- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਪੱਧਰ 'ਤੇ ਵੀ Breast Cancer ਔਰਤਾਂ 'ਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਕੈਂਸਰ ਹੈ। ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਸਮੇਂ ਸਿਰ ਸਕ੍ਰੀਨਿੰਗ ਅਤੇ ਇਲਾਜ ਨਾਲ ਇਸ ਕੈਂਸਰ ਤੋਂ ਬਚਾਅ ਜਾਂ ਜਾਨ ਬਚਾਉਣੀ ਕਾਫੀ ਹੱਦ ਤਕ ਸੰਭਵ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਦੇਸ਼ ਵਿੱਚ ਔਰਤਾਂ ਦੀ ਸਿਹਤ ਲਈ ਕੈਂਸਰ ਇਕ ਗੰਭੀਰ ਚੁਣੌਤੀ ਬਣ ਕੇ ਉੱਭਰਿਆ ਹੈ। ਰਾਜ ਸਭਾ 'ਚ ਸਿਹਤ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਵੱਲੋਂ ਪੇਸ਼ ਕੀਤੇ ਗਏ ਤਾਜ਼ਾ ਅੰਕੜੇ ਇਸ ਦੀ ਭਿਆਨਕਤਾ ਨੂੰ ਬਿਆਨ ਕਰਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਸਾਲ 2021 ਤੋਂ 2025 ਦੇ ਵਿਚਕਾਰ ਬ੍ਰੈਸਟ ਕੈਂਸਰ (Breast Cancer) ਦੇ ਨਵੇਂ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ 'ਚ ਕਰੀਬ 13 ਪ੍ਰਤੀਸ਼ਤ ਦਾ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। ਮੰਤਰਾਲੇ ਅਨੁਸਾਰ, ਸਾਲ 2025 'ਚ ਬ੍ਰੈਸਟ ਕੈਂਸਰ ਦੇ ਨਵੇਂ ਮਾਮਲਿਆਂ ਦਾ ਅੰਕੜਾ 2.40 ਲੱਖ ਦੇ ਪਾਰ ਪਹੁੰਚਣ ਦਾ ਅਨੁਮਾਨ ਹੈ ਜੋ ਦੇਸ਼ ਦੀ ਸਿਹਤ ਪ੍ਰਣਾਲੀ ਲਈ ਵੱਡੀ ਚੁਣੌਤੀ ਹੈ।
ਹਾਲਾਂਕਿ, ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਮੌਤ ਦਰ ਦੇ ਮਾਮਲੇ 'ਚ 'ਓਵੇਰੀਅਨ ਕੈਂਸਰ' (Ovarian Cancer) ਸਭ ਤੋਂ ਵੱਧ ਘਾਤਕ ਸਾਬਤ ਹੋ ਰਿਹਾ ਹੈ ਜਿਸ ਦੀ ਮੌਤ ਦਰ ਲਗਪਗ 61% ਹੈ। ਇਸ ਤੋਂ ਬਾਅਦ ਸਰਵਾਈਕਲ ਕੈਂਸਰ 'ਚ ਮੌਤ ਦਰ 54% ਅਤੇ ਬ੍ਰੈਸਟ ਕੈਂਸਰ 'ਚ 43% ਮਾਪੀ ਗਈ ਹੈ।
ਬਿਹਾਰ ਅਤੇ ਛੱਤੀਸਗੜ੍ਹ 'ਚ ਬਿਮਾਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਸੂਬਿਆਂ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਤੇ ਰਾਜਸਥਾਨ 'ਚ ਕੈਂਸਰ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ, ਬਿਹਾਰ ਅਤੇ ਛੱਤੀਸਗੜ੍ਹ 'ਚ ਕੈਂਸਰ ਦਾ ਗ੍ਰਾਫ਼ ਸਭ ਤੋਂ ਤੇਜ਼ੀ ਨਾਲ ਵਧਿਆ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਨਵੇਂ ਮਾਮਲਿਆਂ ਵਿੱਚ ਲਗਪਗ 21-22% ਅਤੇ ਮੌਤਾਂ ਦੇ ਅੰਕੜਿਆਂ ਵਿੱਚ ਕਰੀਬ 20% ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ।
ਇਸ ਸੰਕਟ ਨਾਲ ਨਜਿੱਠਣ ਲਈ ਸਰਕਾਰ ਨੇ ਕਮਰ ਕੱਸ ਲਈ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਬਿਮਾਰੀ ਦਾ ਸ਼ੁਰੂਆਤੀ ਪੜਾਅ 'ਤੇ ਹੀ ਪਤਾ ਲਗਾਉਣ ਲਈ ਸਰਕਾਰ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਲਾਜ਼ਮੀ ਸਕ੍ਰੀਨਿੰਗ 'ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ, ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕਰਕੇ ਜਾਨ ਬਚਾਈ ਜਾ ਸਕੇ। ਵਿਸ਼ਵ ਪੱਧਰ 'ਤੇ ਵੀ ਬ੍ਰੈਸਟ ਕੈਂਸਰ ਔਰਤਾਂ ਵਿੱਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਕੈਂਸਰ ਹੈ। ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਸਮੇਂ ਸਿਰ ਸਕ੍ਰੀਨਿੰਗ ਅਤੇ ਇਲਾਜ ਨਾਲ ਇਸ ਕੈਂਸਰ ਤੋਂ ਬਚਾਅ ਜਾਂ ਜਾਨ ਬਚਾਉਣੀ ਕਾਫੀ ਹੱਦ ਤੱਕ ਸੰਭਵ ਹੈ।