- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
MLA ਨੇ ਕਿਸੇ ਖਾਸ ਧਰਮ ਗ੍ਰੰਥ ਦਾ ਹਵਾਲਾ ਦਿੱਤੇ ਬਿਨਾਂ ਇਹ ਦਾਅਵਾ ਵੀ ਕੀਤਾ ਕਿ ਕੁਝ ਗ੍ਰੰਥਾਂ ਵਿੱਚ ਅਨੁਸੂਚਿਤ ਜਾਤੀ ਦੀਆਂ ਔਰਤਾਂ ਨਾਲ ਸਬੰਧ ਬਣਾਉਣ ਨੂੰ 'ਕਾਸ਼ੀ ਤੀਰਥ' ਦੇ ਸਮਾਨ ਪੁੰਨ ਦੱਸਿਆ ਗਿਆ ਹੈ।

ਡਿਜੀਟਲ ਡੈਸਕ, ਭੋਪਾਲ : ਦਤੀਆ ਜ਼ਿਲ੍ਹੇ ਦੀ ਭਾਂਡੇਰ ਸੀਟ ਤੋਂ ਕਾਂਗਰਸੀ ਵਿਧਾਇਕ ਤੇ ਦਲਿਤ ਆਗੂ ਫੂਲ ਸਿੰਘ ਬਰੱਈਆ ਇਕ ਵਾਰ ਫਿਰ ਆਪਣੇ ਬਿਆਨ ਕਾਰਨ ਵਿਵਾਦਾਂ 'ਚ ਘਿਰ ਗਏ ਹਨ। ਔਰਤਾਂ ਤੇ ਧੀਆਂ ਨਾਲ ਜੁੜੇ ਬੇਹੱਦ ਸੰਵੇਦਨਸ਼ੀਲ ਮੁੱਦੇ 'ਤੇ ਦਿੱਤੇ ਗਏ ਉਨ੍ਹਾਂ ਦੇ ਬਿਆਨ ਨੇ ਨਾ ਸਿਰਫ਼ ਸਿਆਸੀ ਗਲਿਆਰਿਆਂ 'ਚ ਹਲਚਲ ਮਚਾ ਦਿੱਤੀ ਹੈ, ਸਗੋਂ ਸਮਾਜਿਕ ਪੱਧਰ 'ਤੇ ਵੀ ਡੂੰਘੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ।
ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਬਰੱਈਆ ਅਜਿਹਾ ਬਿਆਨ ਦਿੰਦੇ ਨਜ਼ਰ ਆ ਰਹੇ ਹਨ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ “ਜੇਕਰ ਰਸਤੇ 'ਚ ਖੂਬਸੂਰਤ ਕੁੜੀ ਦਿਖ ਜਾਵੇ ਤਾਂ ਦਿਮਾਗ ਭਟਕ ਸਕਦਾ ਹੈ ਤੇ ਰੇਪ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ।” ਇਸ ਇਕ ਬਿਆਨ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਮੰਚਾਂ ਤਕ ਗੁੱਸੇ ਦੀ ਲਹਿਰ ਦੌੜਾ ਦਿੱਤੀ ਹੈ।
ਇੰਨਾ ਹੀ ਨਹੀਂ, ਬਰੱਈਆ ਨੇ ਅੱਗੇ ਇਹ ਵੀ ਕਿਹਾ ਕਿ ਅਨੁਸੂਚਿਤ ਜਾਤੀ (SC), ਅਨੁਸੂਚਿਤ ਜਨਜਾਤੀ (ST) ਤੇ ਓਬੀਸੀ (OBC) ਸਮਾਜ ਵਿਚ ‘ਖੂਬਸੂਰਤ ਕੁੜੀਆਂ ਨਹੀਂ ਹੁੰਦੀਆਂ’, ਫਿਰ ਵੀ ਉਨ੍ਹਾਂ ਨਾਲ ਜਬਰ-ਜਨਾਹ ਹੁੰਦਾ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਔਰਤਾਂ ਵਿਰੁੱਧ ਅਪਮਾਨਜਨਕ ਤੇ ਅਪਰਾਧ ਨੂੰ ਜਾਇਜ਼ ਠਹਿਰਾਉਣ ਵਾਲੀ ਦਲੀਲ ਦੱਸਿਆ ਜਾ ਰਿਹਾ ਹੈ।
ਵਿਧਾਇਕ ਨੇ ਕਿਸੇ ਖਾਸ ਧਰਮ ਗ੍ਰੰਥ ਦਾ ਹਵਾਲਾ ਦਿੱਤੇ ਬਿਨਾਂ ਇਹ ਦਾਅਵਾ ਵੀ ਕੀਤਾ ਕਿ ਕੁਝ ਗ੍ਰੰਥਾਂ 'ਚ ਅਨੁਸੂਚਿਤ ਜਾਤੀ ਦੀਆਂ ਔਰਤਾਂ ਨਾਲ ਸਬੰਧ ਬਣਾਉਣ ਨੂੰ 'ਕਾਸ਼ੀ ਤੀਰਥ' ਦੇ ਸਮਾਨ ਪੁੰਨ ਦੱਸਿਆ ਗਿਆ ਹੈ। ਬਰੱਈਆ ਨੇ ਕਿਹਾ ਕਿ ਜਬਰ-ਜਨਾਹ ਅਕਸਰ ਇਕ ਵਿਅਕਤੀ ਨਹੀਂ, ਸਗੋਂ ਸਮੂਹ ਵ4ਲੋਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਸੇ “ਵਿਗੜੀ ਹੋਈ ਸੋਚ” ਕਾਰਨ ਚਾਰ ਮਹੀਨੇ ਤੇ ਦਸ ਮਹੀਨੇ ਦੀਆਂ ਬੱਚੀਆਂ ਤਕ ਨਾਲ ਰੇਪ ਦੀਆਂ ਘਟਨਾਵਾਂ ਹੋ ਰਹੀਆਂ ਹਨ।
ਬਰੱਈਆ ਦਾ ਦਾਅਵਾ ਹੈ ਕਿ ਅਪਾਰਧੀਆਂ ਦੇ ਮਨ ਵਿਚ ਇਹ ਗ਼ਲਤ ਧਾਰਨਾ ਰਹਿੰਦੀ ਹੈ ਕਿ ਅਜਿਹੇ ਕਾਰੇ ਨਾਲ ਉਨ੍ਹਾਂ ਨੂੰ ਪੁੰਨ ਮਿਲੇਗਾ ਤੇ ਇਸੇ ਵਜ੍ਹਾ ਨਾਲ ਐੱਸਸੀ, ਐੱਸਟੀ ਤੇ ਓਬੀਸੀ ਸਮਾਜ ਦੀਆਂ ਔਰਤਾਂ ਤੇ ਬੱਚੀਆਂ ਨਿਸ਼ਾਨਾ ਬਣਦੀਆਂ ਹਨ। ਹਾਲਾਂਕਿ ਉਨ੍ਹਾਂ ਦੀ ਇਸ ਦਲੀਲ ਨੂੰ ਅਪਰਾਧ ਦੇ ਗੁਣਗਾਣ ਤੇ ਸਮਾਜਿਕ ਵੰਡ ਨੂੰ ਹੱਲਾਸ਼ੇਰੀ ਦੇਣ ਵਾਲਾ ਦੱਸਿਆ ਜਾ ਰਿਹਾ ਹੈ।
ਵਿਵਾਦ ਵਧਣ ਤੋਂ ਬਾਅਦ ਕਾਂਗਰਸ ਨੇ ਬਰੱਈਆ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਤੇ ਇਸ ਨੂੰ ਉਨ੍ਹਾਂ ਦੀ ਨਿੱਜੀ ਸੋਚ ਦੱਸਿਆ। ਪ੍ਰਦੇਸ਼ ਪ੍ਰਧਾਨ ਜੀਤੂ ਪਟਵਾਰੀ ਨੇ ਅਸਹਿਮਤੀ ਜਤਾਉਂਦਿਆਂ ਕਿਹਾ ਕਿ, “ਰੇਪ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਪਰਾਧੀ ਸਿਰਫ਼ ਅਪਰਾਧੀ ਹੁੰਦਾ ਹੈ, ਉਸ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ।”
ਹਾਲਾਂਕਿ, ਸ਼ਨਿਚਰਵਾਰ ਨੂੰ ਰਾਹੁਲ ਗਾਂਧੀ ਦੇ ਇੰਦੌਰ ਦੌਰੇ ਦੌਰਾਨ ਫੂਲ ਸਿੰਘ ਬਰੱਈਆ ਉਨ੍ਹਾਂ ਦੇ ਨਾਲ ਨਜ਼ਰ ਆਏ। ਇਸ 'ਤੇ ਵਿਰੋਧੀ ਧਿਰਾਂ ਕਾਂਗਰਸ 'ਤੇ ਹਮਲਾਵਰ ਹੋ ਗਈਆਂ। ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਆਸ਼ੀਸ਼ ਅਗਰਵਾਲ ਨੇ ਆਪਣੇ 'ਐਕਸ' (X) ਹੈਂਡਲ 'ਤੇ ਲਿਖਿਆ—
"ਇੰਦੌਰ ਵਿੱਚ ਰਾਹੁਲ ਗਾਂਧੀ ਦੇ ਨਾਲ ਸਟੇਜ 'ਤੇ ਕਾਂਗਰਸੀ ਵਿਧਾਇਕ ਫੂਲ ਸਿੰਘ ਬਰੱਈਆ... ਇਹ ਸਹਿਮਤੀ ਹੈ... ਸਵੀਕਾਰੋਕਤੀ ਹੈ। ਹੁਣ ਸਪੱਸ਼ਟ ਹੈ ਕਿ ਔਰਤਾਂ ਤੇ SC-ST ਸਮਾਜ ਪ੍ਰਤੀ ਦੂਸ਼ਿਤ ਅਤੇ ਵਿਗੜੀ ਹੋਈ ਮਾਨਸਿਕਤਾ ਸਿਰਫ਼ ਬਰੱਈਆ ਦੀ ਨਹੀਂ, ਸਗੋਂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਪੂਰੀ ਕਾਂਗਰਸ ਦੀ ਸੋਚ ਹੈ।"
ਉਨ੍ਹਾਂ ਅੱਗੇ ਲਿਖਿਆ ਕਿ ਜੇਕਰ ਇਤਰਾਜ਼ ਹੁੰਦਾ ਤਾਂ ਸਟੇਜ ਸਾਂਝੀ ਨਹੀਂ ਕੀਤੀ ਜਾਣੀ ਸੀ। ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ, ਖਾਸ ਕਰਕੇ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ, ਜੋ ਮਹਿਲਾ ਸਨਮਾਨ ਦੀਆਂ ਗੱਲਾਂ ਤਾਂ ਕਰਦੀਆਂ ਹਨ ਪਰ ਆਪਣੀ ਹੀ ਪਾਰਟੀ ਦੀ ਅਪਰਾਧਿਕ ਮਾਨਸਿਕਤਾ 'ਤੇ ਚੁੱਪ ਹਨ।