ਮੌਸਮ ਵਿਗਿਆਨੀ ਤੇ ਸਕਾਈਮੈਟ ਦੇ ਮੁਖੀ ਜੇਪੀ ਸ਼ਰਮਾ ਦਾ ਕਹਿਣਾ ਹੈ ਕਿ ਇਸ ਵਾਰ ਮੌਨਸੂਨ ਦੀ ਸ਼ੁਰੂਆਤ ਹੌਲੀ ਤੇ ਸੰਤੁਲਤ ਰਹਿਣ ਦੀ ਸੰਭਾਵਨਾ ਹੈ। ਜੇ ਮੌਨਸੂਨ ਤਿੰਨ-ਚਾਰ ਜੂਨ ਤੱਕ ਕੇਰਲ ਪਹੁੰਚਦਾ ਹੈ ਤਾਂ ਇਸ ਦੀ ਰਫ਼ਤਾਰ ਸ਼ੁਰੂ ਵਿਚ ਕਮਜ਼ੋਰ ਰਹੇਗੀ ਤੇ ਇਹ ਤੇਜ਼ੀ ਨਾਲ ਉੱਤਰ ਭਾਰਤ ਵੱਲ ਨਹੀਂ ਵਧੇਗਾ। ਇਸ ਨੂੰ ਮੌਨਸੂਨ ਦੀ ‘ਸਾਫਟ ਲੈਂਡਿੰਗ’ ਕਿਹਾ ਜਾਂਦਾ ਹੈ।
ਜਾਗਰਣ ਬਿਊਰੋ, ਨਵੀਂ ਦਿੱਲੀ : ਦੇਸ਼ ਭਰ ਵਿਚ ਬਦਲਦੇ ਮੌਸਮ ਦਰਮਿਆਨ, ਮੌਨਸੂਨ ਦੀ ਰਫ਼ਤਾਰ ਅਚਾਨਕ ਹੌਲੀ ਹੋ ਗਈ ਹੈ। ਅੰਡੇਮਾਨ ਸਾਗਰ ਅਤੇ ਸ੍ਰੀਲੰਕਾ ਤੱਕ ਸਮੇਂ ਤੋਂ ਪਹਿਲਾਂ ਪਹੁੰਚਣ ਵਾਲਾ ਮੌਨਸੂਨ ਹੁਣ ਭਾਰਤ ਦੀ ਭੂਮੀ ਦੇ ਨੇੜੇ ਆ ਕੇ ਰੁਕ ਗਿਆ ਹੈ।
ਇਸ ਦੀ ਵੱਡੀ ਵਜ੍ਹਾ ਬੰਗਾਲ ਦੀ ਖਾੜੀ ਵਿਚ ਸਰਗਰਮ ਚੱਕਰਵਾਤੀ ਮੌਸਮ ਪ੍ਰਣਾਲੀ ਤੇ ਹਵਾਵਾਂ ਦੇ ਬਦਲੇ ਹੋਏ ਰੁਖ਼ ਨੂੰ ਮੰਨਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਪਹਿਲਾਂ 26 ਮਈ ਦੇ ਆਸ-ਪਾਸ ਮੌਨਸੂਨ ਦੇ ਕੇਰਲਮ ਪੁੱਜਣ ਦਾ ਅਨੁਮਾਨ ਲਾਇਆ ਸੀ ਪਰ ਹੁਣ ਇਸ ਦੇ ਤਿੰਨ ਜਾਂ ਚਾਰ ਜੂਨ ਨੂੰ ਦਸਤਕ ਦੇਣ ਦੀ ਸੰਭਾਵਨਾ ਹੈ। ਆਈਐੱਮਡੀ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੁੰਜੈ ਮਹਾਪਾਤਰਾ ਸ਼ੁੱਕਰਵਾਰ ਨੂੰ ਮੌਨਸੂਨ ਦਾ ਦੂਜਾ ਅਨੁਮਾਨ ਜਾਰੀ ਕਰਨਗੇ, ਜਿਸ ਨਾਲ ਸਥਿਤੀ ਸਾਫ਼ ਹੋ ਜਾਵੇਗੀ।
ਮੌਸਮ ਵਿਗਿਆਨੀ ਤੇ ਸਕਾਈਮੈਟ ਦੇ ਮੁਖੀ ਜੇਪੀ ਸ਼ਰਮਾ ਦਾ ਕਹਿਣਾ ਹੈ ਕਿ ਇਸ ਵਾਰ ਮੌਨਸੂਨ ਦੀ ਸ਼ੁਰੂਆਤ ਹੌਲੀ ਤੇ ਸੰਤੁਲਤ ਰਹਿਣ ਦੀ ਸੰਭਾਵਨਾ ਹੈ। ਜੇ ਮੌਨਸੂਨ ਤਿੰਨ-ਚਾਰ ਜੂਨ ਤੱਕ ਕੇਰਲ ਪਹੁੰਚਦਾ ਹੈ ਤਾਂ ਇਸ ਦੀ ਰਫ਼ਤਾਰ ਸ਼ੁਰੂ ਵਿਚ ਕਮਜ਼ੋਰ ਰਹੇਗੀ ਤੇ ਇਹ ਤੇਜ਼ੀ ਨਾਲ ਉੱਤਰ ਭਾਰਤ ਵੱਲ ਨਹੀਂ ਵਧੇਗਾ। ਇਸ ਨੂੰ ਮੌਨਸੂਨ ਦੀ ‘ਸਾਫਟ ਲੈਂਡਿੰਗ’ ਕਿਹਾ ਜਾਂਦਾ ਹੈ।
ਮਾਹਿਰਾਂ ਮੁਤਾਬਕ ਮੌਨਸੂਨ ਦੀ ਚਾਲ ਹੁਣ ਪੂਰੀ ਤਰ੍ਹਾਂ ਸਮੁੰਦਰੀ ਹਵਾਵਾਂ ’ਤੇ ਨਿਰਭਰ ਹੈ। ਬੰਗਾਲ ਦੀ ਖਾੜੀ ਵਿਚ ਸਰਗਰਮ ਚੱਕਰਵਾਤ ਨੇ ਮੌਨਸੂਨੀ ਹਵਾਵਾਂ ਨੂੰ ਆਪਣੇ ਪਾਸੇ ਖਿੱਚ ਲਿਆ ਹੈ, ਜਿਸ ਨਾਲ ਅਰਬ ਸਾਗਰ ਤੋਂ ਕੇਰਲ ਵੱਲ ਵਧਣ ਵਾਲੀਆਂ ਨਮੀ ਭਰੀਆਂ ਦੱਖਣ-ਪੱਛਮੀ ਹਵਾਵਾਂ ਕਮਜ਼ੋਰ ਹੋ ਗਈਆਂ ਹਨ। ਇਹੀ ਵਜ੍ਹਾ ਹੈ ਕਿ ਮੌਨਸੂਨ ਦੀ ਪ੍ਰਗਤੀ ਰੁਕ ਗਈ ਹੈ ਤੇ ਉੱਤਰ ਵੱਲ ਵਧਣ ਦੀ ਇਸ ਦੀ ਰਫ਼ਤਾਰ ਹੌਲੀ ਹੋ ਗਈ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਅਰਬ ਸਾਗਰ, ਲਕਸ਼ਦੀਪ ਤੇ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਤੱਕ ਅੱਗੇ ਵੱਧ ਚੁੱਕਾ ਹੈ ਪਰ ਕੇਰਲ ਤੱਟ ’ਤੇ ਇਸ ਦੇ ਆਗਮਨ ਲਈ ਜ਼ਰੂਰੀ ਹਾਲਾਤ ਹਾਲੇ ਤੱਕ ਪੂਰੀ ਤਰ੍ਹਾਂ ਅਨੂਕੂਲ ਨਹੀਂ ਬਣੇ। ਹਵਾਵਾਂ ਹੌਲੀ-ਹੌਲੀ ਮਜ਼ਬੂਤ ਹੋ ਰਹੀਆਂ ਹਨ ਪਰ ਉੱਪਰਲੇ ਪੱਧਰ ਦੀਆਂ ਹਵਾਵਾਂ ਸਹੀ ਦਿਸ਼ਾ ਵਿਚ ਨਹੀਂ ਚੱਲ ਰਹੀਆਂ। ਇਸੇ ਕਾਰਨ ਮੌਨਸੂਨ ਨੂੰ ਅੱਗੇ ਵਧਣ ਵਿਚ ਸਮਾਂ ਲੱਗ ਰਿਹਾ ਹੈ।
-------------------
ਸ੍ਰੀਲੰਕਾ ’ਚ 6 ਦਿਨ ਦੇਰੀ ਨਾਲ ਪਹੁੰਚਿਆ ਮੌਨਸੂਨ, ਕੇਰਲਮ ਪਹੁੰਚਣ ’ਚ ਹਫ਼ਤਾ ਲਵੇਗਾ
ਸ੍ਰੀਲੰਕਾ ਵਿਚ ਮਿਆਰੀ ਸਮੇਂ ਤੋਂ ਛੇ ਦਿਨ ਦੀ ਦੇਰੀ ਨਾਲ ਮੌਨਸੂਨ ਪਹੁੰਚਿਆ ਹੈ। ਸ੍ਰੀਲੰਕਾ ਪਹੁੰਚਣ ਤੋਂ ਕਰੀਬ ਹਫ਼ਤਾ ਬਾਅਦ ਮੌਨਸੂਨ ਕੇਰਲਮ ਪਹੁੰਚੇਗਾ। ਇਸ ਤਰ੍ਹਾਂ, ਹੁਣ ਤਿੰਨ ਤੋਂ ਚਾਰ ਜੂਨ ਦਰਮਿਆਨ ਕੇਰਲ ਵਿਚ ਮੌਨਸੂਨ ਦੇ ਪ੍ਰਵੇਸ਼ ਦੀ ਸੰਭਾਵਨਾ ਸਭ ਤੋਂ ਵੱਧ ਮੰਨੀ ਜਾ ਰਹੀ ਹੈ। ਹਾਲਾਂਕਿ, ਕੇਰਲ ਵਿਚ ਹਾਲੇ ਭਾਰੀ ਬਰਸਾਤ ਹੋ ਰਹੀ ਹੈ ਪਰ ਇਸ ਨੂੰ ਪ੍ਰੀ-ਮੌਨਸੂਨ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਮੌਨਸੂਨ ਦੇ ਅਧਿਕਾਰਤ ਐਲਾਨ ਲਈ ਮੌਸਮ ਵਿਭਾਗ ਦੇ 14 ਕੇਂਦਰਾਂ ਵਿੱਚੋਂ ਘੱਟੋ-ਘੱਟ 60 ਫ਼ੀਸਦ ਕੇਂਦਰਾਂ ’ਤੇ ਲਗਾਤਾਰ ਦੋ ਦਿਨਾਂ ਤੱਕ 2.5 ਮਿਲੀਮੀਟਰ ਜਾਂ ਉਸ ਤੋਂ ਵੱਧ ਬਰਸਾਤ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹਵਾ ਦੀ ਰਫ਼ਤਾਰ, ਦਿਸ਼ਾ ਤੇ ਬਦਲਾਂ ਦੀ ਸਥਿਤੀ ਵੀ ਨਿਰਧਾਰਤ ਮਾਪਦੰਡਾਂ ਉੱਤੇ ਖਰੀ ਉਤਰਣੀ ਚਾਹੀਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਿਆਨਕ ਗਰਮੀ ਤੇ ਮੌਨਸੂਨ ਦੀ ਦੇਰੀ ਦਾ ਸਬੰਧ ਸਮੁੰਦਰੀ ਤੇ ਵਾਯੂਮੰਡਲੀ ਹਾਲਾਤ ’ਤੇ ਨਿਰਭਰ ਹੈ। ਪ੍ਰਸ਼ਾਂਤ ਮਹਾਂਸਾਗਰ ਦੀ ਸਥਿਤੀ ਹੌਲੀ-ਹੌਲੀ ਅਲਨੀਨੋ ਵੱਲ ਵਧਦੀ ਦਿਖਾਈ ਦੇ ਰਹੀ ਹੈ, ਜੋ ਮੌਨਸੂਨ ਦੀ ਰਫ਼ਤਾਰ ਤੇ ਬਰਸਾਤ ਦੀ ਵੰਡ ਨੂੰ ਪ੍ਰਭਾਵਤ ਕਰ ਸਕਦੀ ਹੈ। ਫ਼ਿਲਹਾਲ, ਇਸ ਦਾ ਅਸਰ ਸ਼ੁਰੂਆਤੀ ਪੜਾਅ ਵਿਚ ਹੀ ਮੰਨਿਆ ਜਾ ਰਿਹਾ ਹੈ।