ਹਿਮਾਚਲ ’ਚ ਚੰਬਾ ਤੋਂ ਪਾਂਗੀ ਨੂੰ ਜੋੜਨ ਵਾਲੇ ਸੱਚੇ ਜੋਤ ਮਾਰਗ ’ਤੇ ਇਕ ਕਾਰ 500 ਮੀਟਰ ਡੂੰਘੀ ਖੱਡ ’ਚ ਡਿੱਗ ਜਾਣ ਨਾਲ ਸੱਤ ਸੈਲਾਨੀਆਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ। ਸੈਲਾਨੀ ਕਰਨਾਟਕ ਦੇ ਬੈਂਗਲੁਰੂ ਦੇ ਰਹਿਣ ਵਾਲੇ ਸਨ, ਜਦਕਿ ਕਾਰ ਦਾ ਡਰਾਈਵਰ ਸਥਾਨਕ ਨਿਵਾਸੀ ਸੀ।
ਜਾਗਰਣ ਸੰਵਾਦਦਾਤਾ, ਚੰਬਾ : ਹਿਮਾਚਲ ’ਚ ਚੰਬਾ ਤੋਂ ਪਾਂਗੀ ਨੂੰ ਜੋੜਨ ਵਾਲੇ ਸੱਚੇ ਜੋਤ ਮਾਰਗ ’ਤੇ ਇਕ ਕਾਰ 500 ਮੀਟਰ ਡੂੰਘੀ ਖੱਡ ’ਚ ਡਿੱਗ ਜਾਣ ਨਾਲ ਸੱਤ ਸੈਲਾਨੀਆਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ। ਸੈਲਾਨੀ ਕਰਨਾਟਕ ਦੇ ਬੈਂਗਲੁਰੂ ਦੇ ਰਹਿਣ ਵਾਲੇ ਸਨ, ਜਦਕਿ ਕਾਰ ਦਾ ਡਰਾਈਵਰ ਸਥਾਨਕ ਨਿਵਾਸੀ ਸੀ। ਸੈਲਾਨੀਆਂ ਵਿਚ ਇੱਕੋ ਪਰਿਵਾਰ ਦੇ ਤਿੰਨ ਲੋਕ (ਮਾਤਾ-ਪਿਤਾ ਤੇ ਪੁੱਤਰ) ਸ਼ਾਮਲ ਸਨ।
ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਪਰ ਜਾਣਕਾਰੀ ਸ਼ਨਿਚਰਵਾਰ ਦੇਰ ਸ਼ਾਮ ਮਿਲੀ। ਦੂਰ-ਦੁਰਾਡਾ ਖੇਤਰ ਹੋਣ ਕਾਰਨ ਬਚਾਅ ਦਲ ਐਤਵਾਰ ਸਵੇਰੇ ਹੀ ਘਟਨਾ ਵਾਲੀ ਥਾਂ ’ਤੇ ਪੁੱਜ ਸਕਿਆ। ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਸਾਰੀਆਂ ਲਾਸ਼ਾਂ ਡੂੰਘੀ ਖੱਡ ’ਚੋਂ ਕੱਢੀਆਂ। ਮੈਡੀਕਲ ਕਾਲਜ ਚੰਬਾ ਵਿਚ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਡੀਐੱਸਪੀ ਚੁਰਾਹ ਰੰਜਨ ਸ਼ਰਮਾ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਡਲਹੌਜ਼ੀ ਤੋਂ ਸੱਚੇ ਜੋਤ ਲਈ ਨਿਕਲੀ ਸੈਲਾਨੀਆਂ ਦੀ ਗੱਡੀ (ਐੱਚਪੀ 01 ਸੀ-2133) ਸਵੇਰੇ ਲਗਪਗ 11 ਵਜੇ ਬੈਰਾਗੜ੍ਹ ਚੈੱਕਪੋਸਟ ਤੋਂ ਅੱਗੇ ਨਿਕਲੀ ਸੀ। ਇਸ ਤੋਂ ਬਾਅਦ ਇਹ ਗੱਡੀ ਨਾ ਤਾਂ ਪਾਂਗੀ ਪੁੱਜੀ ਤੇ ਨਾ ਹੀ ਬੈਰਾਗੜ੍ਹ ਗਈ। ਬੈਰਾਗੜ੍ਹ ਤੋਂ ਕਾਲਾਵਨ ਦੀ ਦੂਰੀ ਅੱਠ ਕਿਲੋਮੀਟਰ ਹੈ। ਸੱਚੇ ਜੋਤ ਵੱਲ ਪਤਾ ਕਰਨ ’ਤੇ ਵੀ ਗੱਡੀ ਦਾ ਕੋਈ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਰਸਤੇ ’ਚ ਗੱਡੀ ਦੀ ਤਲਾਸ਼ ਸ਼ੁਰੂ ਹੋਈ। ਇਸ ਦੌਰਾਨ ਕਾਲਾਵਨ ਨੇੜੇ ਤਿੱਖੇ ਮੋੜ ’ਤੇ ਸੜਕ ਦੇ ਬਾਹਰ ਵੱਲ ਨਿਸ਼ਾਨ ਦਿਖਾਈ ਦਿੱਤੇ। ਜਦੋਂ ਉੱਥੋਂ ਹੇਠਾਂ ਦੇਖਿਆ ਗਿਆ ਤਾਂ ਸੜਕ ਤੋਂ ਹੇਠਾਂ ਗੱਡੀ ਦਾ ਕੁਝ ਹਿੱਸਾ ਟੁੱਟਿਆ ਪਿਆ ਸੀ ਜਿਸ ਤੋਂ ਬਾਅਦ ਖੱਡ ’ਚ ਸੜਕ ਤੋਂ ਲਗਪਗ 500 ਮੀਟਰ ਹੇਠਾਂ ਇਕ ਗੱਡੀ ਪਈ ਦਿਖਾਈ ਦਿੱਤੀ ਜਿਸ ਦੇ ਪਰਖੱਚੇ ਉੱਡ ਗਏ ਸਨ। ਉਸ ਤੋਂ ਬਾਅਦ ਹੇਠਾਂ ਜਾ ਕੇ ਦੇਖਿਆ ਤਾਂ ਅੱਠ ਲੋਕਾਂ ਦੀਆਂ ਲਾਸ਼ਾਂ ਮਿਲੀਆਂ।
ਹਾਦਸੇ ’ਚ ਇਨ੍ਹਾਂ ਨੇ ਗਵਾਈ ਜਾਨ
ਡਰਾਈਵਰ ਵਿਸ਼ਵਾਸ ਸਲਹੋਤਾ ਪੁੱਤਰ ਥਾਮਸ ਵਾਸੀ ਹਿਮਾਚਲ, ਅਰਵਿੰਦ ਚੰਦਰਾਕਰ, ਪ੍ਰਾਚੀ ਪਤਨੀ ਅਰਵਿੰਦ ਚੰਦਰਾਕਰ, ਅਕਸ਼ਦ ਪੁੱਤਰ ਅਰਵਿੰਦ, ਦਰਸ਼ ਪੁੱਤਰ ਅਰਵਿੰਦ ਵਾਸੀ ਫਲੈਟ ਨੰਬਰ 001 ਕਾਡੂਗੋਡੀ ਬੈਂਗਲੁਰੂ ਤੋਂ ਇਲਾਵਾ ਪੀਜੀ ਕਾਰਤੀਗਿਆਯਨ, ਮਨੀਮਾਲਾ ਪਤਨੀ ਪੀਜੀ ਕਾਰਤੀਗਿਆਯਨ, ਨੰਦਨ ਪੁੱਤਰ ਪੀਜੀ ਕਾਰਤੀਗਿਆਯਨ ਨਿਵਾਸੀ ਫਲੈਟ ਨੰਬਰ ਏ-1 216 ਸਰੂਦ ਸਿੰਫਨੀ ਵ੍ਹਾਈਟ ਫੀਲਡ ਕਰਕਟਪਾ ਬੈਂਗਲੁਰੂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਦਾ ਪਰਿਵਾਰ ਮੂਲ ਰੂਪ ਵਿਚ ਛੱਤੀਸਗੜ੍ਹ ਦਾ ਰਹਿਣ ਵਾਲਾ ਸੀ ਪਰ ਇਸ ਵੇਲੇ ਬੈਂਗਲੁਰੂ ਵਿਚ ਹੀ ਰਹਿ ਰਿਹਾ ਸੀ।