ਰਾਜ ਸਭਾ 'ਚ ਗੂੰਜੀ ਬੱਚਿਆਂ ਦੇ ਭਵਿੱਖ ਦੀ ਚਿੰਤਾ: ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਫੈਲ ਰਹੀ ਅਸ਼ਲੀਲਤਾ ਵਿਰੁੱਧ ਉਠਾਈ ਆਵਾਜ਼
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀ ਅਸ਼ਲੀਲ ਤੇ ਇਤਰਾਜ਼ਯੋਗ ਸਮੱਗਰੀ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਨਾਂਹ-ਪੱਖੀ ਪ੍ਰਭਾਵ ਬੱਚਿਆਂ ਤੇ ਜਵਾਨ ਹੋ ਰਹੇ ਬੱਚਿਆਂ 'ਤੇ ਪੈ ਰਿਹਾ ਹੈ।
Publish Date: Fri, 13 Mar 2026 11:04 AM (IST)
Updated Date: Fri, 13 Mar 2026 11:07 AM (IST)
ਨਵੀਂ ਦਿੱਲੀ, ਏਜੰਸੀ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਮਸ਼ਹੂਰ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਗੰਭੀਰ ਸਮਾਜਿਕ ਮੁੱਦਾ ਉਠਾਇਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀ ਅਸ਼ਲੀਲ ਤੇ ਇਤਰਾਜ਼ਯੋਗ ਸਮੱਗਰੀ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਨਾਂਹ-ਪੱਖੀ ਪ੍ਰਭਾਵ ਬੱਚਿਆਂ ਤੇ ਜਵਾਨ ਹੋ ਰਹੇ ਬੱਚਿਆਂ 'ਤੇ ਪੈ ਰਿਹਾ ਹੈ। ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਹਾ ਕਿ ਇਹ ਸਿਰਫ ਤਕਨਾਲੋਜੀ ਜਾਂ ਇੰਟਰਨੈੱਟ ਨਾਲ ਜੁੜਿਆ ਮਾਮਲਾ ਨਹੀਂ ਸਗੋਂ ਸਮਾਜ ਦੇ ਇਖ਼ਲਾਕ, ਸੱਭਿਆਚਾਰ ਤੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨਾਲ ਜੁੜਿਆ ਵੱਡਾ ਸਵਾਲ ਹੈ।
ਰਾਜ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਗਿਆਨ, ਸੰਵਾਦ ਤੇ ਨਵੇਂ ਵਿਚਾਰਾਂ ਨੂੰ ਸਾਂਝਾ ਕਰਨ ਦਾ ਮਜ਼ਬੂਤ ਜ਼ਰੀਆ ਬਣ ਗਿਆ ਹੈ। ਇਸ ਰਾਹੀਂ ਲੋਕ ਨਵੀਆਂ-ਨਵੀਆਂ ਚੀਜ਼ਾਂ ਸਿੱਖ ਰਹੇ ਨੇ ਅਤੇ ਦੁਨੀਆ ਨਾਲ ਜੁੜ ਰਹੇ ਹਨ। ਇਸੇ ਪਲੇਟਫਾਰਮ 'ਤੇ ਅਸ਼ਲੀਲ ਅਤੇ ਗ਼ੈਰ-ਮਿਆਰੀ ਸਮੱਗਰੀ ਵੀ ਤੇਜ਼ੀ ਨਾਲ ਫੈਲ ਰਹੀ ਹੈ, ਜੋ ਸਮਾਜ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਰਭਜਨ ਸਿੰਘ ਨੇ ਕਿਹਾ ਕਿ ਜੇ ਇਸ ਸਮੱਸਿਆ 'ਤੇ ਸਮਾਂ ਰਹਿੰਦਿਆਂ ਧਿਆਨ ਨਾ ਦਿੱਤਾ ਗਿਆ ਤਾਂ ਇਸ ਦਾ ਪ੍ਰਭਾਵ ਆਉਣ ਵਾਲੀਆਂ ਪੀੜੀਆਂ 'ਤੇ ਲੰਬੇ ਸਮੇਂ ਤੱਕ ਨਜ਼ਰ ਆ ਸਕਦਾ ਹੈ।
ਹਰਭਜਨ ਸਿੰਘ ਨੇ ਕਿਹਾ ਕਿ ਕਈ ਖੋਜਾਂ ਅਤੇ ਰਿਪੋਰਟਾਂ ਇਹ ਦਰਸਾਉਂਦੀਆਂ ਹਨ ਕਿ ਛੋਟੀ ਉਮਰ ਦੇ ਬੱਚੇ ਵੱਡੀ ਗਿਣਤੀ ਵਿਚ ਸੋਸ਼ਲ ਮੀਡੀਆ 'ਤੇ ਇਹੋ-ਜਿਹੀ ਸਮੱਗਰੀ ਤੱਕ ਪਹੁੰਚ ਰਹੇ ਹਨ ਜੋ ਉਨ੍ਹਾਂ ਲਈ ਬਿਲਕੁਲ ਵੀ ਲੋੜੀਂਦੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਦੋਂ ਬੱਚੇ ਛੋਟੀ ਉਮਰ ਵਿਚ ਹੀ ਇਹੋ-ਜਿਹੀਆਂ ਚੀਜ਼ਾਂ ਦੇਖਣ ਲੱਗਦੇ ਹਨ, ਤਾਂ ਇਸ ਦਾ ਉਨ੍ਹਾਂ ਦੇ ਮਾਨਸਿਕ ਵਿਕਾਸ ਤੇ ਸੋਚ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਇਕ ਮਿਸਾਲ ਦਿੰਦੇ ਹੋਏ ਕਿਹਾ ਕਿ ਜੇ 13 ਜਾਂ 14 ਸਾਲ ਦਾ ਕੋਈ ਬੱਚਾ, ਜੋ ਅਜੇ ਸਹੀ ਅਤੇ ਗ਼ਲਤ ਦਾ ਫ਼ਰਕ ਸਮਝਣ ਦੀ ਪ੍ਰਕਿਰਿਆ ਵਿਚ ਹੈ, ਲਗਾਤਾਰ ਸੋਸ਼ਲ ਮੀਡੀਆ 'ਤੇ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਦੇਖਦਾ ਹੈ, ਤਾਂ ਉਸ ਦੇ ਮਨ ਵਿਚ ਔਰਤਾਂ ਪ੍ਰਤੀ ਆਦਰ ਦੀ ਭਾਵਨਾ ਕਿੰਝ ਵਿਕਸਤ ਹੋਵੇਗੀ।