ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ: 8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਹਰੀ ਝੰਡੀ, ਪਰ ਕੀ 1 ਜਨਵਰੀ ਤੋਂ ਵਧੇਗੀ ਤਨਖਾਹ? ਪੜ੍ਹੋ ਪੂਰੀ ਡਿਟੇਲ
ਇਹ ਅਜੇ ਤੈਅ ਨਹੀਂ ਹੈ ਕਿ ਨਵੀਂ ਤਨਖਾਹ ਕਦੋਂ ਤੋਂ ਮਿਲਣੀ ਸ਼ੁਰੂ ਹੋਵੇਗੀ। ਕਮਿਸ਼ਨ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗਾ, ਫਿਰ ਸਰਕਾਰ ਉਸ ਦੀ ਸਮੀਖਿਆ ਕਰੇਗੀ ਅਤੇ ਮਨਜ਼ੂਰੀ ਦੇਵੇਗੀ। ਉਸ ਤੋਂ ਬਾਅਦ ਹੀ ਨਵਾਂ ਪੇ-ਮੈਟ੍ਰਿਕਸ ਅਤੇ ਫਿਟਮੈਂਟ ਫੈਕਟਰ ਲਾਗੂ ਹੋਵੇਗਾ
Publish Date: Tue, 30 Dec 2025 12:49 PM (IST)
Updated Date: Tue, 30 Dec 2025 01:00 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਨਵਾਂ ਸਾਲ ਉਮੀਦਾਂ ਭਰਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਨੇ 8ਵੇਂ ਤਨਖਾਹ ਕਮਿਸ਼ਨ (8th Pay Commission) ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਦੇ ਮੈਂਬਰਾਂ ਦਾ ਐਲਾਨ ਵੀ ਹੋ ਚੁੱਕਾ ਹੈ।
ਮੁਲਾਜ਼ਮ ਲੰਬੇ ਸਮੇਂ ਤੋਂ ਤਨਖਾਹ ਵਿੱਚ ਵਾਧੇ ਦਾ ਇੰਤਜ਼ਾਰ ਕਰ ਰਹੇ ਸਨ ਪਰ ਅਜੇ ਤੁਰੰਤ ਕੋਈ ਰਾਹਤ ਨਹੀਂ ਮਿਲਣ ਵਾਲੀ। ਯਾਨੀ ਮੁਲਾਜ਼ਮਾਂ ਨੂੰ ਇਸ ਦਾ ਫ਼ਾਇਦਾ ਹੁਣੇ ਨਹੀਂ ਮਿਲੇਗਾ।
8ਵੇਂ ਤਨਖਾਹ ਕਮਿਸ਼ਨ ਦੇ ਮੈਂਬਰਾਂ ਦਾ ਐਲਾਨ ਹੋ ਚੁੱਕਾ ਹੈ। ਰਿਟਾਇਰਡ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਨੂੰ ਇਸ ਦਾ ਚੇਅਰਪਰਸਨ ਬਣਾਇਆ ਗਿਆ ਹੈ। ਮੈਂਬਰ-ਸਕੱਤਰ ਵਜੋਂ 1990 ਬੈਚ ਦੇ IAS ਅਧਿਕਾਰੀ ਪੰਕਜ ਜੈਨ ਨਿਯੁਕਤ ਕੀਤੇ ਗਏ ਹਨ, ਜਦੋਂ ਕਿ IIM ਬੈਂਗਲੁਰੂ ਦੇ ਪ੍ਰੋਫੈਸਰ ਪੁਲਕ ਘੋਸ਼ ਪਾਰਟ-ਟਾਈਮ ਮੈਂਬਰ ਹੋਣਗੇ। ਇਹ ਕਮਿਸ਼ਨ ਕੇਂਦਰੀ ਮੁਲਾਜ਼ਮਾਂ ਦੀ ਤਨਖਾਹ, ਭੱਤਿਆਂ ਅਤੇ ਪੈਨਸ਼ਨ ਦੀ ਸਮੀਖਿਆ ਕਰੇਗਾ।
ਤਨਖਾਹ 'ਚ ਵਾਧਾ ਕਦੋਂ ਤੱਕ ਨਹੀਂ ਹੋਵੇਗਾ
ਮੈਂਬਰਾਂ ਦੇ ਐਲਾਨ ਤੋਂ ਬਾਅਦ ਮੁਲਾਜ਼ਮਾਂ ਨੂੰ ਲੱਗਿਆ ਕਿ ਜਲਦੀ ਹੀ ਤਨਖਾਹ ਵਧ ਜਾਵੇਗੀ ਪਰ ਅਜਿਹਾ ਨਹੀਂ ਹੈ:
ਆਮ ਤੌਰ 'ਤੇ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਹਰ ਦਸ ਸਾਲਾਂ ਬਾਅਦ ਲਾਗੂ ਹੁੰਦੀਆਂ ਹਨ। ਕੈਬਨਿਟ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਸਾਫ਼ ਕਿਹਾ ਸੀ ਕਿ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਆਮ ਤੌਰ 'ਤੇ 1 ਜਨਵਰੀ 2026 ਤੋਂ ਲਾਗੂ ਹੋਣ ਦੀ ਉਮੀਦ ਹੈ ਪਰ ਅਜੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਆਈਆਂ ਹੀ ਨਹੀਂ ਹਨ। ਕਮਿਸ਼ਨ ਨੂੰ ਆਪਣੀ ਰਿਪੋਰਟ ਦੇਣ ਲਈ ਕਰੀਬ 18 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ 1 ਜਨਵਰੀ ਤੋਂ ਤੁਹਾਡੀ ਤਨਖਾਹ ਵਿੱਚ ਕੋਈ ਤੁਰੰਤ ਵਾਧਾ ਨਹੀਂ ਹੋਵੇਗਾ। ਅਜੇ ਪੁਰਾਣੀ 7ਵੇਂ ਤਨਖਾਹ ਕਮਿਸ਼ਨ ਦੀ ਵਿਵਸਥਾ ਹੀ ਲਾਗੂ ਰਹੇਗੀ।
ਏਰੀਅਰ (Arrears) ਦਾ ਕੀ ਬਣੇਗਾ
'ਲਾਈਵ ਮਿੰਟ' ਅਨੁਸਾਰ, ਚੰਗੀ ਖ਼ਬਰ ਇਹ ਹੈ ਕਿ ਕਮਿਸ਼ਨ ਲਾਗੂ ਹੋਣ ਦੀ ਤਾਰੀਖ਼ 1 ਜਨਵਰੀ 2026 ਹੀ ਮੰਨੀ ਜਾ ਰਹੀ ਹੈ। ਯਾਨੀ ਜਦੋਂ ਵੀ ਸਰਕਾਰ ਸਿਫ਼ਾਰਸ਼ਾਂ ਨੂੰ ਸਵੀਕਾਰ ਕਰੇਗੀ ਅਤੇ ਨਵੀਂ ਤਨਖਾਹ ਲਾਗੂ ਹੋਵੇਗੀ ਤਾਂ 1 ਜਨਵਰੀ 2026 ਤੋਂ ਲੈ ਕੇ ਲਾਗੂ ਹੋਣ ਦੀ ਤਾਰੀਖ਼ ਤੱਕ ਦਾ ਏਰੀਅਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ। ਇਸ ਨਾਲ ਮੁਲਾਜ਼ਮਾਂ ਨੂੰ ਇਕੱਠੀ ਵੱਡੀ ਰਕਮ ਮਿਲ ਸਕਦੀ ਹੈ।
ਸੈਲਰੀ ਹਾਈਕ ਕਦੋਂ ਲਾਗੂ ਹੋਵੇਗਾ
ਇਹ ਅਜੇ ਤੈਅ ਨਹੀਂ ਹੈ ਕਿ ਨਵੀਂ ਤਨਖਾਹ ਕਦੋਂ ਤੋਂ ਮਿਲਣੀ ਸ਼ੁਰੂ ਹੋਵੇਗੀ। ਕਮਿਸ਼ਨ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗਾ, ਫਿਰ ਸਰਕਾਰ ਉਸ ਦੀ ਸਮੀਖਿਆ ਕਰੇਗੀ ਅਤੇ ਮਨਜ਼ੂਰੀ ਦੇਵੇਗੀ। ਉਸ ਤੋਂ ਬਾਅਦ ਹੀ ਨਵਾਂ ਪੇ-ਮੈਟ੍ਰਿਕਸ ਅਤੇ ਫਿਟਮੈਂਟ ਫੈਕਟਰ ਲਾਗੂ ਹੋਵੇਗਾ।
ਅੰਦਾਜ਼ਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਇਹ 2027 ਜਾਂ 2028 ਵਿੱਚ ਪੂਰੀ ਤਰ੍ਹਾਂ ਲਾਗੂ ਹੋ ਸਕਦਾ ਹੈ ਪਰ ਏਰੀਅਰ 2026 ਤੋਂ ਹੀ ਗਿਣਿਆ ਜਾਵੇਗਾ। ਲੱਖਾਂ ਪਰਿਵਾਰਾਂ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੋਈਆਂ ਹਨ।