ਖੜ੍ਹੀ ਕਾਰ ’ਚ ਧੁੱਪ ਤੋਂ ਬਚਾਉਣ ਲਈ ਬੱਚੇ ਨੂੰ ਬਿਠਾਇਆ, ਪਰ ਕਾਰ ਨੂੰ ਲੱਗ ਗਈ ਅੱਗ ਬੇਵੱਸ ਪਿਤਾ ਸਾਹਮਣੇ ਜ਼ਿੰਦਾ ਸੜਿਆ ਮਾਸੂਮ
ਪੁਲਿਸ ਮੁਤਾਬਕ, ਸੰਜੇ ਬਹੇਡੀਆ ਨੂੰ ਸ਼ਨਿਚਰਵਾਰ ਸਵੇਰੇ ਉਸ ਦੇ ਦੋਸਤ ਦਾ ਫੋਨ ਆਇਆ ਕਿ ਉਸ ਦਾ ਵਾਹਨ ਸਿਮਰੋਲ ਖੇਤਰ ਵਿਚ ਖ਼ਰਾਬ ਹੋ ਗਿਆ ਹੈ। ਸੰਜੇ ਮਦਦ ਲਈ ਆਪਣੀ ਕਾਰ ਰਾਹੀਂ ਘਰੋਂ ਨਿਕਲ ਰਿਹਾ ਸੀ ਤਾਂ ਉਨ੍ਹਾਂ ਦਾ ਇਕਲੌਤਾ ਪੁੱਤਰ ਨਾਲ ਜਾਣ ਲਈ ਜ਼ਿੱਦ ਕਰਨ ਲੱਗਾ।
Publish Date: Sun, 29 Mar 2026 08:35 AM (IST)
Updated Date: Sun, 29 Mar 2026 08:40 AM (IST)
ਨਈ ਦੁਨੀਆ ਪ੍ਰਤੀਨਿਧ, ਇੰਦੌਰ : ਇੰਦੌਰ ਦੇ ਸੰਜੇ ਨੇ ਡੇਢ ਮਹੀਨੇ ਪਹਿਲਾਂ ਦਿੱਲੀ ਤੋਂ ਜਿਹੜੀ ਸਵਿਫਟ ਕਾਰ ਖ਼ਰੀਦੀ ਸੀ, ਉਹ ਉਸ ਦੇ ਮਾਸੂਮ ਬੱਚੇ ਲਈ ਕਾਲ ਬਣ ਗਈ। ਸਾਢੇ ਤਿੰਨ ਸਾਲਾ ਬੱਚਾ ਚਿਰਾਗ ਜ਼ਿੱਦ ਕਰ ਕੇ ਪਿਤਾ ਨਾਲ ਕਾਰ ਵਿਚ ਘਰੋਂ ਨਿਕਲਿਆ ਸੀ। ਕਾਰ ਖੜ੍ਹੀ ਕਰ ਕੇ ਸੰਜੇ ਆਪਣੇ ਦੋਸਤ ਦਾ ਖ਼ਰਾਬ ਵਾਹਨ ਠੀਕ ਕਰਨ ਲੱਗਾ। ਇਸ ਦੌਰਾਨ ਧੁੱਪ ਤੋਂ ਬਚਾਉਣ ਲਈ ਬੱਚੇ ਨੂੰ ਕਾਰ ਵਿਚ ਬਿਠਾ ਦਿੱਤਾ। ਖਿੜਕੀ ਖੁੱਲ੍ਹੀ ਸੀ ਪਰ ਦਰਵਾਜ਼ਾ ਬੰਦ ਸੀ। ਇਸ ਦੌਰਾਨ ਕਾਰ ਨੂੰ ਅਚਾਨਕ ਅੱਗ ਲੱਗ ਗਈ। ਸਿਰਫ਼ 15 ਮੀਟਰ ਦੂਰ ਖੜ੍ਹੇ ਬੇਵੱਸ ਪਿਤੇ ਦੇ ਸਾਹਮਣੇ ਹੀ ਮਾਸੂਮ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।
ਪੁਲਿਸ ਮੁਤਾਬਕ, ਸੰਜੇ ਬਹੇਡੀਆ ਨੂੰ ਸ਼ਨਿਚਰਵਾਰ ਸਵੇਰੇ ਉਸ ਦੇ ਦੋਸਤ ਦਾ ਫੋਨ ਆਇਆ ਕਿ ਉਸ ਦਾ ਵਾਹਨ ਸਿਮਰੋਲ ਖੇਤਰ ਵਿਚ ਖ਼ਰਾਬ ਹੋ ਗਿਆ ਹੈ। ਸੰਜੇ ਮਦਦ ਲਈ ਆਪਣੀ ਕਾਰ ਰਾਹੀਂ ਘਰੋਂ ਨਿਕਲ ਰਿਹਾ ਸੀ ਤਾਂ ਉਨ੍ਹਾਂ ਦਾ ਇਕਲੌਤਾ ਪੁੱਤਰ ਨਾਲ ਜਾਣ ਲਈ ਜ਼ਿੱਦ ਕਰਨ ਲੱਗਾ। ਸੰਜੇ ਉਸ ਨੂੰ ਨਾਲ ਲੈ ਗਿਆ, ਗੱਡੀ ਵਿਚ ਡੀਜ਼ਲ ਭਰਵਾਇਆ ਅਤੇ ਮੌਕੇ ’ਤੇ ਪੁੱਜਾ। ਉੱਥੇ ਬਾਹਰ ਕਾਫ਼ੀ ਧੁੱਪ ਸੀ, ਇਸ ਲਈ ਉਸ ਨੇ ਚਿਰਾਗ ਨੂੰ ਗੱਡੀ ਵਿਚ ਹੀ ਬੈਠੇ ਰਹਿਣ ਦਿੱਤਾ। ਲਗਪਗ 30 ਮਿੰਟ ਬੀਤ ਗਏ। ਰਾਹਗੀਰਾਂ ਨੇ ਗੱਡੀ ’ਚੋਂ ਅੱਗ ਦੀ ਲਾਟਾਂ ਉੱਠਦੀਆਂ ਦੇਖੀਆਂ ਤਾਂ ਰੋਲਾ ਪਾਇਆ। ਸੰਜੇ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਪੂਰੀ ਤਰ੍ਹਾਂ ਲਾਕ ਹੋ ਚੁੱਕੀ ਸੀ। ਕੱਚ ਤੋੜਿਆ ਤਾਂ ਅੱਗ ਦੀ ਲਾਟਾਂ ਬਾਹਰ ਆ ਗਈਆਂ। ਪਾਣੀ ਤੇ ਫਾਇਰ ਐਕਸਟਿੰਗਯੂਸ਼ਰ ਨਾਲ ਅੱਗ ਬੁਝਾਈ ਪਰ ਉਦੋਂ ਤੱਕ ਚਿਰਾਗ ਪੂਰੀ ਤਰ੍ਹਾਂ ਝੁਲਸ ਚੁੱਕਾ ਸੀ। ਪੋਸਟਮਾਰਟਮ ਕਰਨ ਵਾਲੇ ਡਾ. ਅਮਿਤ ਸੋਨੀ ਨੇ ਦੱਸਿਆ ਕਿ ਬੱਚਾ 100 ਫ਼ੀਸਦੀ ਸੜ ਗਿਆ ਸੀ।
ਅੱਗੇ ਬਿਠਾਇਆ ਸੀ ਬੱਚਾ, ਲਾਸ਼ ਪਿਛਲੀ ਸੀਟ ’ਤੇ ਮਿਲੀ
ਚਸ਼ਮਦੀਦਾਂ ਮੁਤਾਬਕ, ਚਿਰਾਗ ਅੱਗੇ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ ਪਰ ਉਸ ਦੀ ਲਾਸ਼ ਪਿਛਲੀ ਸੀਟ ’ਤੇ ਮਿਲੀ। ਪੁਲਿਸ ਦਾ ਅਨੁਮਾਨ ਹੈ ਕਿ ਅੱਗ ਡੈਸ਼ਬੋਰਡ ਤੋਂ ਸ਼ੁਰੂ ਹੋਈ। ਅੱਗ ਤੋਂ ਬਚਣ ਲਈ ਬੱਚਾ ਪਿਛਲੀ ਸੀਟ ’ਤੇ ਭੱਜਿਆ ਪਰ ਦਰਵਾਜ਼ੇ ਨਹੀਂ ਖੁੱਲ੍ਹੇ। ਥਾਣਾ ਇੰਚਾਰਜ ਕੁਲਦੀਪ ਖੱਤਰੀ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋਇਆ। ਐੱਫਐੱਸਐੱਲ ਟੀਮ ਨੂੰ ਬੁਲਾ ਕੇ ਜਾਂਚ ਕੀਤੀ ਗਈ ਅਤੇ ਸਬੂਤ ਇਕੱਠੇ ਕੀਤੇ ਗਏ ਹਨ।