ਅਮਿਤ ਸ਼ਾਹ ਵੱਲੋਂ ਗਾਂਧੀਨਗਰ 'ਚ ਆਕਸੀਜਨ ਪਲਾਂਟ ਦਾ ਉਦਘਾਟਨ
ਸ਼ਾਹ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਤੋਂ ਗੁਜਰਾਤ ਵਿਚ 11 ਆਕਸੀਜਨ ਪੀਐੱਸਏ ਪਲਾਂਟ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਮਿਤ ਸ਼ਾਹ ਨੇ 10 ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਲੋਕ ਸਭਾ ਖੇਤਰ ਵਿਚ ਸਿਹਤ ਸਬੰਧੀ ਸਾਧਨ ਮੁਹੱਈਆ ਕਰਵਾਏ ਹਨ।
Publish Date: Sat, 24 Apr 2021 08:22 PM (IST)
Updated Date: Sun, 25 Apr 2021 12:13 AM (IST)
ਸਟੇਟ ਬਿਊਰੋ, ਅਹਿਮਦਾਬਾਦ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਗਾਂਧੀਨਗਰ 'ਚ 12 ਸੌ ਬੈੱਡਾਂ ਦੇ ਸਪੈਸ਼ਲ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ। ਇਸ ਨੂੰ ਟਾਟਾ ਸੰਨਜ਼ ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਹਤ ਫੰਡ 'ਚੋਂ ਗੁਜਰਾਤ ਵਿਚ 11 ਆਕਸੀਜਨ ਪੀਐੱਸਏ ਪਲਾਂਟ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ। ਇਹੀ ਨਹੀਂ, ਕ੍ਰਿਭਕੋ ਸੂਰਤ ਦੇ ਹਜ਼ੀਰਾ ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਇਕ-ਇਕ ਆਕਸੀਜਨ ਪਲਾਂਟ ਸਥਾਪਤ ਕਰੇਗਾ।
ਸ਼ਾਹ ਸ਼ੁੱਕਰਵਾਰ ਤੋਂ ਗੁਜਰਾਤ ਦੀ ਯਾਤਰਾ 'ਤੇ ਹਨ। ਉਨ੍ਹਾਂ ਅਹਿਮਦਾਬਾਦ ਵਿਚ 900 ਕੋਵਿਡ ਬੈੱਡ ਦੇ ਉਦਘਾਟਨ ਤੋਂ ਬਾਅਦ ਸ਼ਨੀਵਾਰ ਨੂੰ ਗਾਂਧੀਨਗਰ ਸਥਿਤ ਹੈਲੀਪੈਡ ਗਰਾਊਂਡ ਨੇੜੇ ਟਾਟਾ ਸੰਨਜ਼ ਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਵੱਲੋਂ ਤਿਆਰ ਕੀਤੇ ਗਏ 12 ਸੌ ਬੈੱਡ ਦੇ ਸਪੈਸ਼ਲ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ। ਇਸ ਵਿਚ 600 ਬੈੱਡ ਆਈਸੀਯੂ ਦੇ ਹਨ। ਸ਼ਾਹ ਨੇ ਗਾਂਧੀਨਗਰ ਦੇ ਕੋਲਵਡਾ ਆਯੁਰਵੈਦਿਕ ਹਸਪਤਾਲ ਵਿਚ ਇਕ ਆਕਸੀਜਨ ਪਲਾਂਟ ਦਾ ਵੀ ਉਦਘਾਟਨ ਕੀਤਾ। ਇਸ ਦੀ ਸਮਰੱਥਾ 280 ਲੀਟਰ ਪੀਐੱਸਏ ਦੀ ਹੈ।
ਸ਼ਾਹ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਤੋਂ ਗੁਜਰਾਤ ਵਿਚ 11 ਆਕਸੀਜਨ ਪੀਐੱਸਏ ਪਲਾਂਟ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਮਿਤ ਸ਼ਾਹ ਨੇ 10 ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਲੋਕ ਸਭਾ ਖੇਤਰ ਵਿਚ ਸਿਹਤ ਸਬੰਧੀ ਸਾਧਨ ਮੁਹੱਈਆ ਕਰਵਾਏ ਹਨ। ਇਸ ਨਾਲ ਅਹਿਮਦਾਬਾਦ ਦੇ 160, ਗਾਂਧੀਨਗਰ ਦੇ 100, ਸਾਣੰਦ, ਬਾਵਲਾ, ਕਲੋਲ ਤੇ ਗਾਂਧੀਨਗਰ ਨਗਰ ਪਾਲਿਕਾ ਦੇ ਅੱਠ ਲੱਖ ਤੋਂ ਵੱਧ ਲੋਕਾਂ ਨੂੰ ਸਹੂਲਤ ਮਿਲ ਸਕੇਗੀ।
ਉਪ ਮੁੱਖ ਮੰਤਰੀ ਕੋਰੋਨਾ ਪਾਜ਼ੇਟਿਵ
ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਉਨ੍ਹਾਂ ਇੰਟਰਨੈੱਟ ਮੀਡੀਆ ਜ਼ਰੀਏ ਦਿੱਤੀ। ਪਟੇਲ ਨੇ ਕੋਰੋਨਾ ਦੇ ਲੱਛਣ ਦਿਸਣ 'ਤੇ ਜਾਂਚ ਕਰਵਾਈ ਸੀ ਜੋ ਪਾਜ਼ੇਟਿਵ ਆਈ ਹੈ।