ਇਸ ਯੋਜਨਾ ਦੀ ਵਿਹਾਰਕਤਾ ਨੂੰ ਲੈ ਕੇ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਕਈ ਸਥਾਨਕ ਕਮਾਂਡਰਾਂ ਨੇ ਇਹ ਗੱਲ ਚੁੱਕੀ ਕਿ ਨਦੀਆਂ ਵਾਲੇ ਇਲਾਕਿਆਂ ’ਚ ਰੇਂਗਣ ਵਾਲੇ ਜੀਵਾਂ ਨੂੰ ਛੱਡਣਾ ਵਿਹਾਰਕ ਨਹੀਂ ਹੈ।

ਨਵੀਂ ਦਿੱਲੀ (ਪੀਟੀਆਈ) : ਭਾਰਤ-ਬੰਗਲਾਦੇਸ਼ ਸਰਹੱਦ ’ਤੇ ਨਾਜਾਇਜ਼ ਘੁਸਪੈਠ ਤੇ ਸਰਹੱਦ ਪਾਰ ਅਪਰਾਧ ਰੋਕਣ ਲਈ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਇਕ ਬੇਹੱਦ ਅਸਾਧਾਰਣ ਪਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਐੱਸਐੱਫ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਨਦੀਆਂ ਵਾਲੇ ਸੰਵੇਦਨਸ਼ੀਲ ਇਲਾਕਿਆਂ ’ਚ ਮਗਰਮੱਛ ਤੇ ਸੱਪ ਛੱਡਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਹੀ ਹੈ। ਇਸ ਯੋਜਨਾ ’ਤੇ ਨੌਂ ਫਰਵਰੀ ਨੂੰ ਦਿੱਲੀ ’ਚ ਬੀਐੱਸਐੱਫ ਦੇ ਹੈੱਡਕੁਆਰਟਰ ’ਚ ਹੋਈ ਇਕ ਮੀਟਿੰਗ ਦੌਰਾਨ ਚਰਚਾ ਕੀਤੀ ਗਈ ਸੀ। ਇਸ ਤੋਂ ਬਾਅਦ 4096 ਕਿਲੋਮੀਟਰ ਲੰਬੀ ਸਰਹੱਦ ’ਤੇ ਤਾਇਨਾਤ ਸਥਾਨਕ ਇਕਾਈਆਂ ’ਚ ਉਨ੍ਹਾਂ ਦੀ ਰਾਏ ਮੰਗੀ ਗਈ।
ਸਰਹੱਦੀ ਸੁਰੱਖਿਆ ਬਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹਇਕ ਵਿਚਾਰ ਹੈ, ਜਿਸ ’ਤੇ ਫਰਵਰੀ ’ਚ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਚਰਚਾ ਕੀਤੀ ਗਈ ਸੀ। ਇਸ ਵਿਚਾਰ ਦਾ ਮੰਤਵ ਯੋਜਨਾ ਦੀ ਵਿਹਾਰਕਤਾ ਦਾ ਪਤਾ ਲਗਾਉਣਾ ਹੈ। ਬੀਐੱਸਐੱਫ ਸਥਾਨਕ ਕਮਾਂਡਰਾਂ ਵੱਲੋਂ ਭੇਜੀਆਂ ਗਈਆਂ ਪ੍ਰਤੀਕਿਰਿਆਵਾਂ ਦਾ ਅਧਿਐਨ ਕਰ ਰਹੀ ਹੈ।
ਕਿਉਂ ਪੈ ਰਹੀ ਹੈ ਇਸਦੀ ਲੋੜ
ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਸਰਹੱਦ ਦਾ ਲਗਪਗ 856 ਕਿਲੋਮੀਟਰ ਹਿੱਸਾ ਹਾਲੇ ਵੀ ਬਿਨਾਂ ਵਾੜ ਦੇ ਹੈ, ਜਿਸਦਾ ਕਾਰਨ ਸੰਘਣੇ ਜੰਗਲ ਤੇ ਨਦੀਆਂ ਵਾਲੇ ਇਲਾਕਿਆਂ ਵਰਗੇ ਔਖੇ ਭੂਗੋਲਿਕ ਹਾਲਾਤ ਹਨ। ਅਜਿਹੇ ’ਚ ਬੀਐੱਸਐੱਫ ਨੇ ਮਤਾ ਦਿੱਤਾ ਹੈ ਕਿ ਗ੍ਰਹਿ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਮੁਹਿੰਮ ਸਬੰਧੀ ਸਫਲਤਾ ਹਾਸਲ ਕਰਨ ਲਈ ਨਦੀਆਂ ਵਾਲੇ ਸੰਵੇਦਨਸ਼ੀਲ ਇਲਾਕਿਆਂ ’ਚ ਸੱਪ ਤੇ ਮਗਰਮੱਛ ਜਿਵੇਂ ਕਿ ਰੇਂਗਣ ਵਾਲੇ ਜੀਵਾਂ ਨੂੰ ਛੱਡਣ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਵਿਹਾਰਕਤਾ ਨੂੰ ਲੈ ਕੇ ਖ਼ਦਸ਼ਾ
ਇਸ ਯੋਜਨਾ ਦੀ ਵਿਹਾਰਕਤਾ ਨੂੰ ਲੈ ਕੇ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਕਈ ਸਥਾਨਕ ਕਮਾਂਡਰਾਂ ਨੇ ਇਹ ਗੱਲ ਚੁੱਕੀ ਕਿ ਨਦੀਆਂ ਵਾਲੇ ਇਲਾਕਿਆਂ ’ਚ ਰੇਂਗਣ ਵਾਲੇ ਜੀਵਾਂ ਨੂੰ ਛੱਡਣਾ ਵਿਹਾਰਕ ਨਹੀਂ ਹੈ। ਸਰਹੱਦ ਦੇ ਕਈ ਇਲਾਕਿਆਂ ’ਚ ਆਬਾਦੀ ਰਹਿੰਦੀ ਹੈ ਤੇ ਹੜ੍ਹ ਦੌਰਾਨ ਜੇ ਇਹ ਜਾਨਵਰ ਉਥੇ ਮੌਜੂਦ ਹੋਏ ਤਾਂ ਸਥਾਨਕ ਲੋਕਾਂ ਲਈ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਯੰਤਰਾਂ ਨਾਲ ਵੀ ਨਿਗਰਾਨੀ ਦਾ ਮਤਾ
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਸਰਹੱਦ ਨੂੰ ਸੁਰੱਖਿਅਤ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਤਕਨੀਕੀ ਯੰਤਰਾਂ ਤੇ ਨਿਗਰਾਨੀ ਗੈਜੇਟਸ ਨੂੰ ਤਾਇਨਾਤ ਕਰਨ ਦੇ ਕਈ ਹੋਰ ਮਤੇ ਵੀ ਹਨ। ਭਾਰਤ-ਬੰਗਲਾਦੇਸ਼ ਸਰਹੱਦ ’ਤੇ ਗੁਆਂਢੀ ਦੇਸ਼ ਤੋਂ ਘੁਸਪੈਠ ਦਾ ਖ਼ਤਰਾ ਬਣਿਆ ਰਹਿੰਦਾ ਹੈ। ਨਾਲ ਹੀ ਮਨੁੱਖੀ ਤਸਕਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਨਕਲੀ ਭਾਰਤੀ ਕਰੰਸੀ ਤੇ ਹਥਿਆਰਾਂ ਤੇ ਗੋਲ਼ੀ-ਸਿੱਕੇ ਦੀ ਤਸਕਰੀ ਵਰਗੇ ਵੱਖ-ਵੱਖ ਸਰਹੱਦ ਪਾਰ ਅਪਰਾਧ ਵੀ ਹੁੰਦੇ ਰਹਿੰਦੇ ਹਨ।