ਪ੍ਰਸ਼ਾਸਨਿਕ ਲਾਪਰਵਾਹੀ ਦੀ ਭੇਟ ਚੜ੍ਹਿਆ ਇੱਕ ਹੋਰ ਮਾਸੂਮ: ਨਾਜਾਇਜ਼ ਮਾਈਨਿੰਗ ਦੇ ਟੋਏ 'ਚ ਡੁੱਬਣ ਨਾਲ 3 ਸਾਲਾ ਬੱਚੇ ਦੀ ਮੌਤ
ਬਾਅਦ ’ਚ ਅੰਦਾਜ਼ਾ ਲਗਾਇਆ ਗਿਆ ਕਿ ਬੱਚਾ ਟੋਏ ’ਚ ਭਰੇ ਪਾਣੀ ’ਚ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਬੜੀ ਜੱਦੋ-ਜਹਿਦ ਨਾਲ ਬੱਚੇ ਨੂੰ ਟੋਏ ’ਚ ਲੱਭ ਕੇ ਬਾਹਰ ਕੱਢਿਆ ਪਰ ਹਸਪਤਾਲ ’ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Publish Date: Mon, 16 Feb 2026 08:10 AM (IST)
Updated Date: Mon, 16 Feb 2026 08:14 AM (IST)
ਜਾਸ, ਗ੍ਰੇਟਰ ਨੋਇਡਾ : ਸਾਫਟਵੇਅਰ ਇੰਜੀਨੀਅਰ ਯੁਵਰਾਜ ਮਹਿਤਾ ਦੀ ਲਾਪਰਵਾਹੀ ਦੇ ਟੋਏ ’ਚ ਡੁੱਬ ਕੇ ਦਮ ਤੋੜਨ ਤੋਂ ਬਾਅਦ ਵੀ ਅਥਾਰਟੀ ਤੇ ਪ੍ਰਸ਼ਾਸਨ ਗੂੜ੍ਹੀ ਨੀਂਦ ’ਚ ਹਨ। ਹਾਲਾਤ ਇਹ ਹਨ ਕਿ ਇਸ ਘਟਨਾ ਨੂੰ ਇਕ ਮਹੀਨਾ ਵੀ ਪੂਰਾ ਨਹੀਂ ਹੋਇਆ ਹੈ ਤੇ ਦੂਜੀ ਵੱਡੀ ਲਾਪਰਵਾਹੀ ਸਾਹਮਣੇ ਆ ਗਈ। ਹੁਣ ਐਤਵਾਰ ਨੂੰ ਦਨਕੌਰ ਦੇ ਦਲੇਲਗੜ੍ਹ ਪਿੰਡ ਦੇ ਭੰਡਾਰੇ ’ਚ ਪਰਿਵਾਰ ਨਾਲ ਆਇਆ ਤਿੰਨ ਸਾਲ ਦੇਵਾਂਸ਼ ਖੇਡਦੇ ਸਮੇਂ ਨਾਜਾਇਜ਼ ਮਾਈਨਿੰਗ ਲਈ ਪੁੱਟੇ ਗਏ ਡੂੰਘੇ ਟੋਏ ’ਚ ਡਿੱਗ ਗਿਆ। ਕੁਝ ਦੇਰ ਬਾਅਦ ਜਦੋਂ ਮਾਂ ਨੂੰ ਬੱਚਾ ਦਿਖਾਈ ਨਾ ਦਿੱਤਾ ਤਾਂ ਤਲਾਸ਼ ਸ਼ੁਰੂ ਕੀਤੀ ਗਈ। ਬਾਅਦ ’ਚ ਅੰਦਾਜ਼ਾ ਲਗਾਇਆ ਗਿਆ ਕਿ ਬੱਚਾ ਟੋਏ ’ਚ ਭਰੇ ਪਾਣੀ ’ਚ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਬੜੀ ਜੱਦੋ-ਜਹਿਦ ਨਾਲ ਬੱਚੇ ਨੂੰ ਟੋਏ ’ਚ ਲੱਭ ਕੇ ਬਾਹਰ ਕੱਢਿਆ ਪਰ ਹਸਪਤਾਲ ’ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਹੈ। ਕਰੀਬ ਡੇਢ ਮਹੀਨੇ ਪਹਿਲਾਂ ਨੋਇਡਾ ਅਥਾਰਟੀ ’ਚ ਲਿਖਤੀ ਸ਼ਿਕਾਇਤ ਕਰ ਕੇ ਟੋਏ ’ਚ ਪਾਣੀ ਭਰੇ ਹੋਣ ਨਾਲ ਹਾਦਸੇ ਦੇ ਖ਼ਦਸ਼ੇ ਨੂੰ ਜ਼ਾਹਿਰ ਕੀਤਾ ਗਿਆ ਸੀ ਪਰ ਇਸਦੇ ਬਾਵਜੂਦ ਅਧਿਕਾਰੀਆਂ ਨੇ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂਲਿਆ। ਸੁਰੱਖਿਆ ਲਈ ਬੈਰੀਕੇਡਿੰਗ ਸਮੇਤ ਹੋਰ ਉਪਾਅ ਨਹੀਂ ਕੀਤੇ ਗਏ। ਅਜਿਹੇ ’ਚ ਕਰੀਬ ਸੌ ਗਜ਼ ਦੇ ਪਲਾਟ ’ਚ ਮਾਈਨਿੰਗ ਮਾਫੀਆ ਵੱਲੋਂ 15 ਤੋਂ 20 ਫੁੱਟ ਤੱਕ ਪੁੱਟੇ ਗਏ ਟੋਏ ’ਚ ਡਿੱਗ ਕੇ ਦੇਵਾਂਸ਼ ਦੀ ਮੌਤ ਹੋ ਗਈ। ਜ਼ਿੰਮੇਵਾਰਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹੀ, ਅਥਾਰਟੀ ਦਾ ਕਹਿਣਾ ਹੈ ਕਿ ਜਿਸ ਜ਼ਮੀਨ ’ਤੇ ਟੋਇਆ ਹੈ, ਉਹ ਪਿੰਡ ਦੇ ਹੀ ਇਕ ਕਿਸਾਨ ਦੀ ਜ਼ਮੀਨ ਹੈ। ਅਜਿਹੇ ’ਚ ਅਥਾਰਟੀ ਇਸ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੀ।
ਕੋਤਵਾਲੀ ਇੰਚਾਰਜ ਮੁਨੇਂਦਰ ਸਿੰਘ ਦਾ ਕਹਿਣਾ ਹੈ ਕਿ ਦਲੇਲਗੜ੍ਹ ਨਿਵਾਸੀ ਅਨਿਲ ਦੀ ਧੀ ਅੰਜਲੀ ਦਾ ਵਿਆਹ ਕੁਝ ਸਾਲ ਪਹਿਲਾਂ ਸਿਕੰਦਰਾਬਾਦ ਖੇਤਰ ਦੇ ਸਪੋਲੀ ਪਿੰਡ ’ਚ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਉਹ ਦੇਵਾਂਸ਼ ਨੂੰ ਲੈ ਕੇ ਪਿੰਡ ’ਚ ਆਈ ਸੀ। ਐਤਵਾਰ ਨੂੰ ਪਿੰਡ ਦੇ ਹੀ ਮੰਦਰ ’ਤੇ ਭੰਡਾਰਾ ਲੱਗਾ ਸੀ, ਜਿਥੇ ਬੱਚਾ ਮਾਂ ਨਾਲ ਗਿਆ ਸੀ। ਮੰਦਰ ਕੋਲ ਤਲਾਬ ਹੈ, ਜਿਸ ਵਿਚ ਡਿੱਗ ਕੇ ਬੱਚੇ ਦੀ ਮੌਤ ਹੋ ਗਈ। ਪੀੜਤ ਪਰਿਵਾਰ ਵੱਲੋਂ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ।