ਅਗਲੇ 2-3 ਸਾਲਾਂ 'ਚ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇਗੀ 'ਭਾਰਤ ਟੈਕਸੀ' ਸੇਵਾ, ਰਾਜ ਸਭਾ 'ਚ ਹੋਇਆ ਵੱਡਾ ਐਲਾਨ
ਪਿਛਲੇ ਮਹੀਨੇ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਵੱਲੋਂ ਲਾਂਚ ਕੀਤੀ ਗਈ ‘ਭਾਰਤ ਟੈਕਸੀ’ ਦੇਸ਼ ਦਾ ਪਹਿਲਾ ਸਹਿਕਾਰੀ ਸੰਚਾਲਿਤ ਰਾਈਡ-ਹੇਲਿੰਗ ਪਲੇਟਫਾਰਮ ਹੈ। ਇਸ ਨੂੰ ਡੇਅਰੀ ਖੇਤਰ ਦੀ ਅਹਿਮ ਕੰਪਨੀ ਅਮੂਲ ਸਮੇਤ ਦੇਸ਼ ਦੇ ਸਿਖਰਲੇ ਸਹਿਕਾਰੀ ਸੰਗਠਨਾਂ ਵੱਲੋਂ ਸਥਾਪਿਤ ਕੀਤਾ ਗਿਆ ਹੈ।
Publish Date: Thu, 12 Mar 2026 11:03 AM (IST)
Updated Date: Thu, 12 Mar 2026 11:05 AM (IST)
ਨਵੀਂ ਦਿੱਲੀ (ਪੀਟੀਆਈ) : ਸਹਿਕਾਰਤਾ ਖੇਤਰ ਦੀ ਖ਼ਾਹਿਸ਼ੀ ਭਾਰਤ ਟੈਕਸੀ ਸੇਵਾ ਆਉਣ ਵਾਲੇ ਸਮੇਂ ’ਚ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਣ ਲਈ ਤਿਆਰ ਹੈ। ਰਾਜ ਸਭਾ ’ਚ ਸਹਿਕਾਰਤਾ ਕਮੇਟੀਆਂ ਵੱਲੋਂ ਰੁਜ਼ਗਾਰ ਪੈਦਾ ਕਰਨ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਹਿਕਾਰਤਾ ਸੂਬਾ ਮੰਤਰੀ ਕ੍ਰਿਸ਼ਣ ਪਾਲ ਨੇ ਬੁੱਧਵਾਰ ਨੂੰ ਇਸ ਵਿਸਥਾਰ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸੇਵਾ ਦਾ ਵਿਸਥਾਰ ਅਗਲੇ ਦੋ-ਤਿੰਨ ਸਾਲਾਂ ’ਚ ਸਾਰੇ ਵੱਡੇ ਸ਼ਹਿਰਾਂ ਤੇ ਤਾਲੁਕਾਵਾਂ ’ਚ ਕੀਤਾ ਜਾਵੇਗਾ।
ਡਰਾਈਵਰਾਂ ਦਾ ਸਸ਼ਕਤੀਕਰਨ ਤੇ ਸੁਰੱਖਿਆ ਦਾ ਭਰੋਸਾ
ਸੂਬਾ ਮੰਤਰੀ ਨੇ ਸਦਨ ’ਚ ਦੱਸਿਆ ਕਿ ਭਾਰਤ ਟੈਕਸੀ ਦੀ ਸ਼ੁਰੂਆਤ ਮੁੱਖ ਤੌਰ ’ਤੇ ਡਰਾਈਵਰਾਂ ਨੂੰ ਮਜ਼ਬੂਤ ਬਣਾਉਣ ਤੇ ਉਨ੍ਹਾਂ ਦੀ ਆਮਦਨ ’ਚ ਵਾਧਾ ਕਰਨ ਦੇ ਮੰਤਵ ਨਾਲ ਕੀਤੀ ਗਈ ਹੈ। ਉਨ੍ਹਾਂ ਇਸ ਨੂੰ ਤਕਨੀਕੀ ਤੇ ਸੁਰੱਖਿਆ ਪੱਖਾਂ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸਦੀ ਬੁਕਿੰਗ ਮੋਬਾਈਲ ਐਪ ਰਾਹੀਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਹ ਸੁਰੱਖਿਆ ਦੀ ਪੂਰੀ ਗਾਰੰਟੀ ਦਿੰਦਾ ਹੈ ਤੇ ਇਸ ਵਿਚ ਪੂਰਨ ਪਾਰਦਰਸ਼ਤਾ ਹੈ। ਇਸ ਨੂੰ ਦਿੱਲੀ ਪੁਲਿਸ ਨਾਲ ਵੀ ਏਕੀਕ੍ਰਿਤ ਕੀਤਾ ਗਿਆ ਹੈ। ਮੌਜੂਦਾ ਸਮੇਂ ’ਚ ਇਹ ਸੇਵਾ ਦਿੱਲੀ-ਐੱਨਸੀਆਰ ਦੇ ਨਾਲ-ਨਾਲ ਗੁਜਰਾਤ ਦੇ ਅਹਿਮਦਾਬਾਦ, ਰਾਜਕੋਟ, ਸੋਮਨਾਥ ਤੇ ਦਵਾਰਕਾ ਵਰਗੇ ਅਹਿਮ ਸ਼ਹਿਰਾਂ ’ਚ ਸਰਗਰਮ ਤੌਰ ’ਤੇ ਚੱਲ ਰਹੀ ਹੈ।
ਸਹਿਕਾਰਤਾ ਮਾਡਲ ਤੇ ਭਵਿੱਖ ਦਾ ਟੀਚਾ
ਪਿਛਲੇ ਮਹੀਨੇ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਵੱਲੋਂ ਲਾਂਚ ਕੀਤੀ ਗਈ ‘ਭਾਰਤ ਟੈਕਸੀ’ ਦੇਸ਼ ਦਾ ਪਹਿਲਾ ਸਹਿਕਾਰੀ ਸੰਚਾਲਿਤ ਰਾਈਡ-ਹੇਲਿੰਗ ਪਲੇਟਫਾਰਮ ਹੈ। ਇਸ ਨੂੰ ਡੇਅਰੀ ਖੇਤਰ ਦੀ ਅਹਿਮ ਕੰਪਨੀ ਅਮੂਲ ਸਮੇਤ ਦੇਸ਼ ਦੇ ਸਿਖਰਲੇ ਸਹਿਕਾਰੀ ਸੰਗਠਨਾਂ ਵੱਲੋਂ ਸਥਾਪਿਤ ਕੀਤਾ ਗਿਆ ਹੈ। ਇਹ ਮਾਡਲ ਨਾ ਸਿਰਫ ਡਰਾਈਵਰਾਂ ਦੀ ਆਮਦਨ ਵਧਾਏਗਾ, ਬਲਕਿ ਉਨ੍ਹਾਂ ਨੂੰ ਪਲੇਟਫਾਰਮ ’ਚ ਮਾਲਕੀ ਦਾ ਅਹਿਸਾਸ ਵੀ ਕਰਵਾਏਗਾ। ਇਸ ਸੇਵਾ ਵਿਸਥਾਰ ਦਾ ਟੀਚਾ ਅਗਲੇ ਦੋ-ਤਿੰਨ ਸਾਲਾਂ ’ਚ ਸਾਰੇ ਵੱਡੇ ਸ਼ਹਿਰਾਂ ਤੇ ਤਾਲੁਕਾਵਾਂ ਨੂੰ ਕਵਰ ਕਰਦਾ ਹੈ। ਹੁਣ ਤੱਕ ਲਗਪਗ ਚਾਰ ਲੱਖ ਡਰਾਈਵਰ ਇਸ ਪਲੇਟਫਾਰਮ ਨਾਲ ਜੁੜ ਚੁੱਕੇ ਹਨ। ਵਿਚੋਲੀਆਂ ਦੀ ਭੂਮਿਕਾ ਘੱਟ ਹੋਣ ਨਾਲ ਡਰਾਈਵਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਠੀਕ ਲਾਭ ਮਿਲੇਗਾ। ਇਸ ਵਿਸਥਾਰ ਨਾਲ ਨਾ ਸਿਰਫ ਸ਼ਹਿਰੀ ਆਵਾਜਾਈ ਸੌਖੀ ਹੋਵੇਗੀ, ਬਲਕਿ ਪੇਂਡੂ ਤੇ ਤਾਲੁਕਾ ਪੱਧਰ ’ਤੇ ਵੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।