ਔਰਤਾਂ ਦੇ ਅੰਡਾਣੂ ਤਸਕਰ ਗਿਰੋਹ ਮਾਮਲੇ ’ਚ ਡੈਂਟਿਸਟ ਗ੍ਰਿਫ਼ਤਾਰ, IVF ਕੇਂਦਰ ਦਾ ਨਾਜਾਇਜ਼ ਸਰਗਰਮੀਆਂ ਲਈ ਇਸਤੇਮਾਲ ਕਰਨ ਦਾ ਦੋਸ਼
ਠਾਣੇ ਜ਼ਿਲ੍ਹੇ ਦੇ ਉਲ੍ਹਾਸਨਗਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਟੀਮਾਂ ਗਿਰੋਹ ਦੇ ਮਾਸਟਰਮਾਈਂਡ ਦਾ ਪਤਾ ਲਗਾਉਣ ਲਈ ਛਾਪੇ ਮਾਰ ਰਹੀਆਂ ਹਨ। ਇਹ ਗਿਰੋਹ ਗਰੀਬ ਔਰਤਾਂ ਨੂੰ ਅੰਡਾਣੂ ਵੇਚਣ ਲਈ ਲਾਲਚ ਦਿੰਦਾ ਸੀ। ਪੀੜਤਾਂ ਨੂੰ ਵਾਰ-ਵਾਰ ਅੰਡਾਣੂ ਵੇਚਣ ਲਈ ਇਸਤੇਮਾਲ ਕੀਤਾ ਜਾਂਦਾ ਸੀ ਜਿਸ ਨਾਲ ਗਰੀਬ ਔਰਤਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਸੀ।
Publish Date: Fri, 06 Mar 2026 08:10 AM (IST)
Updated Date: Fri, 06 Mar 2026 08:13 AM (IST)
ਠਾਣੇ (ਪੀਟੀਆਈ) : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਤੋਂ ਚੱਲ ਰਹੇ ਅੰਡਾਣੂ ਤਸਕਰ ਗਿਰੋਹ ਦੀ ਜਾਂਚ ਕਰ ਰਹੀ ਪੁਲਿਸ ਨੇ ਨਾਸਿਕ ਤੋਂ ਇਕ ਡੈਂਟਿਸਟ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਮੁਲਜ਼ਮ ਕਥਿਤ ਤੌਰ ’ਤੇ ਆਪਣੀ ਪਤਨੀ ਦੇ ਨਾਂ ’ਤੇ ਰਜਿਸਟਰ ਆਈਵੀਐੱਫ (ਇਨ ਵਿਟ੍ਰੋ ਫਰਟੀਲਾਈਜ਼ੇਸ਼ਨ) ਕੇਂਦਰ ਨੂੰ ਨਾਜਾਇਜ਼ ਸਰਗਰਮੀਆਂ ਲਈ ਇਸਤੇਮਾਲ ਕਰ ਰਿਹਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਗਿਣਤੀ ਛੇ ਹੋ ਗਈ ਹੈ। ਗ੍ਰਿਫ਼ਤਾਰ ਹੋਰਨਾਂ ਪੰਜ ਮੁਲਜ਼ਮਾਂ ਵਿਚ ਸੁਲਕਸ਼ਣਾ ਗਾਡੇਕਰ, ਅਸ਼ਵਨੀ ਚਾਬੁਕਸਵਰ, ਮੰਜੁਸ਼ਾ ਵਾਨਖੇੜੇ, ਸੋਨਲ ਗਰੇਵਾਲ ਤੇ ਸੁਮਿਤ ਸੋਨਕੰਬਲੇ ਸ਼ਾਮਲ ਹਨ।
ਠਾਣੇ ਜ਼ਿਲ੍ਹੇ ਦੇ ਉਲ੍ਹਾਸਨਗਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਟੀਮਾਂ ਗਿਰੋਹ ਦੇ ਮਾਸਟਰਮਾਈਂਡ ਦਾ ਪਤਾ ਲਗਾਉਣ ਲਈ ਛਾਪੇ ਮਾਰ ਰਹੀਆਂ ਹਨ। ਇਹ ਗਿਰੋਹ ਗਰੀਬ ਔਰਤਾਂ ਨੂੰ ਅੰਡਾਣੂ ਵੇਚਣ ਲਈ ਲਾਲਚ ਦਿੰਦਾ ਸੀ। ਪੀੜਤਾਂ ਨੂੰ ਵਾਰ-ਵਾਰ ਅੰਡਾਣੂ ਵੇਚਣ ਲਈ ਇਸਤੇਮਾਲ ਕੀਤਾ ਜਾਂਦਾ ਸੀ ਜਿਸ ਨਾਲ ਗਰੀਬ ਔਰਤਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਸੀ।
ਬਦਲਾਪੁਰ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਡਾ. ਅਮੋਲ ਪਾਟਿਲ ਨੂੰ ਮੰਗਲਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਉਹ ਨਾਸਿਕ ਦੇ ਮੁੰਬਈ ਨਾਕਾ ਖੇਤਰ ਵਿਚ ਮਾਲਤੀ ਆਈਵੀਐੱਫ ਸੈਂਟਰ ਚਲਾਉਂਦਾ ਹੈ। ਜਾਂਚ ਵਿਚ ਪਤਾ ਲੱਗਾ ਕਿ ਨਾਸਿਕ ਵਿਚ ਆਈਵੀਐੱਫ ਕੇਂਦਰ ਅਧਿਕਾਰਤ ਤੌਰ ’ਤੇ ਡਾ. ਪਾਟਿਲ ਦੀ ਪਤਨੀ ਦੇ ਨਾਂ ’ਤੇ ਹੈ। ਮੁਲਜ਼ਮ ਡੈਂਟਿਸਟ ਇਸ ਕੇਂਦਰ ਨੂੰ ਗ਼ੈਰ-ਕਾਨੂੰਨੀ ਸਰੋਗੇਟ ਮਾਂ ਦੇ ਇਕਰਾਰਨਾਮੇ ਅਤੇ ਅੰਡਾਣੂ ਤਸਕਰੀ ਨੂੰ ਸੁਵਿਧਾਜਨਕ ਬਣਾਉਣ ਲਈ ਇਸਤੇਮਾਲ ਕਰ ਰਿਹਾ ਸੀ। ਸਰੋਗੇਟ ਮਾਂ ਉਹ ਔਰਤ ਹੁੰਦੀ ਹੈ ਜਿਹੜੀ ਕਿਸੇ ਹੋਰ ਜੋੜੇ ਲਈ ਗਰਭ ਧਾਰਨ ਕਰਦੀ ਹੈ ਅਤੇ ਬੱਚੇ ਨੂੰ ਜਨਮ ਦਿੰਦੀ ਹੈ। ਡਾ. ਪਾਟਿਲ ਨੂੰ ਬੁੱਧਵਾਰ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਨੂੰ 9 ਮਾਰਚ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ।