕਮ ਨਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮਸ਼ਾਲਾ ਨੇ 12 ਜਨਵਰੀ ਤੱਕ ਅੰਤ੍ਰਿਮ ਜ਼ਮਾਨਤ ਦੇ ਦਿੱਤੀ। ਡੀਐੱਸਪੀ ਨਿਸ਼ਾ ਤੇ ਪੁਲਿਸ ਟੀਮ ਨੇ ਕੁੜੀ ਦੇ ਘਰ ਜਾ ਕੇ ਪਿਤਾ, ਭਰਾ, ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਕੁੜੀ ਦਾ ਮੋਬਾਈਲ ਅਤੇ ਪਰਿਵਾਰਕ ਮੈਂਬਰਾਂ ਦੇ ਫੋਨ ਵੀ ਜਾਂਚ ਲਈ ਲਏ ਹਨ ਜਿਨ੍ਹਾਂ ਵਿਚ ਕੁੜੀ ਦੀ ਹਸਪਤਾਲ ਵਿਚ ਬਣਾਈ ਗਈ ਵੀਡੀਓ ਹੈ। ਪੁਲਿਸ ਟੀਮ ਨੇ ਉਸ ਦੇ ਕਮਰੇ ਦੀ ਵੀ ਜਾਂਚ ਕੀਤੀ। ਉਸ ਦੇ ਚਿਕਿਤਸਾ ਅਤੇ ਇਲਾਜ ਸਬੰਧੀ ਦਸਤਾਵੇਜ਼ ਅਤੇ ਹੋਰ ਜਾਣਕਾਰੀਆਂ ਵੀ ਇਕੱਠੀਆਂ ਕੀਤੀਆਂ। ਪੁਲਿਸ ਸ਼ਨਿਚਰਵਾਰ ਨੂੰ ਪ੍ਰੋਫੈਸਰ ਤੇ ਚਾਰਾਂ ਵਿਦਿਆਰਥਣਾਂ ਤੋਂ ਪੁੱਛਗਿੱਛ ਕਰ ਸਕਦੀ ਹੈ।
ਪ੍ਰਸਾਰਿਤ ਵੀਡੀਓ ਵਿਚ ਕੁੜੀ ਨੇ ਦੋਸ਼ ਲਗਾਇਆ ਹੈ ਕਿ ਉਸ ਦੀਆਂ ਸਹਿਪਾਠੀ ਵਿਦਿਆਰਥਣਾਂ ਨੇ ਰੈਗਿੰਗ ਕੀਤੀ ਅਤੇ ਜਾਤੀ ਬਾਰੇ ਉਸ ਨੂੰ ਚਿੜਾਇਆ ਸੀ। ਪ੍ਰੋਫੈਸਰ ’ਤੇ ਤਸ਼ੱਦਦ ਦੇ ਦੋਸ਼ ਲਗਾਏ ਗਏ ਹਨ। ਉਹ ਬੀਏ ਪਹਿਲੇ ਸਾਲ ਵਿਚ ਫੇਲ੍ਹ ਹੋ ਗਈ ਸੀ। ਇਸ ਤੋਂ ਬਾਅਦ ਉਹ ਘਰ ਵਿਚ ਗੰਭੀਰ ਮਨੋਰੋਗੀ ਵਾਂਗ ਵਤੀਰਾ ਕਰਨ ਲੱਗੀ ਸੀ। ਉਸ ਦੇ ਪਿਤਾ ਕਾਲਜ ਵੀ ਗਏ ਸਨ ਅਤੇ ਰੈਗਿੰਗ ਤੇ ਤਸ਼ੱਦਦ ਦੀ ਗੱਲ ਦੱਸੀ ਸੀ। ਕਾਲਜ ਪ੍ਰਸ਼ਾਸਨ ਨੇ ਕੁੜੀ ਦੇ ਸਿਹਤਯਾਬ ਹੋਣ ’ਤੇ ਮਾਮਲੇ ਦੀ ਜਾਂਚ ਕਰਨ ਦਾ ਵਾਅਦਾ ਕੀਤਾ ਸੀ। 20 ਦਸੰਬਰ ਨੂੰ ਪਿਤਾ ਨੇ ਮੁੱਖ ਮੰਤਰੀ ਹੈਲਪਲਾਈਨ ਵਿਚ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰ ਕੇ ਕੁੜੀ ਦੇ ਬਿਆਨ ਲੈਣੇ ਚਾਹੇ ਪਰ ਉਸ ਦੀ ਹਾਲਤ ਠੀਕ ਨਹੀਂ ਸੀ। ਕਾਲਜ ਪ੍ਰਸ਼ਾਸਨ ਤੇ ਪਿਤਾ ਦੇ ਬਿਆਨ ਵੀ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ ਪਿਤਾ ਦੇ ਕਹਿਣ ’ਤੇ ਪੁਲਿਸ ਨੇ ਮਾਮਲਾ ਬੰਦ ਕਰ ਦਿੱਤਾ ਸੀ। ਦੂਜੇ ਪਾਸੇ, ਕੁੜੀ ਦੀ ਵਿਗੜੀ ਹਾਲਤ ’ਤੇ ਉਸ ਨੂੰ ਡੀਐੱਮਸੀ ਲੁਧਿਆਣਾ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ 26 ਦਸੰਬਰ ਨੂੰ ਉਸ ਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਕੁੜੀ ਦੇ ਬਿਆਨ ਦੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਪਠਾਨੀਆ ਦਾ ਕਹਿਣਾ ਹੈ ਕਿ ਕੁੜੀ ਇਸ ਵੇਲੇ ਕਾਲਜ ਦੀ ਵਿਦਿਆਰਥਣ ਨਹੀਂ ਹੈ।
ਕੁੜੀ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਇਕ ਗੰਭੀਰ ਮਾਮਲਾ ਹੈ। ਪੁਲਿਸ ਤੇ ਪ੍ਰਸ਼ਾਸਨ ਜਲਦੀ ਜਾਂਚ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ। ਸਰਕਾਰ ਅਜਿਹੇ ਮਾਮਲਿਆਂ ਪ੍ਰਤੀ ਸੰਵੇਦਨਸ਼ੀਲ ਹੈ।
- ਵਿਨਯ ਕੁਮਾਰ, ਸੂਬਾਈ ਕਾਂਗਰਸ ਪ੍ਰਧਾਨ
ਪੁਲਿਸ ਅਤੇ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਦੋਸ਼ ਲੱਗ ਰਹੇ ਹਨ। ਇਸ ਮਾਮਲੇ ਵਿਚ ਮੁੱਖ ਮੰਤਰੀ ਨੂੰ ਨੋਟਿਸ ਲੈਣਾ ਚਾਹੀਦਾ ਹੈ। ਇਹ ਮਾਮਲਾ ਧੀ ਦੇ ਇਨਸਾਫ਼ ਨਾਲ ਜੁੜਿਆ ਹੈ, ਇਸ ਲਈ ਉੱਚ ਪੱਧਰੀ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
- ਜੈਰਾਮ ਠਾਕੁਰ, ਵਿਰੋਧੀ ਧਿਰ ਦੇ ਆਗੂ
ਕਦੋਂ-ਕੀ ਹੋਇਆ
- 2024 ਵਿਚ ਧਰਮਸ਼ਾਲਾ ਕਾਲਜ ’ਚ ਬੀਏ ਪਹਿਲੇ ਸਾਲ ਵਿਚ ਦਾਖ਼ਲਾ ਲਿਆ
- ਜੁਲਾਈ 2025 ਵਿਚ ਬੀਏ ਦੂਜੇ ਸਾਲ ਦੀ ਕਲਾਸਾਂ ਲਗਾਈਆਂ ਪਰ ਪਹਿਲੇ ਸਾਲ ਵਿਚ ਫੇਲ੍ਹ ਹੋ ਗਈ
- 22 ਸਤੰਬਰ ਨੂੰ ਕਾਲਜ ਵਿਚ ਤਸ਼ੱਦਦ ਦਾ ਦੋਸ਼
- 20 ਦਸੰਬਰ ਨੂੰ ਪਿਤਾ ਨੇ ਸੀਐੱਮ ਹੈਲਪਲਾਈਨ ਵਿਚ ਸ਼ਿਕਾਇਤ ਦਰਜ ਕਰਵਾਈ
- 24 ਦਸੰਬਰ ਨੂੰ ਡੀਐੱਮਸੀ ਲੁਧਿਆਣਾ ਵਿਚ ਜ਼ੇਰੇ ਇਲਾਜ
- 26 ਦਸੰਬਰ ਨੂੰ ਇਲਾਜ ਦੌਰਾਨ ਹੋਈ ਮੌਤ
- 30 ਦਸੰਬਰ ਤੋਂ ਵਿਦਿਆਰਥਣ ਦੇ ਬਿਆਨ ਦੀ ਵੀਡੀਓ ਹੋਈ ਪ੍ਰਸਾਰਿਤ
- 1 ਜਨਵਰੀ 2026 ਨੂੰ ਪਿਤਾ ਦੀ ਸ਼ਿਕਾਇਤ ’ਤੇ ਕੇਸ ਦਰਜ।