ਆਈਏਐੱਨਐੱਸ ਦੇ ਅਨੁਸਾਰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਆਨਲਾਈਨ ਐੱਲਪੀਜੀ ਬੁਕਿੰਗ 95 ਫੀਸਦੀ ਤੱਕ ਵਧ ਗਈ ਹੈ ਤੇ ਚਾਰ ਅਪ੍ਰੈਲ ਨੂੰ 51 ਲੱਖ ਤੋਂ ਵੱਧ ਘਰੇਲੂ ਸਿਲੰਡਰ ਵੰਡੇ ਗਏ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਨੂੰ ਰੋਕਨ ਲਈ ਡਿਲੀਵਰੀ ਆਥੈਂਟੀਕੇਸ਼ਨ ਕੋਡ (ਡੀਏਸੀ) ਆਧਾਰਿਤ ਡਿਲੀਵਰੀ ਵੀ 53 ਫੀਸਦੀ ਤੋਂ ਵਧ ਕੇ ਹੁਣ 90 ਫੀਸਦੀ ਹੋ ਗਈ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪ੍ਰਵਾਸੀ ਕਿਰਤੀਆਂ, ਵਿਦਿਆਰਥੀਆਂ ਤੇ ਦਿਹਾੜੀਦਾਰਾਂ ਨੂੰ ਐਤਵਾਰ ਨੂੰ ਵੱਡੀ ਰਾਹਤ ਦਿੱਤੀ। ਅਜਿਹੇ ਲੋਕ ਹੁਣ ਸਿਰਫ ਪਛਾਣ ਪੱਤਰ ਦਿਖਾ ਕੇ ਕਿਸੇ ਵੀ ਗੈਸ ਏਜੰਸੀ ਤੋਂ ਪੰਜ ਕਿਲੋਗ੍ਰਾਮ ਦਾ ਫਰੀ ਟਰੇਡ ਐੱਲਪੀਜੀ (ਐੱਫਟੀਐੱਲ) ਸਿਲੰਡਰ ਖਰੀਦ ਸਕਨਗੇ ਭਾਵ ਸਿਲੰਡਰ ਲੈਣ ਲਈ ਪਤੇ ਦੇ ਸਬੂਤ ਦੀ ਲੋੜ ਨਹੀਂ ਹੋਵੇਗੀ। ਅਸਲ ’ਚ ਪੱਕਾ ਪਤਾ ਨਾ ਹੋਣ ਕਾਰਨ ਐੱਲਪੀਜੀ ਲੈਣ ’ਚ ਇਨ੍ਹਾਂ ਵਰਗਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਸੀ ਤੇ ਉਨ੍ਹਾਂ ਨੂੰ ਖਾਣਾ ਬਣਾਉਣ ’ਚ ਪਰੇਸ਼ਾਨੀ ਹੋ ਰਹੀ ਸੀ। ਪੱਛਮੀ ਏਸ਼ੀਆ ਸੰਕਟ ਵਿਚਾਲੇ ਸਰਕਾਰ ਨੇ ਐੱਲਪੀਜੀ ਦੀ ਸਪਲਾਈ ਵੀ ਵਧਾ ਦਿੱਤੀ ਹੈ।
ਆਈਏਐੱਨਐੱਸ ਦੇ ਅਨੁਸਾਰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਆਨਲਾਈਨ ਐੱਲਪੀਜੀ ਬੁਕਿੰਗ 95 ਫੀਸਦੀ ਤੱਕ ਵਧ ਗਈ ਹੈ ਤੇ ਚਾਰ ਅਪ੍ਰੈਲ ਨੂੰ 51 ਲੱਖ ਤੋਂ ਵੱਧ ਘਰੇਲੂ ਸਿਲੰਡਰ ਵੰਡੇ ਗਏ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਨੂੰ ਰੋਕਨ ਲਈ ਡਿਲੀਵਰੀ ਆਥੈਂਟੀਕੇਸ਼ਨ ਕੋਡ (ਡੀਏਸੀ) ਆਧਾਰਿਤ ਡਿਲੀਵਰੀ ਵੀ 53 ਫੀਸਦੀ ਤੋਂ ਵਧ ਕੇ ਹੁਣ 90 ਫੀਸਦੀ ਹੋ ਗਈ ਹੈ। ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਨਲਾਈਨ ਬੁਕਿੰਗ ਦੀ ਵਰਤੋਂ ਕਰਨ। ਮੰਤਰਾਲਾ ਨੇ ਕਿਹਾ ਕਿ ਪੰਜ ਕਿਲੋ ਵਾਲੇ ਐੱਲਪੀਜੀ ਸਿਲੰਡਰਾਂ ਦੀ ਵਿਕਰੀ ਸ਼ਨੀਵਾਰ ਨੂੰ 90,000 ਦਾ ਅੰਕੜਾ ਪਾਰ ਕਰ ਗਈ। ਨਾਲ ਹੀ ਦੱਸਿਆ ਕਿ 23 ਮਾਰਚ ਤੋਂ ਹੁਣ ਤੱਕ ਪੂਰੇ ਦੇਸ਼ ’ਚ ਲਗਪਗ 6.60 ਲੱਖ ਸਿਲੰਡਰ ਵੇਚੇ ਜਾ ਚੁੱਕੇ ਹਨ•। ਪੀਐੱਨਜੀ ਕੁਨੈਕਸ਼ਨਾਂ ਦਾ ਵੀ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ ਤੇ ਮਾਰਚ ’ਚ 3.60 ਲੱਖ ਕੁਨੈਕਸ਼ਨ ਜੋੜੇ ਗਏ ਹਨ। ਐੱਲਪੀਜੀ ਤੇ ਪੀਐੱਨਜੀ ਦੀ ਉਪਲਬਧਤਾ ਯਕੀਨੀ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਏਐੱਨਆਈ ਅਨੁਸਾਰ ਆਲ ਇੰਡੀਆ ਐੱਲਪੀਜੀ ਡਿਸਟ੍ਰੀਬਿਊਟਰਜ਼ ਫੈੱਡਰੇਸ਼ਨ ਦੇ ਪ੍ਰਧਾਨ ਚੰਦਰ ਪ੍ਰਕਾਸ਼ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਕਮਜ਼ੋਰ ਵਰਗਾਂ ਲਈ ਸਰਕਾਰ ਦਾ ਇਕ ਚੰਗਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਲੋੜਵੰਦ ਲੋਕ ਸਿਰਫ ਇਕ ਯੋਗ ਪਛਾਣ ਪੱਤਰ ਦਿਖਾ ਕੇ ਇਨ੍ਹਾਂ ਸਿਲੰਡਰਾਂ ਨੂੰ ਅਧਿਕਾਰਤ ਡਿਸਟ੍ਰੀਬਿਊਟਰਾਂ ਤੋਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਲੰਡਰ ਲੈਣ ਵਾਲਿਆਂ ਨੂੰ ਨਾਲ ਹੀ ਇਕ ਸਹੁੰ-ਪੱਤਰ ਵੀ ਦੇਣਾ ਹੋਵੇਗਾ ਕਿ ਉਹ ਇਸ ਦਾ ਇਸਤੇਮਾਲ ਸਿਰਫ ਖਾਣਾ ਪਕਾਉਣ ਲਈ ਕਰਨਗੇ।
ਕਾਲਾਬਾਜ਼ਾਰੀ ਦੇ ਵਿਰੁੱਧ ਕਾਰਵਾਈ ਤੇਜ਼, ਹੁਣ ਤੱਕ 50,000 ਸਿਲੰਡਰ ਜ਼ਬਤ
ਪੀਟੀਆਈ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਐੱਲਪੀਜੀ ਸਿਲੰਡਰਾਂ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਹੁਣ ਤੱਕ 50,000 ਤੋਂ ਵੱਧ ਸਿਲੰਡਰ ਜ਼ਬਤ ਕੀਤੇ ਗਏ ਹਨ। ਐੱਲਪੀਜੀ ਡਿਸਟ੍ਰਿਬਿਊਟਰਾਂ ਨੂੰ 1,400 ਤੋਂ ਵੱਧ ਕਾਰਨ ਦੱਸੋ ਨੋਟਿਸ ਦਿੱਤੇ ਗਏ ਹਨ ਤੇ ਉਨ੍ਹਾਂ ’ਚੋਂ 36 ਦੀ ਡੀਲਰਸ਼ਿਪ ਖਤਮ ਕੀਤੀ ਜਾ ਚੁੱਕੀ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਊਰਜਾ ਦੀ ਬਚਤ ਕਰਨ ਤੇ ਅਫਵਾਹਾਂ ਤੋਂ ਸਾਵਧਾਨ ਰਹਿਣ। ਤੇਲ ਦਾ ਲੋੜੀਂਦਾ ਸਟਾਕ ਮੁਹੱਈਆ ਹੈ। ਰਿਫਾਈਨਰੀਆਂ ਪੂਰੀ ਸਮਰੱਥਾ ਨਾਲ ਉਤਪਾਦਨ ਕਰ ਰਹੀਆਂ ਹਨ।