ਮੁਲਜ਼ਮ 21 ਸਤੰਬਰ 2012 ਨੂੰ ਪੰਜਾਬੀ ਬਾਗ 'ਚ ਲਗਪਗ 400 ਗ੍ਰਾਮ ਸੋਨੇ ਦੀ ਲੁੱਟ ਵਾਲੀ ਇੱਕ ਵੱਡੀ ਘਰੇਲੂ ਡਕੈਤੀ ਦਾ ਮਾਸਟਰਮਾਈਂਡ ਸੀ। ਇਹ ਡਕੈਤੀ ਇਕ ਬੰਗਲੇ 'ਚ ਮਹਿਲਾ ਮਾਲਕਣ ਅਤੇ ਉਸਦੇ ਪੁੱਤਰ ਦੇ ਹੱਥ-ਪੈਰ ਬੰਨ੍ਹ ਕੇ ਅਤੇ ਉਨ੍ਹਾਂ ਦੇ ਮੂੰਹ 'ਚ ਕੱਪੜਾ ਤੁੰਨ ਕੇ ਕੀਤੀ ਗਈ ਸੀ।

ਜਾਗਰਣ ਪੱਤਰ ਪ੍ਰੇਰਕ, ਨਵੀਂ ਦਿੱਲੀ: ਦਿੱਲੀ ਅਤੇ ਪੰਜਾਬ 'ਚ ਹਾਈ ਪ੍ਰੋਫਾਈਲ ਡਕੈਤੀਆਂ ਅਤੇ ਲੁੱਟ-ਖੋਹ ਦੇ ਕਈ ਮਾਮਲਿਆਂ 'ਚ ਭਗੌੜਾ ਘੋਸ਼ਿਤ ਬਦਨਾਮ ਬਦਮਾਸ਼ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਯੂਪੀ ਦੇ ਗੋਂਡਾ ਨਿਵਾਸੀ ਅਰਜੁਨ ਪ੍ਰਸਾਦ ਉਰਫ ਅਰਜੁਨ ਪਾਸੀ ਵਜੋਂ ਹੋਈ ਹੈ, ਜੋ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਬਾਵਜੂਦ 14 ਸਾਲਾਂ ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ।
ਡਿਪਟੀ ਕਮਿਸ਼ਨਰ ਸੰਜੀਵ ਕੁਮਾਰ ਯਾਦਵ ਅਨੁਸਾਰ ਮੁਲਜ਼ਮ ਨੂੰ ਫੜਨ ਲਈ ਏਸੀਪੀ ਸਤੇਂਦਰ ਮੋਹਨ ਦੀ ਦੇਖ-ਰੇਖ ਵਿੱਚ ਅਤੇ ਇੰਸਪੈਕਟਰ ਸੁਨੀਲ ਕਾਲਖੰਡੇ ਦੀ ਅਗਵਾਈ 'ਚ ਟੀਮ ਗਠਿਤ ਕੀਤੀ ਗਈ ਸੀ। ਇਸੇ ਦੌਰਾਨ 11 ਅਪ੍ਰੈਲ ਨੂੰ ਟੈਕਨੀਕਲ ਸਰਵੀਲਾਂਸ ਤੇ ਮੁਖਬਿਰਾਂ ਦੀ ਮਦਦ ਨਾਲ ਜਾਣਕਾਰੀ ਮਿਲੀ ਕਿ ਮੁਲਜ਼ਮ ਜਾਨਕੀ ਨਗਰ, ਜ਼ਿਲ੍ਹਾ ਗੋਂਡਾ 'ਚ ਇਕ ਨਵੀਂ ਬਣੀ ਕਲੋਨੀ 'ਚ ਲੁਕਿਆ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਨਵੀਂ ਪਛਾਣ ਬਣਾਉਣ ਅਤੇ ਪੁਲਿਸ ਤੋਂ ਬਚਣ ਲਈ ਆਪਣਾ ਪਿੰਡ ਛੱਡ ਦਿੱਤਾ ਸੀ। ਪੁਲਿਸ ਨੇ ਸੂਚਨਾ ਵਾਲੀ ਥਾਂ 'ਤੇ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਦਬੋਚ ਲਿਆ।
ਮੁਲਜ਼ਮ 21 ਸਤੰਬਰ 2012 ਨੂੰ ਪੰਜਾਬੀ ਬਾਗ 'ਚ ਲਗਪਗ 400 ਗ੍ਰਾਮ ਸੋਨੇ ਦੀ ਲੁੱਟ ਵਾਲੀ ਇੱਕ ਵੱਡੀ ਘਰੇਲੂ ਡਕੈਤੀ ਦਾ ਮਾਸਟਰਮਾਈਂਡ ਸੀ। ਇਹ ਡਕੈਤੀ ਇਕ ਬੰਗਲੇ 'ਚ ਮਹਿਲਾ ਮਾਲਕਣ ਅਤੇ ਉਸਦੇ ਪੁੱਤਰ ਦੇ ਹੱਥ-ਪੈਰ ਬੰਨ੍ਹ ਕੇ ਅਤੇ ਉਨ੍ਹਾਂ ਦੇ ਮੂੰਹ 'ਚ ਕੱਪੜਾ ਤੁੰਨ ਕੇ ਕੀਤੀ ਗਈ ਸੀ।
ਇਸ ਤੋਂ ਬਾਅਦ 5 ਅਗਸਤ 2016 ਨੂੰ ਮੁਲਜ਼ਮ ਨੇ ਇਕ ਨਾਬਾਲਗ ਨੂੰ ਘਰੇਲੂ ਨੌਕਰ ਬਣਾ ਕੇ 25 ਲੱਖ ਦੇ ਗਹਿਣੇ ਅਤੇ ਇੱਕ ਲਾਇਸੈਂਸੀ ਪਿਸਤੌਲ ਦੀ ਚੋਰੀ ਦੀ ਸਾਜ਼ਿਸ਼ ਰਚੀ ਸੀ।
12 ਜਨਵਰੀ 2018 ਨੂੰ ਲੁਧਿਆਣਾ ਦੇ ਮਾਡਲ ਟਾਊਨ ਥਾਣਾ ਖੇਤਰ 'ਚ ਇਕ ਗੈਂਗ ਦੀ ਅਗਵਾਈ ਕਰਕੇ ਡਕੈਤੀ ਕੀਤੀ ਗਈ, ਜਿਸ ਵਿੱਚੋਂ 40 ਲੱਖ ਨਕਦ ਅਤੇ 1.25 ਕਿਲੋਗ੍ਰਾਮ ਸੋਨਾ ਲੁੱਟਿਆ ਗਿਆ ਸੀ।
ਇਸ ਗੈਂਗ 'ਚ ਅਰਜੁਨ ਪਾਸੀ, ਜਵਾਹਰ (ਉਰਫ ਬਚਾਊ), ਕਰਨ ਪਾਸੀ, ਰਾਜੂ ਅਤੇ ਅਨਿਲ ਸੋਨੀ ਨਾਮ ਦਾ ਇਕ ਲੋਕਲ ਸੁਨਿਆਰਾ ਸ਼ਾਮਲ ਸਨ, ਜੋ ਬਹੁਤ ਹੀ ਸਫ਼ਾਈ ਨਾਲ ਕੰਮ ਕਰਦੇ ਸਨ। ਗੈਂਗ ਟਾਰਗੇਟ ਘਰ 'ਚ ਵੜਨ ਲਈ ਰਣਨੀਤੀ ਤਹਿਤ ਇਕ ਮੈਂਬਰ, ਜੋ ਅਕਸਰ ਨਾਬਾਲਗ ਹੁੰਦਾ ਸੀ, ਉਸ ਨੂੰ ਘਰੇਲੂ ਸਟਾਫ ਵਜੋਂ ਰੱਖਦਾ ਸੀ।
ਉਹ ਘਰ ਦੇ ਨਕਸ਼ੇ, ਕੀਮਤੀ ਸਾਮਾਨ ਦੀ ਲੋਕੇਸ਼ਨ ਤੇ ਰਹਿਣ ਵਾਲਿਆਂ ਦੇ ਰੁਟੀਨ ਬਾਰੇ ਜਾਣਕਾਰੀ ਦਿੰਦਾ ਸੀ। ਇਸ ਤੋਂ ਬਾਅਦ ਗੈਂਗ ਰਾਤ ਨੂੰ ਹਮਲਾ ਕਰਦਾ ਸੀ ਤੇ ਲੁੱਟ-ਖੋਹ ਕਰਨ ਤੋਂ ਪਹਿਲਾਂ ਹਥਿਆਰਾਂ ਦੀ ਵਰਤੋਂ ਕਰਕੇ ਰਹਿਣ ਵਾਲਿਆਂ 'ਤੇ ਕਾਬੂ ਪਾਉਂਦਾ ਸੀ। ਲੁੱਟੇ ਹੋਏ ਗਹਿਣੇ ਅਨਿਲ ਸੋਨੀ ਰਾਹੀਂ ਵੇਚੇ ਜਾਂਦੇ ਸਨ, ਜੋ ਗੋਂਡਾ ਵਿੱਚ ਚੋਰੀ ਦੇ ਕੀਮਤੀ ਸਾਮਾਨ ਦਾ ਮੁੱਖ ਰਿਸੀਵਰ ਸੀ।