ਮਹਿਲਾ ਸਸ਼ਕਤੀਕਰਨ ਵੱਲ ਵੱਡਾ ਕਦਮ: ਹੁਣ ਟੋਲ ਪਲਾਜ਼ਿਆਂ ਦੀ ਕਮਾਨ ਸਾਂਭਣਗੀਆਂ ਔਰਤਾਂ, 1140 ਟੋਲ ਪਲਾਜ਼ਿਆਂ 'ਤੇ 5100 ਔਰਤਾਂ ਦੀ ਤਾਇਨਾਤੀ
ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਟੋਲ ਸੰਚਾਲਨ ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਤੇ ਕੰਮ ਵਾਲੀ ਥਾਂ ’ਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਇਹ ਪਹਿਲ ਕੀਤੀ ਗਈ ਹੈ।
Publish Date: Sat, 07 Mar 2026 08:52 AM (IST)
Updated Date: Sat, 07 Mar 2026 08:57 AM (IST)
ਨਵੀਂ ਦਿੱਲੀ (ਪੀਟੀਆਈ) : ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਮਹਿਲਾ ਸਸ਼ਕਤੀਕਰਨ ਨੂੰ ਹੱਲਾਸ਼ੇਰੀ ਦੇਣ ਲਈ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗ ਤੇ ਐਕਸਪ੍ਰੈੱਸਵੇਅ ਨੈੱਟਵਰਕ ’ਤੇ ਸਥਿਤ 1140 ਤੋਂ ਵੱਧ ਟੋਲ ਪਲਾਜ਼ਿਆਂ ’ਤੇ ਦਿਨ ਦੀ ਸ਼ਿਫਟ ’ਚ 5100 ਤੋਂ ਵੱਧ ਔਰਤ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।
ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਟੋਲ ਸੰਚਾਲਨ ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਤੇ ਕੰਮ ਵਾਲੀ ਥਾਂ ’ਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਇਹ ਪਹਿਲ ਕੀਤੀ ਗਈ ਹੈ। ਮੰਤਰਾਲੇ ਅਨੁਸਾਰ, ਟੋਲ ਪਲਾਜ਼ਾ ਦੇ ਸੰਚਾਲਕਾਂ ਤੇ ਉਦਯੋਗ ਨਾਲ ਜੁੜੇ ਸੰਗਠਨਾਂ ਨੈਸ਼ਨਲ ਹਾਈਵੇਜ਼ ਬਿਲਡਰ ਫੈਡਰੇਸ਼ਨ, ਹਾਈਵੇ ਆਪ੍ਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਤੇ ਆਲ ਇੰਡੀਆ ਯੂਜ਼ਰ ਫੀ ਕੰਟਰੈਕਟਰਜ਼ ਫੈਡਰੇਸ਼ਨ ਨਾਲ ਵਿਚਾਰ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਇਸ ਪਹਿਲ ਦੇ ਤਹਿਤ ਟੋਲ ਪਲਾਜ਼ਾਂ ’ਤੇ ਟੈਕਸ ਵਸੂਲੀਤੇ ਸੰਚਾਲਨ ’ਚ ਔਰਤਾਂ ਦੀ ਸਰਗਰਮ ਭੂਮਿਕਾ ਯਕੀਨੀ ਕੀਤੀ ਜਾ ਰਹੀ ਹੈ। ਐੱਨਐੱਚਏਆਈ ਅਨੁਸਾਰ, ਅੱਗੇ ਵੀ ਹੋਰ ਮਹਿਲਾ ਮੁਲਾਜ਼ਮਾਂ ਨੂੰ ਇਸ ਕੰਮ ਨਾਲ ਜੋੜਿਆ ਜਾਵੇਗਾ। ਐੱਨਐੱਚਏਆਈ ਤਾਇਨਾਤ ਮਹਿਲਾ ਮੁਲਾਜ਼ਮਾਂ, ਖ਼ਾਸ ਕਰਕੇ ਪੇਂਡੂ ਖੇਤਰਾਂ ਤੋਂ ਆਉਣ ਵਾਲੀਆਂ ਔਰਤਾਂ ਨੂੰ ਵਿਸ਼ੇਸ਼ ਸਿਖਲਾਈ ਦੇਵੇਗਾ। ਇਸ ਵਿਚ ਰਾਜਮਾਰਗ ਵਰਤਣ ਵਾਲਿਆਂ ਨਾਲ ਸ਼ਾਂਤ ਵਿਹਾਰ, ਐਮਰਜੈਂਸੀ ਨਾਲ ਨਜਿੱਠਣ, ਸੁਰੱਖਿਆ ਨਿਯਮਾਂ ਤੇ ਟੋਲ ਪਲਾਜ਼ਾ ਦੇ ਸੁਚਾਰੂ ਸੰਚਾਲਨ ਨਾਲ ਜੁੜੀ ਜਾਣਕਾਰੀ ਦਿੱਤੀ ਜਾਵੇਗਾ, ਤਾਂਕਿ ਸੇਵਾ ਦੀ ਗੁਣਵੱਤਾ ਤੇ ਸੁਰੱਖਿਆ ਦੋਵੇਂ ਯਕੀਨੀ ਕੀਤੇ ਜਾ ਸਕਣ।