ਅਧਿਐਨ ਦਾ ਦਾਅਵਾ ਹੈ ਕਿ ਵਾਤਾਵਰਣ ਤਬਦੀਲੀ ਕਾਰਨ ਉੱਚ ਤਾਪਮਾਨ ਨਾਲ ਦੁਨੀਆ ਭਰ ’ਚ 2050 ਤੱਕ ਲੱਖਾਂ ਲੋਕ ਸਰੀਰਕ ਤੌਰ ’ਤੇ ਨਕਾਰਾ ਹੋ ਸਕਦੇ ਹਨ। ਨਤੀਜਨ ਸਾਲਾਨਾ ਸੱਤ ਲੱਖ ਵਾਧੂ ਬੇਵਕਤੀ ਮੌਤਾਂ ਹੋ ਸਕਦੀਆਂ ਹਨ ਤੇ ਉਤਪਾਦਕਤਾ ’ਚ 3.68 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ।

ਨਵੀਂ ਦਿੱਲੀ (ਪੀਟੀਆਈ) : ਵਾਤਾਵਰਣ ਤਬਦੀਲੀ ਦਾ ਮਨੁੱਖੀ ਸਰੀਰ ’ਤੇ ਡੂੰਘਾ ਅਸਰ ਪੈ ਰਿਹਾ ਹੈ। ਲੋਕਾਂ ਦੀਆਂ ਸਰੀਰਕ ਸਰਗਰਮੀਆਂ ਪ੍ਰਭਾਵਿਤ ਹੋ ਰਹੀਆਂ ਹਨ, ਭਾਵ ਵਧਦੇ ਤਾਪਮਾਨ ਕਾਰਨ ਲੋਕ ਕਸਰਤ ਘੱਟ ਕਰ ਰਹੇ ਹਨ। ਇਹ ਗੱਲ ਲੈਂਸੇਟ ਦੇ ਇਕ ਅਧਿਐਨ ਤੋਂ ਨਿਕਲ ਕੇ ਸਾਹਮਣੇ ਆਈ ਹੈ। ਅਧਿਐਨ ਦਾ ਦਾਅਵਾ ਹੈ ਕਿ ਵਾਤਾਵਰਣ ਤਬਦੀਲੀ ਕਾਰਨ ਉੱਚ ਤਾਪਮਾਨ ਨਾਲ ਦੁਨੀਆ ਭਰ ’ਚ 2050 ਤੱਕ ਲੱਖਾਂ ਲੋਕ ਸਰੀਰਕ ਤੌਰ ’ਤੇ ਨਕਾਰਾ ਹੋ ਸਕਦੇ ਹਨ। ਨਤੀਜਨ ਸਾਲਾਨਾ ਸੱਤ ਲੱਖ ਵਾਧੂ ਬੇਵਕਤੀ ਮੌਤਾਂ ਹੋ ਸਕਦੀਆਂ ਹਨ ਤੇ ਉਤਪਾਦਕਤਾ ’ਚ 3.68 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
ਲੈਂਸੇਟ ਗਲੋਬਲ ਹੈਲਥ ਜਰਨਲ ’ਚ ਪ੍ਰਕਾਸ਼ਿਤ ਇਹ ਅਧਿਐਨ ਅਰਜਨਟੀਨਾ ਦੀ ਕੈਥੋਲਿਕ ਯੂਨੀਵਰਸਿਟੀ ਸਮੇਤ ਲੈਟਿਨ ਅਮਰੀਕੀ ਖੋਜੀਆਂ ਵੱਲੋਂ ਕੀਤੀ ਗਈ ਹੈ। ਅਧਿਐਨ ਅਨੁਸਾਰ, ਵਧਦਾ ਤਾਪਮਾਨ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਉਸ ਟੀਚੇ ਨੂੰ ਕਮਜ਼ੋਰ ਕਰ ਸਕਦਾ ਹੈ, ਜਿਸ ਵਿਚ 2030 ਤੱਕ ਦੁਨੀਆ ਭਰ ’ਚ ਸਰੀਰਕ ਨਕਾਰਤਾ ਨੂੰ 15 ਫ਼ੀਸਦੀ ਘੱਟ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਸਰੀਰਕ ਨਕਾਰਾਪਣ ਕਾਰਨ ਭਾਰਤ ’ਚ ਮੌਤ ਦਰ ਵੱਧ ਸਕਦੀ ਹੈ। 2050 ਤੱਕ ਦੇਸ਼ ’ਚ ਸਰੀਰਕ ਨਕਾਰਾਪਣਣ ਕਾਰਨ ਇਕ ਲੱਖ ਦੀ ਆਬਾਦੀ ’ਤੇ ਮੌਤ ਦਰ 10.62 ਫ਼ੀਸਦੀ ਹੋ ਸਕਦੀ ਹੈ। ਵਾਤਾਵਰਣ ਤਬਦੀਲੀ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਤੇ ਵਧਦੀ ਗਰਮੀ ਇਕ ਵਿਅਕਤੀ ਦੀ ਸਰੀਰਕ ਤੌਰ ’ਤੇ ਸਰਗਰਮ ਰਹਿਣ ਦੀ ਸਮਰੱਥਾ ’ਤੇ ਅਸਰ ਪਾ ਸਕਦੀ ਹੈ। ਹਾਲ ਹੀ ਵਿਚ ਪ੍ਰਕਾਸ਼ਿਤ ਅਧਿਐਨ ’ਚ ਪਾਇਆ ਗਿਆ ਹੈ ਕਿ ਦੁਨੀਆ ਦੇ ਕੁਝ ਹਿੱਸਿਆਂ ’ਚ ਸਾਲ ਦੇ ਸਭ ਤੋਂ ਗਰਮ ਘੰਟਿਆਂ ਦੌਰਾਨ ਗਰਮ ਤੇ ਨਮੀ ਦੇ ਹਾਲਾਤ ਨੌਜਵਾਨਾਂ ਤੇ ਬਜ਼ੁਰਗਾਂ ਦੋਵਾਂ ਲਈ ਸਭ ਤੋਂ ਸੁਰੱਖਿਅਤ ਸਰੀਰਕ ਸਰਗਰਮੀਆਂ ਦੇ ਤੌਰ ’ਤੇ ਬੈਠੇ ਰਹਿਣ ਤੇ ਸੌਣ ਤੱਕ ਸੀਮਤ ਕਰ ਦਿੰਦੀਆਂ ਹਨ। ਖੋਜੀਆਂ ਨੇ ਤਾਪਮਾਨ ’ਚ ਵਾਧੇ ਦਾ ਵਿਸ਼ਲੇਸ਼ਣ ਕਰਨ ਲਈ ਸਾਲ 2000 ਤੋਂ 2022 ਵਿਚਾਲੇ 156 ਦੇਸ਼ਾਂ ਦੇ ਡਾਟਾ ਦਾ ਅਧਿਐਨ ਕੀਤਾ। ਇਸਦੇ ਆਧਾਰ ’ਤੇ ਇਹ ਅੰਦਾਜ਼ਾ ਲਗਾਇਆ ਕਿ 2050 ਤੱਕ ਵਧਦੇ ਤਾਪਮਾਨ ਦਾ ਆਲਮੀ ਪੱਧਰ ’ਤੇ ਸਰੀਰਕ ਸਰਗਰਮੀ ’ਤੇ ਕੀ ਪ੍ਰਭਾਵ ਪੈ ਸਕਦਾ ਹੈ।
ਕਸਰਤ ਨੂੰ ਲੈ ਕੇ ਡਬਲਯੂਐੱਚਓ ਦੇ ਮਾਪਦੰਡ
ਡਬਲਯੂਐੱਚਓ 18 ਤੋਂ 64 ਸਾਲ ਤੱਕ ਦੇ ਲੋਕਾਂ ਨੂੰ ਪ੍ਰਤੀ ਹਫਤਾ 150 ਮਿੰਟ ਮੱਧ ਪੱਧਰ ਦੀ ਕਸਰਤ ਜਾਂ 75 ਮਿੰਟ ਚੰਗਾ ਪਸੀਨਾ ਵਹਾਉਣ ਵਾਲੀ ਕਸਰਤ ਕਰਨ ਦੀ ਸਲਾਹ ਦਿੰਦੇ ਹਨ ਪਰ ਸਰੀਰਕ ਨਕਾਰਾਪਣ ਇਕ ਆਲਮੀ ਸਿਹਤ ਸਮੱਸਿਆ ਬਣਦੀ ਜਾ ਰਹੀ ਹੈ। ਇਸਦਾ ਕਾਰਨ ਇਹ ਹੈ ਕਿ ਹਰ ਤੀਜਾ ਬਾਲਗ ਡਬਲਯੂਐੱਚਓ ਵੱਲੋਂ ਹਫਤਾਵਾਰੀ ਕਸਰਤ ਲਈ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਪਾ ਰਿਹਾ।