LPG Cylinder ਦੀ ਆਨਲਾਈਨ ਬੁਕਿੰਗ 'ਚ ਵਾਧਾ ਦੇਖਿਆ ਗਿਆ ਹੈ। ਸਰਕਾਰ ਅਨੁਸਾਰ ਪਹਿਲਾਂ ਕਰੀਬ 84 ਪ੍ਰਤੀਸ਼ਤ ਬੁਕਿੰਗ ਆਨਲਾਈਨ ਹੁੰਦੀ ਸੀ, ਜੋ ਹੁਣ ਵਧ ਕੇ ਲਗਪਗ 87 ਪ੍ਰਤੀਸ਼ਤ ਹੋ ਗਈ ਹੈ। ਬਿਹਾਰ, ਦਿੱਲੀ, ਹਰਿਆਣਾ ਤੇ ਰਾਜਸਥਾਨ ਸਮੇਤ ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਰ-ਘਰੇਲੂ ਐਲਪੀਜੀ ਸਿਲੰਡਰਾਂ ਦੀ ਵੰਡ ਦੇ ਹੁਕਮ ਜਾਰੀ ਕੀਤੇ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਪੱਛਮੀ ਏਸ਼ੀਆ 'ਚ ਵਧਦੇ ਤਣਾਅ ਵਿਚਾਲੇ ਭਾਰਤ ਸਰਕਾਰ ਨੇ ਦੇਸ਼ 'ਚ ਈਧਨ ਦੀ ਸਥਿਤੀ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਪੈਟਰੋਲ, ਡੀਜ਼ਲ, ਗੈਸ ਅਤੇ ਐਲਪੀਜੀ (LPG) ਦੀ ਸਪਲਾਈ ਆਮ ਹੈ ਅਤੇ ਦੇਸ਼ ਵਿੱਚ ਇਨ੍ਹਾਂ ਦੀ ਲੋੜੀਂਦੀ ਉਪਲਬਧਤਾ ਬਣੀ ਹੋਈ ਹੈ।
ਸਰਕਾਰ ਦੇ ਅਨੁਸਾਰ ਦੇਸ਼ ਦੀਆਂ ਸਾਰੀਆਂ ਰਿਫਾਇਨਰੀਆਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ ਤੇ ਕੱਚੇ ਤੇਲ ਦਾ ਲੋੜੀਂਦਾ ਭੰਡਾਰ ਵੀ ਰੱਖਿਆ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਪੈਟਰੋਲ ਅਤੇ ਡੀਜ਼ਲ ਦੇ ਉਤਪਾਦਨ ਵਿੱਚ ਆਤਮ-ਨਿਰਭਰ ਹੈ ਅਤੇ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਇਨ੍ਹਾਂ ਦੋਵਾਂ ਬਾਲਣਾਂ ਦੀ ਦਰਾਮਦ (import) ਕਰਨ ਦੀ ਲੋੜ ਨਹੀਂ ਹੈ।
ਸਰਕਾਰੀ ਜਾਣਕਾਰੀ ਅਨੁਸਾਰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਦੇਸ਼ ਭਰ ਦੇ ਪੈਟਰੋਲ ਪੰਪਾਂ 'ਤੇ ਈਧਨ ਦੀ ਨਿਯਮਤ ਸਪਲਾਈ ਕੀਤੀ ਜਾ ਰਹੀ ਹੈ। ਹੁਣ ਤਕ ਕਿਸੇ ਵੀ ਪੈਟਰੋਲ ਪੰਪ 'ਤੇ ਤੇਲ ਖ਼ਤਮ ਹੋਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।
ਸਰਕਾਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾ ਕੇ ਪੈਟਰੋਲ ਜਾਂ ਡੀਜ਼ਲ ਦੀ ਜ਼ਿਆਦਾ ਖਰੀਦਦਾਰੀ ਨਾ ਕਰਨ, ਕਿਉਂਕਿ ਦੇਸ਼ ਭਰ ਵਿਚ ਇਨ੍ਹਾਂ ਦੀ ਲੋੜੀਂਦੀ ਮਾਤਰਾ ਮੌਜੂਦ ਹੈ।
ਕੁਦਰਤੀ ਗੈਸ ਦੇ ਮਾਮਲੇ 'ਚ ਸਰਕਾਰ ਨੇ ਕਿਹਾ ਕਿ ਤਰਜੀਹੀ ਖੇਤਰਾਂ ਨੂੰ ਪੂਰੀ ਸਪਲਾਈ ਦਿੱਤੀ ਜਾ ਰਹੀ ਹੈ। ਘਰੇਲੂ ਪਾਈਪ ਗੈਸ ਅਤੇ ਸੀਐਨਜੀ (CNG) ਲਈ 100 ਪ੍ਰਤੀਸ਼ਤ ਗੈਸ ਸਪਲਾਈ ਜਾਰੀ ਹੈ, ਜਦੋਂਕਿ ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਲਈ ਗੈਸ ਸਪਲਾਈ ਲਗਭਗ 80 ਪ੍ਰਤੀਸ਼ਤ ਤਕ ਕੰਟਰੋਲ ਕੀਤੀ ਗਈ ਹੈ।
ਵੱਡੇ ਸ਼ਹਿਰਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਐਲਪੀਜੀ ਦੀ ਵਰਤੋਂ ਕਰਨ ਵਾਲੇ ਵਪਾਰਕ ਖਪਤਕਾਰਾਂ ਨੂੰ ਪਾਈਪ ਗੈਸ ਕੁਨੈਕਸ਼ਨ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸਦੇ ਲਈ ਲੋਕ ਸ਼ਹਿਰ ਗੈਸ ਵੰਡ ਕੰਪਨੀਆਂ ਦੇ ਪੋਰਟਲ, ਈਮੇਲ ਜਾਂ ਪੱਤਰ ਰਾਹੀਂ ਅਪਲਾਈ ਕਰ ਸਕਦੇ ਹਨ।
14 ਮਾਰਚ 2026 ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ ਅਤੇ ਸ਼ਹਿਰ ਗੈਸ ਵੰਡ ਕੰਪਨੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪਾਈਪ ਗੈਸ ਕੁਨੈਕਸ਼ਨ ਦੀ ਸਥਿਤੀ ਤੇ ਐਲਪੀਜੀ ਤੋਂ ਪਾਈਪ ਗੈਸ 'ਚ ਬਦਲਣ ਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਗਈ। ਸਰਕਾਰ ਦਾ ਕਹਿਣਾ ਹੈ ਕਿ ਇਸ ਦਿਸ਼ਾ ਵਿੱਚ ਕੰਮ ਤੇਜ਼ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰਾਂ ਵਿੱਚ ਗੈਸ ਸਪਲਾਈ ਹੋਰ ਬਿਹਤਰ ਹੋ ਸਕੇ।
ਸਰਕਾਰ ਅਨੁਸਾਰ ਮੌਜੂਦਾ ਅੰਤਰਰਾਸ਼ਟਰੀ ਹਾਲਾਤ ਨੂੰ ਦੇਖਦੇ ਹੋਏ ਐਲਪੀਜੀ ਦੀ ਸਪਲਾਈ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਦੇਸ਼ ਵਿੱਚ ਕਿਸੇ ਵੀ ਐਲਪੀਜੀ ਡਿਸਟ੍ਰੀਬਿਊਟਰ ਕੋਲ ਗੈਸ ਖ਼ਤਮ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਹਾਲਾਂਕਿ ਹਾਲ ਹੀ ਦੇ ਦਿਨਾਂ ਵਿੱਚ ਐਲਪੀਜੀ ਸਿਲੰਡਰਾਂ ਦੀ ਬੁਕਿੰਗ ਵਿੱਚ ਕਮੀ ਆਈ ਹੈ। ਸ਼ਨੀਵਾਰ ਨੂੰ ਕਰੀਬ 77 ਲੱਖ ਬੁਕਿੰਗ ਦਰਜ ਕੀਤੀਆਂ ਗਈਆਂ, ਜਦੋਂ ਕਿ 13 ਮਾਰਚ ਨੂੰ ਇਹ ਗਿਣਤੀ ਲਗਭਗ 88.8 ਲੱਖ ਸੀ।
ਐਲਪੀਜੀ ਸਿਲੰਡਰਾਂ ਦੀ ਆਨਲਾਈਨ ਬੁਕਿੰਗ 'ਚ ਵਾਧਾ ਦੇਖਿਆ ਗਿਆ ਹੈ। ਸਰਕਾਰ ਅਨੁਸਾਰ ਪਹਿਲਾਂ ਕਰੀਬ 84 ਪ੍ਰਤੀਸ਼ਤ ਬੁਕਿੰਗ ਆਨਲਾਈਨ ਹੁੰਦੀ ਸੀ, ਜੋ ਹੁਣ ਵਧ ਕੇ ਲਗਪਗ 87 ਪ੍ਰਤੀਸ਼ਤ ਹੋ ਗਈ ਹੈ। ਬਿਹਾਰ, ਦਿੱਲੀ, ਹਰਿਆਣਾ ਤੇ ਰਾਜਸਥਾਨ ਸਮੇਤ ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਰ-ਘਰੇਲੂ ਐਲਪੀਜੀ ਸਿਲੰਡਰਾਂ ਦੀ ਵੰਡ ਦੇ ਹੁਕਮ ਜਾਰੀ ਕੀਤੇ ਹਨ।
ਕਮਰਸ਼ੀਅਲ ਐਲਪੀਜੀ ਸਿਲੰਡਰ ਸੂਬਾ ਸਰਕਾਰਾਂ ਨੂੰ ਤਰਜੀਹ ਦੇ ਆਧਾਰ 'ਤੇ ਵੰਡਣ ਲਈ ਉਪਲਬਧ ਕਰਵਾਏ ਗਏ ਹਨ ਤੇ ਹੁਣ ਦੇਸ਼ ਦੇ 30 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖਪਤਕਾਰਾਂ ਲਈ ਉਪਲਬਧ ਹਨ।