- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟੀਸ਼ਨਰ ਦਾ ਤਰਕ ਹੈ ਕਿ ਕਾਨੂੰਨ ਅਨੁਸਾਰ, ਧਾਰਾ 498A (ਦਾਜ ਲਈ ਤੰਗ) ਤਹਿਤ ਸਿਰਫ਼ 'ਕਾਨੂੰਨੀ ਪਤਨੀ' ਹੀ ਆਪਣੇ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦੀ ਹੈ ਜਦੋਂਕਿ ਹਾਈ ਕੋਰਟ ਨੇ ਇਸ ਨਿਯਮ ਨੂੰ ਲਿਵ-ਇਨ ਰਿਲੇਸ਼ਨਸ਼ਿਪ 'ਤੇ ਵੀ ਲਾਗੂ ਕਰ ਦਿੱਤਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਕੀ ਇਕ ਵਿਆਹੁਤਾ ਪੁਰਸ਼ ਖ਼ਿਲਾਫ਼ ਉਸਦੀ 'ਲਿਵ-ਇਨ ਪਾਰਟਨਰ' ਵੱਲੋਂ ਦਾਜ ਲਈ ਤੰਗ ਕਰਨ ਦਾ ਮੁਕੱਦਮਾ ਦਰਜ ਕਰਵਾਇਆ ਜਾ ਸਕਦਾ ਹੈ, ਜਾਂ ਸਿਰਫ਼ ਕਾਨੂੰਨੀ ਤੌਰ 'ਤੇ ਵਿਆਹੀ ਪਤਨੀ ਹੀ ਦਾਜ ਲਈ ਤੰਗ ਕਰਨ ਦੀ ਸ਼ਿਕਾਇਤ ਕਰ ਸਕਦੀ ਹੈ? ਸੁਪਰੀਮ ਕੋਰਟ ਨੇ ਕਰਨਾਟਕ ਦੇ ਇਕ ਡਾਕਟਰ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਸ ਸਵਾਲ ਨੂੰ ਬੇਹੱਦ ਅਹਿਮ ਮੰਨਿਆ ਹੈ।
ਡਾਕਟਰ ਦਾ ਕਹਿਣਾ ਹੈ ਕਿ ਜਿਸ ਔਰਤ ਨੇ ਉਸ 'ਤੇ ਦਾਜ ਉਤਪੀੜਨ ਦਾ ਕੇਸ ਪਾਇਆ ਹੈ, ਉਸ ਨਾਲ ਉਸਦਾ ਵਿਆਹ ਨਹੀਂ ਹੋਇਆ। ਇਸ ਦੇ ਬਾਵਜੂਦ ਕਰਨਾਟਕ ਹਾਈ ਕੋਰਟ ਨੇ ਔਰਤ ਵੱਲੋਂ ਦਰਜ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ।
ਪਟੀਸ਼ਨਰ ਦਾ ਤਰਕ ਹੈ ਕਿ ਕਾਨੂੰਨ ਅਨੁਸਾਰ, ਧਾਰਾ 498A (ਦਾਜ ਲਈ ਤੰਗ) ਤਹਿਤ ਸਿਰਫ਼ 'ਕਾਨੂੰਨੀ ਪਤਨੀ' ਹੀ ਆਪਣੇ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦੀ ਹੈ ਜਦੋਂਕਿ ਹਾਈ ਕੋਰਟ ਨੇ ਇਸ ਨਿਯਮ ਨੂੰ ਲਿਵ-ਇਨ ਰਿਲੇਸ਼ਨਸ਼ਿਪ 'ਤੇ ਵੀ ਲਾਗੂ ਕਰ ਦਿੱਤਾ ਹੈ।
ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨਕੇ ਸਿੰਘ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਡਾਕਟਰ ਲੋਕੇਸ਼ ਬੀਐੱਚ ਦੀ ਅਪੀਲ 'ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਇਸ ਪਟੀਸ਼ਨ 'ਚ ਵਿਚਾਰਨ ਯੋਗ ਮੁੱਖ ਸਵਾਲ ਇਹ ਹੈ ਕਿ ਕੀ ਕੋਈ ਮਰਦ, ਜੋ ਕਿਸੇ ਔਰਤ ਨਾਲ ਵਿਆਹ ਵਰਗੇ ਲਿਵ-ਇਨ ਰਿਲੇਸ਼ਨਸ਼ਿਪ 'ਚ ਹੈ, ਉਸ 'ਤੇ ਆਈਪੀਸੀ (IPC) ਦੀ ਧਾਰਾ 498ਏ ਜਾਂ ਭਾਰਤੀ ਨਿਆ ਸੰਹਿਤਾ ਦੀ ਇਸ ਦੇ ਬਰਾਬਰ ਦੀ ਧਾਰਾ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ?
ਸੁਪਰੀਮ ਕੋਰਟ ਨੇ ਇਸ ਮੁੱਦੇ 'ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਵਧੀਕ ਸਾਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੂੰ ਅਦਾਲਤ ਦੀ ਸਹਾਇਤਾ ਕਰਨ ਦੀ ਬੇਨਤੀ ਕੀਤੀ ਹੈ। ਨਾਲ ਹੀ, ਐਡਵੋਕੇਟ ਨੀਨਾ ਨਰੀਮਨ ਨੂੰ 'ਐਮੀਕਸ ਕਿਊਰੀ' (ਅਦਾਲਤੀ ਸਲਾਹਕਾਰ) ਨਿਯੁਕਤ ਕੀਤਾ ਗਿਆ ਹੈ।
ਡਾਕਟਰ ਲੋਕੇਸ਼ ਇਕ ਦਿਲ ਦੇ ਰੋਗਾਂ ਦੇ ਮਾਹਿਰ (Cardiologist) ਹਨ। ਉਨ੍ਹਾਂ ਦਾ ਵਿਆਹ ਫਰਵਰੀ 2000 'ਚ ਨਵੀਨਾ ਨਾਲ ਹੋਇਆ ਸੀ।
ਇਕ ਹੋਰ ਔਰਤ ਤੀਰਥਾ ਨੇ ਦੋਸ਼ ਲਾਇਆ ਕਿ ਉਸਦਾ ਵਿਆਹ ਲੋਕੇਸ਼ ਨਾਲ 2010 ਵਿਚ ਹੋਇਆ ਸੀ। 2016 'ਚ ਉਸਨੇ ਲੋਕੇਸ਼ ਵਿਰੁੱਧ ਦਾਜ ਦੀ ਮੰਗ ਕਰਨ ਅਤੇ ਉਸਨੂੰ ਸਾੜਨ ਦੀ ਕੋਸ਼ਿਸ਼ ਕਰਨ ਦੀ ਸ਼ਿਕਾਇਤ ਦਰਜ ਕਰਵਾਈ।
ਡਾਕਟਰ ਲੋਕੇਸ਼ ਦੇ ਮਾਲਕ (Employer) ਨੇ ਤਸਦੀਕ ਕੀਤਾ ਕਿ ਕਥਿਤ ਘਟਨਾ ਵਾਲੇ ਦਿਨ ਉਹ ਹਸਪਤਾਲ 'ਚ ਡਿਊਟੀ 'ਤੇ ਸਨ। ਲੋਕੇਸ਼ ਨੇ ਬੈਂਗਲੁਰੂ ਦੀ ਫੈਮਿਲੀ ਕੋਰਟ 'ਚ ਕੇਸ ਦਾਇਰ ਕਰ ਕੇ ਇਹ ਐਲਾਨ ਕਰਨ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਅਤੇ ਤੀਰਥਾ ਵਿਚਕਾਰ ਕੋਈ ਵਿਆਹੁਤਾ ਸਬੰਧ ਨਹੀਂ ਸੀ, ਜਿਸ 'ਤੇ ਫੈਸਲਾ ਆਉਣਾ ਅਜੇ ਬਾਕੀ ਹੈ।