ਪਹਿਲਾਂ ਕੁੱਟਿਆ ਤੇ ਫਿਰ ਜ਼ਹਿਰ ਖੁਆ ਦਿੱਤਾ... ਬੰਗਲਾਦੇਸ਼ 'ਚ ਇਕ ਹੋਰ ਹਿੰਦੂ ਵਿਅਕਤੀ ਦਾ ਕਤਲ
ਮਹਾਪਾਤਰੋ ਦੇ ਪਰਿਵਾਰ ਅਨੁਸਾਰ, ਇੱਕ ਸਥਾਨਕ ਵਿਅਕਤੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਹਿਰ ਦੇ ਦਿੱਤਾ। ਬਾਅਦ 'ਚ ਸਿਲਹਟ ਉਸਮਾਨੀ ਮੈਡੀਕਲ ਕਾਲਜ ਹਸਪਤਾਲ ਦੇ ਆਈ.ਸੀ.ਯੂ. (ICU) 'ਚ ਮਹਾਪਾਤਰੋ ਦੀ ਮੌਤ ਹੋ ਗਈ। ਇਹ ਘਟਨਾ ਉਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਵਾਪਰੀ ਹੈ, ਜਿਸ ਵਿਚ ਚੋਰੀ ਦੇ ਸ਼ੱਕ ਵਿੱਚ ਪਿੱਛਾ ਕਰ ਰਹੀ ਭੀੜ ਤੋਂ ਬਚਣ ਲਈ ਨਹਿਰ 'ਚ ਛਾਲ ਮਾਰਨ ਕਾਰਨ 25 ਸਾਲਾ ਹਿੰਦੂ ਨੌਜਵਾਨ ਦੀ ਮੌਤ ਹੋ ਗਈ ਸੀ।
Publish Date: Sat, 10 Jan 2026 04:12 PM (IST)
Updated Date: Sat, 10 Jan 2026 04:16 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕਤਲ ਕੀਤੇ ਜਾ ਰਹੇ ਹਨ। ਤਾਜ਼ਾ ਘਟਨਾਕ੍ਰਮ ਵਿੱਚ ਸੁਨਾਮਗੰਜ ਜ਼ਿਲ੍ਹੇ 'ਚ ਵੀਰਵਾਰ ਨੂੰ ਜੋਏ ਮਹਾਪਾਤਰੋ ਨਾਂ ਦੇ ਇਕ ਹਿੰਦੂ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ।
ਮਹਾਪਾਤਰੋ ਦੇ ਪਰਿਵਾਰ ਅਨੁਸਾਰ, ਇੱਕ ਸਥਾਨਕ ਵਿਅਕਤੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਹਿਰ ਦੇ ਦਿੱਤਾ। ਬਾਅਦ 'ਚ ਸਿਲਹਟ ਉਸਮਾਨੀ ਮੈਡੀਕਲ ਕਾਲਜ ਹਸਪਤਾਲ ਦੇ ਆਈ.ਸੀ.ਯੂ. (ICU) 'ਚ ਮਹਾਪਾਤਰੋ ਦੀ ਮੌਤ ਹੋ ਗਈ। ਇਹ ਘਟਨਾ ਉਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਵਾਪਰੀ ਹੈ, ਜਿਸ ਵਿਚ ਚੋਰੀ ਦੇ ਸ਼ੱਕ ਵਿੱਚ ਪਿੱਛਾ ਕਰ ਰਹੀ ਭੀੜ ਤੋਂ ਬਚਣ ਲਈ ਨਹਿਰ 'ਚ ਛਾਲ ਮਾਰਨ ਕਾਰਨ 25 ਸਾਲਾ ਹਿੰਦੂ ਨੌਜਵਾਨ ਦੀ ਮੌਤ ਹੋ ਗਈ ਸੀ। ਭੰਡਾਰਪੁਰ ਪਿੰਡ ਦੇ ਰਹਿਣ ਵਾਲੇ ਪੀੜਤ ਮਿਥੁਨ ਸਰਕਾਰ ਦੀ ਲਾਸ਼ ਪੁਲਿਸ ਨੇ ਮੰਗਲਵਾਰ ਦੁਪਹਿਰ ਨੂੰ ਬਰਾਮਦ ਕੀਤੀ ਸੀ।
ਈਸ਼ਨਿੰਦਾ ਦੇ ਦੋਸ਼ ਵਿੱਚ ਦੀਪੂ ਚੰਦਰ ਦਾਸ ਦਾ ਕਤਲ
ਹਾਲ ਹੀ ਵਿੱਚ ਗੁਆਂਢੀ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾਣ ਵਾਲੀ ਹਿੰਸਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਵੀਰਵਾਰ ਨੂੰ ਬੰਗਲਾਦੇਸ਼ ਪੁਲਿਸ ਨੇ ਹਿੰਦੂ ਵਿਅਕਤੀ ਦੀਪੂ ਚੰਦਰ ਦਾਸ ਦੀ ਲਿੰਚਿੰਗ (ਭੀੜ ਵੱਲੋਂ ਕਤਲ) ਦੇ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੀਪੂ ਚੰਦਰ ਦਾਸ ਇੱਕ ਗਾਰਮੈਂਟ ਵਰਕਰ ਸੀ, ਜਿਸ ਦਾ ਈਸ਼ਨਿੰਦਾ ਦੇ ਦੋਸ਼ਾਂ ਹੇਠ ਕਤਲ ਕਰ ਦਿੱਤਾ ਗਿਆ ਸੀ।
ਯਾਸੀਨ ਅਰਾਫ਼ਾਤ ਵਜੋਂ ਹੋਈ ਮੁਲਜ਼ਮ ਦੀ ਪਛਾਣ
ਅਧਿਕਾਰੀਆਂ ਨੇ ਮੁਲਜ਼ਮ ਦੀ ਪਛਾਣ ਯਾਸੀਨ ਅਰਾਫ਼ਾਤ ਵਜੋਂ ਕੀਤੀ ਹੈ, ਜੋ ਕਿ ਇਕ ਸਾਬਕਾ ਅਧਿਆਪਕ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 27 ਸਾਲਾ ਦੀਪੂ ਦਾ 18 ਦਸੰਬਰ ਨੂੰ ਮੈਮਨਸਿੰਘ ਜ਼ਿਲ੍ਹੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਦੋਸ਼ ਹੈ ਕਿ ਫੈਕਟਰੀ ਸੁਪਰਵਾਈਜ਼ਰਾਂ ਨੇ ਉਸ ਨੂੰ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ, ਫਿਰ ਉਸ ਨੂੰ ਕੰਮ ਵਾਲੀ ਥਾਂ ਤੋਂ ਘਸੀਟ ਕੇ ਬਾਹਰ ਕੱਢਿਆ ਅਤੇ ਗੁੱਸੇ ਵਿੱਚ ਆਈ ਸਥਾਨਕ ਭੀੜ ਦੇ ਹਵਾਲੇ ਕਰ ਦਿੱਤਾ।