ਮੈਡੀਕਲ ਮੁਲਾਂਕਣ ਦੇ ਅਨੁਸਾਰ 2030 ਤੱਕ ਸ਼ਹਿਰੀ ਭਾਰਤ ਦੀ 45 ਫ਼ੀਸਦੀ ਆਬਾਦੀ ਡਰਾਈ ਆਈ ਡਿਜ਼ੀਜ਼ ਸਮੱਸਿਆ ਨਾਲ ਪ੍ਰਭਾਵਿਤ ਹੋ ਸਕਦੀ ਹੈ। ਇਸ ’ਚ 21 ਤੋਂ 40 ਸਾਲ ਦੀ ਉਮਰ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਮੋਬਾਈਲ, ਲੈਪਟਾਪ ਤੇ ਟੀਵੀ ਸਕ੍ਰੀਨ ’ਤੇ ਵਧਦੀ ਨਿਰਭਰਤਾ ਨੇ ਅੱਖਾਂ ਦੀਆਂ ਮੁਸ਼ਕਲਾਂ ਨੂੰ ਤੇਜ਼ੀ ਨਾਲ ਵਧਾ ਦਿੱਤਾ ਹੈ। ਡਰਾਈ ਆਈ ਡਿਜ਼ੀਜ਼ (ਡੀਈਡੀ) ਭਾਵ ਸੁੱਕੀਆਂ ਅੱਖਾਂ ਦੀ ਸਮੱਸਿਆ ਹੁਣ ਸਿਰਫ਼ ਬਜ਼ੁਰਗਾਂ ਦੀ ਨਹੀਂ ਰਹੀ, ਬਲਕਿ ਬੱਚਿਆਂ ਤੇ ਨੌਜਵਾਨਾਂ ’ਚ ਵੀ ਆਮ ਹੁੰਦੀ ਜਾ ਰਹੀ ਹੈ।
ਅੱਖਾਂ ’ਚ ਸਾੜ ਪੈਣਾ, ਖੁਜਲੀ, ਚੁਭਨ, ਥਕਾਵਟ ਤੇ ਧੁੰਦਲਾਪਨ ਇਹ ਲੱਛਣ ਹੁਣ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਦੇ ਜਾ ਰਹੇ ਹਨ। ਹੁਣ ਤੱਕ ਇਸ ਸਮੱਸਿਆ ਦਾ ਮੁੱਖ ਇਲਾਜ ਆਈ ਡਰਾਪ ਤੇ ਆਰਟੀਫੀਸ਼ੀਅਲ ਟੀਅਰਜ਼ ਤੱਕ ਸੀਮਤ ਰਿਹਾ ਹੈ, ਜੋ ਕਿ ਅਸਥਾਈ ਰਾਹਤ ਦਿੰਦੇ ਹਨ। ਹਾਲਾਂਕਿ, ਸਰਬ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ), ਨਵੀਂ ਦਿੱਲੀ ਦੇ ਆਰਪੀ ਸੈਂਟਰ ਫਾਰ ਆਪਥੈਲਮਿਕ ਸਾਈਂਸਿਜ਼ ਦੇ ਇਕ ਨਵੇਂ ਕਲੀਨਿਕਲ ਟਰਾਇਲ ਨੇ ਇਲਾਜ ਦੀ ਦਿਸ਼ਾ ਬਦਲਣ ਦੇ ਸੰਕੇਤ ਦਿੱਤੇ ਹਨ, ਇਸ ਟਰਾਇਲ ’ਚ ਮਾਂ ਦੇ ਦੁੱਧ ’ਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਬਣੀ ਦਵਾਈ ਲੈਕਟੋਫੇਰਿਨ ਦੇ ਨਤੀਜੇ ਉਤਸ਼ਾਹ ਵਧਾਉਣ ਵਾਲੇ ਰਹੇ ਹਨ। ਟਰਾਇਲ ਨਾਲ ਜੁੜੇ ਡਾਕਟਰ ਮੰਨ ਰਹੇ ਹਨ ਕਿ ਲੈਕਟੋਫੇਰਿਨ ਡਰਾਈ ਅੱਖਾਂ ਦੇ ਇਲਾਜ ’ਚ ਰਾਮਬਾਣ ਬਣ ਸਕਦੀ ਹੈ।
ਡਾ. ਨਮਰਤਾ ਸ਼ਰਮਾ ਤੇ ਡਾ. ਸੁਜਾਤਾ ਸ਼ਰਮਾ ਦੀ ਅਗਵਾਈ ’ਚ ਕੀਤੇ ਗਏ ਟਰਾਇਲ ’ਚ ਲਗਪਗ 200 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਨੂੰ ਤਿੰਨ ਮਹੀਨੇ ਤੱਕ ਦਿਨ ’ਚ ਦੋ ਵਾਰ 250 ਐੱਮਜੀ ਲੈਕਟੋਫੇਰਿਨ ਟੈਬਲਟ ਦਿੱਤੀ ਗਈ। ਇਸ ਤੋਂ ਬਾਅਦ ਅਗਲੇ ਛੇ ਮਹੀਨੇ ਤੱਕ ਉਨ੍ਹਾਂ ਦੀ ਮੈਡੀਕਲ ਨਿਗਰਾਨੀ ਕੀਤੀ ਗਈ। ਲੈਕਟੋਫੇਰਿਨ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਦੀਆਂ ਅੱਖਾਂ ਦੀ ਨਮੀ ’ਚ ਸੁਧਾਰ ਹੋਇਆ। ਹੰਝੂਆਂ ਦੀ ਮਾਤਰਾ ਤੇ ਗੁਣਵੱਤਾ ਦੋਵੇਂ ਬਿਹਤਰ ਹੋਏ ਤੇ ਸੁੱਕਾਪਣ ਵੀ ਕਾਫ਼ੀ ਹੱਦ ਤੱਕ ਘੱਟ ਹੋ ਗਿਆ।
ਸਾੜ, ਖੁਜਲੀ, ਚੁਭਨ ਤੇ ਧੁੰਦਲਾਪਨ ’ਚ ਕਮੀ ਆਈ। ਖੋਜੀਆਂ ਨੇ ਕਿਹਾ ਕਿ ਇਸ ਦਵਾਈ ਨੂੰ ਜਾਪਾਨ ’ਚ ਤਿਆਰ ਕੀਤਾ ਗਿਆ ਹੈ ਤੇ ਆਰਪੀ ਸੈਂਟਰ ਨੇ ਇਸ ’ਤੇ ਕਲੀਨਿਕਲ ਟਰਾਇਲ ਕੀਤਾ ਹੈ। ਇਸ ’ਤੇ ਕੀਤਾ ਗਿਆ ਟੈਸਟ ਸਾਫ਼ ਸੰਕੇਤ ਦਿੰਦਾ ਹੈ ਕਿ ਡਰਾਈ ਆਈ ਦਾ ਇਲਾਜ ਹੁਣ ਸਿਰਫ਼ ਆਈ ਡਰਾਪ ਤੱਕ ਸੀਮਤ ਨਹੀਂ ਰਹੇਗਾ। ਕੁਦਰਤੀ ਪ੍ਰੋਟੀਨ ਆਧਾਰਤ ਇਲਾਜ ਭਵਿੱਖ ’ਚ ਜ਼ਿਆਦਾ ਅਸਰਦਾਰ ਤੇ ਸਥਾਈ ਹੱਲ ਦੇ ਸਕਦਾ ਹੈ। ਹਾਲਾਂਕਿ ਟਰਾਇਲ ਪੜਾਅ ’ਚ ਹੋਣ ਤੇ ਡਰੱਗ ਰੈਗੂਲੇਟਰੀ ਦੀ ਮਨਜ਼ੂਰੀ ਆਦਿ ਦੀਆਂ ਸਰਕਾਰੀ ਰਸਮਾਂ ਪੂਰੀਆਂ ਕਰਨ ’ਚ ਤੇ ਇਸ ਦੇ ਆਮ ਲੋਕਾਂ ਤੱਕ ਪੁੱਜਣ ’ਚ ਇਕ ਤੋਂ ਡੇਢ ਸਾਲ ਜਾਂ ਉਸ ਤੋਂ ਵੱਧ ਸਮਾਂ ਲੱਗ ਸਕਦਾ ਹੈ।
ਇਹ ਹੈ ਲੈਕਟੋਫੇਰਿਨ
ਲੈਕਟੋਫੇਰਿਨ ਕੋਈ ਕੁਦਰਤੀ ਰਸਾਇਣ ਨਹੀਂ, ਬਲਕਿ ਇਕ ਕੁਦਰਤੀ ਪ੍ਰੋਟੀਨ ਹੈ, ਜੋ ਮਾਂ ਦੇ ਦੁੱਧ ’ਚ ਪਾਇਆ ਜਾਂਦਾ ਹੈ ਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਲੈਕਟੋਫੇਰਿਨ ਸਿਰਫ਼ ਲੱਛਣਾਂ ਨੂੰ ਦੱਬਣ ਦੀ ਥਾਂ ਸਮੱਸਿਆ ਦੀ ਜੜ੍ਹ ਸੋਜ ਤੇ ਹੰਝੂ ਉਤਪਾਦਨ ਦੀ ਕਮੀ ’ਤੇ ਕੰਮ ਕਰਦਾ ਹੈ। ਟਰਾਇਲ ’ਚ ਅਜੇ ਦਵਾਈ ਦਾ ਵੀ ਨਾਂ ਇਹੀ ਰੱਖਿਆ ਗਿਆ ਹੈ।
2030 ਤੱਕ ਸ਼ਹਿਰੀ ਭਾਰਤ ਦੀ 45 ਫ਼ੀਸਦੀ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ
ਮੈਡੀਕਲ ਮੁਲਾਂਕਣ ਦੇ ਅਨੁਸਾਰ 2030 ਤੱਕ ਸ਼ਹਿਰੀ ਭਾਰਤ ਦੀ 45 ਫ਼ੀਸਦੀ ਆਬਾਦੀ ਡਰਾਈ ਆਈ ਡਿਜ਼ੀਜ਼ ਸਮੱਸਿਆ ਨਾਲ ਪ੍ਰਭਾਵਿਤ ਹੋ ਸਕਦੀ ਹੈ। ਇਸ ’ਚ 21 ਤੋਂ 40 ਸਾਲ ਦੀ ਉਮਰ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।