- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
AITUC ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਇਸ ਵਾਰ ਸ਼ਮੂਲੀਅਤ ਦਾ ਪੱਧਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋਵੇਗਾ। ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਹੋਣ ਵਾਲੀ ਹੜਤਾਲ ਵਿੱਚ ਘੱਟੋ-ਘੱਟ 30 ਕਰੋੜ ਵਰਕਰ ਸ਼ਾਮਲ ਹੋਣਗੇ। 9 ਜੁਲਾਈ, 2025 ਦੇ ਵਿਰੋਧ ਪ੍ਰਦਰਸ਼ਨ ਦੌਰਾਨ ਲਗਪਗ 25 ਕਰੋੜ ਵਰਕਰਾਂ ਨੇ ਹਿੱਸਾ ਲਿਆ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ: ਦੇਸ਼ ਭਰ ਦੀਆਂ ਟ੍ਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ 12 ਫਰਵਰੀ ਨੂੰ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ ਹੈ। ਇਸ ਹੜਤਾਲ ਕਾਰਨ ਬੈਂਕਾਂ, ਆਵਾਜਾਈ ਸੇਵਾਵਾਂ ਤੇ ਕੁਝ ਸਰਕਾਰੀ ਕੰਮਕਾਜਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਦਸ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਮੰਚ ਨੇ ਦਾਅਵਾ ਕੀਤਾ ਹੈ ਕਿ ਇਸ ਹੜਤਾਲ 'ਚ ਕਰੀਬ 30 ਕਰੋੜ ਮਜ਼ਦੂਰ ਹਿੱਸਾ ਲੈਣਗੇ।
ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (AITUC) ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਸ ਵਾਰ ਸ਼ਮੂਲੀਅਤ ਦਾ ਪੱਧਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋਵੇਗਾ। ਉਨ੍ਹਾਂ ਦੱਸਿਆ, '12 ਫਰਵਰੀ ਨੂੰ ਹੋਣ ਵਾਲੀ ਹੜਤਾਲ 'ਚ ਘੱਟੋ-ਘੱਟ 30 ਕਰੋੜ ਵਰਕਰ ਸ਼ਾਮਲ ਹੋਣਗੇ। 9 ਜੁਲਾਈ, 2025 ਦੇ ਵਿਰੋਧ ਪ੍ਰਦਰਸ਼ਨ ਦੌਰਾਨ ਲਗਪਗ 25 ਕਰੋੜ ਵਰਕਰਾਂ ਨੇ ਹਿੱਸਾ ਲਿਆ ਸੀ।' ਯੂਨੀਅਨਾਂ ਅਨੁਸਾਰ, ਇਹ ਹੜਤਾਲ 600 ਤੋਂ ਵੱਧ ਜ਼ਿਲ੍ਹਿਆਂ 'ਚ ਕੰਮਕਾਜ ਨੂੰ ਪ੍ਰਭਾਵਿਤ ਕਰੇਗੀ, ਜਦੋਂਕਿ ਪਿਛਲੇ ਸਾਲ ਦੇ ਅੰਦੋਲਨ 'ਚ ਲਗਪਗ 550 ਜ਼ਿਲ੍ਹੇ ਸ਼ਾਮਲ ਸਨ।
ਇਹ ਵਿਰੋਧ ਕੇਂਦਰ ਦੀ 'ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਤੇ ਕਾਰਪੋਰੇਟ-ਪੱਖੀ ਨੀਤੀਆਂ' ਦੇ ਖ਼ਿਲਾਫ਼ ਹੈ। ਸਾਂਝੇ ਮੰਚ ਨੇ ਕਿਹਾ ਕਿ ਕਿਸਾਨ ਸਮੂਹਾਂ, ਖੇਤ ਮਜ਼ਦੂਰ ਯੂਨੀਅਨਾਂ, ਵਿਦਿਆਰਥੀਆਂ, ਨੌਜਵਾਨ ਜਥੇਬੰਦੀਆਂ ਅਤੇ ਹੋਰ ਫੈਡਰੇਸ਼ਨਾਂ ਨੇ ਇਸ ਨੂੰ ਆਪਣਾ ਸਮਰਥਨ ਦਿੱਤਾ ਹੈ।
ਹਾਲਾਂਕਿ, ਜ਼ਰੂਰੀ ਸੇਵਾਵਾਂ ਜਾਰੀ ਰਹਿਣ ਦੀ ਉਮੀਦ ਹੈ, ਪਰ ਕਈ ਖੇਤਰਾਂ 'ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਸੰਯੁਕਤ ਕਿਸਾਨ ਮੋਰਚਾ (SKM) ਨੇ ਹੜਤਾਲ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਜਦੋਂਕਿ ਖੇਤ ਮਜ਼ਦੂਰ ਯੂਨੀਅਨਾਂ ਦਾ ਮੁੱਖ ਧਿਆਨ MGNREGA ਨੂੰ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਕਰਨ 'ਤੇ ਹੋਵੇਗਾ।
ਅਮਰਜੀਤ ਕੌਰ ਨੇ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਸੂਬਿਆਂ 'ਚ ਵੀ ਹੜਤਾਲ ਦਾ ਅਸਰ ਪਵੇਗਾ। ਉਨ੍ਹਾਂ ਕਿਹਾ, 'ਓਡੀਸ਼ਾ ਅਤੇ ਅਸਾਮ ਦੇ ਪੂਰੀ ਤਰ੍ਹਾਂ ਬੰਦ ਰਹਿਣ ਦੀ ਉਮੀਦ ਹੈ ਅਤੇ ਦੂਜੇ ਸੂਬਿਆਂ 'ਚ ਵੀ ਵੱਡੇ ਪੱਧਰ 'ਤੇ ਲੋਕ ਇਸ 'ਚ ਸ਼ਾਮਲ ਹੋਣਗੇ।' ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੀਆਂ ਕੰਪਨੀਆਂ, ਉਦਯੋਗਿਕ ਕਲੱਸਟਰਾਂ ਤੇ ਨਿੱਜੀ ਅਦਾਰਿਆਂ ਸਮੇਤ ਸਾਰੇ ਸੈਕਟਰਾਂ 'ਚ ਹੜਤਾਲ ਦੇ ਨੋਟਿਸ ਜਾਰੀ ਕੀਤੇ ਗਏ ਹਨ। ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਮੁਹਿੰਮਾਂ ਚਲਾਈਆਂ ਗਈਆਂ ਹਨ।