ਸਕੂਲਾਂ ਤੇ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ, 1000 ਤੋਂ ਵੱਧ ਵਾਰ ਫੈਲਾਈ ਸੀ ਦਹਿਸ਼ਤ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਸ਼ੱਕੀ ਨੂੰ ਮੈਸੂਰੂ ਵਿੱਚ ਲੱਭ ਲਿਆ। ਸ਼੍ਰੀਨਿਵਾਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਉਸ ਦਾ ਲੈਪਟਾਪ ਜ਼ਬਤ ਕਰ ਲਿਆ ਹੈ। ਮੁਲਜ਼ਮ ਨੂੰ ਅਗਲੇਰੀ ਪੁੱਛਗਿੱਛ ਲਈ ਦਿੱਲੀ ਲਿਆਂਦਾ ਜਾਵੇਗਾ।
Publish Date: Mon, 30 Mar 2026 10:27 AM (IST)
Updated Date: Mon, 30 Mar 2026 10:28 AM (IST)
ਜਾਸ, ਨਵੀਂ ਦਿੱਲੀ: ਦੇਸ਼ ਭਰ ਦੇ ਸਕੂਲਾਂ, ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿੱਚ ਬੰਬ ਦੀਆਂ ਝੂਠੀਆਂ ਧਮਕੀਆਂ ਦੇ ਕੇ ਹੜਕੰਪ ਮਚਾਉਣ ਵਾਲੇ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਨੇ ਇਸ ਸ਼ਾਤਰ ਮੁਲਜ਼ਮ ਨੂੰ ਕਰਨਾਟਕ ਦੇ ਮੈਸੂਰੂ ਤੋਂ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਪਛਾਣ 47 ਸਾਲਾ ਸ਼੍ਰੀਨਿਵਾਸ ਵਜੋਂ ਕੀਤੀ ਗਈ ਹੈ।
ਸ਼੍ਰੀਨਿਵਾਸ 'ਤੇ ਦੋਸ਼ ਹੈ ਕਿ ਉਸ ਨੇ ਡਿਜੀਟਲ ਸਾਧਨਾਂ ਦੀ ਵਰਤੋਂ ਕਰਕੇ ਦੇਸ਼ ਭਰ ਦੇ ਕਈ ਸਕੂਲਾਂ, ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਨੂੰ 1000 ਤੋਂ ਵੱਧ ਵਾਰ ਫਰਜ਼ੀ ਈਮੇਲ, ਮੈਸੇਜ ਅਤੇ ਕਾਲਾਂ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ ਮੁਲਜ਼ਮ
ਪੁਲਿਸ ਨੇ ਐਤਵਾਰ ਨੂੰ ਮੁਲਜ਼ਮ ਨੂੰ ਮੈਸੂਰੂ ਦੇ ਬ੍ਰਿੰਦਾਵਨ ਲੇਆਊਟ ਸਥਿਤ ਇੱਕ ਕਿਰਾਏ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ। ਉੱਥੇ ਰਹਿ ਕੇ ਹੀ ਉਹ ਝੂਠੀਆਂ ਧਮਕੀਆਂ ਦੇ ਕੇ ਸੁਰੱਖਿਆ ਏਜੰਸੀਆਂ ਨੂੰ ਚੁਣੌਤੀ ਦੇ ਰਿਹਾ ਸੀ।
ਸਕੂਲਾਂ ਤੇ ਸਰਕਾਰੀ ਦਫ਼ਤਰਾਂ 'ਚ ਫੈਲਾਈ ਦਹਿਸ਼ਤ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਸਕੂਲਾਂ, ਕਾਲਜਾਂ, ਅਦਾਲਤਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਭਾਰੀ ਦਹਿਸ਼ਤ ਫੈਲ ਗਈ ਸੀ। ਇਨ੍ਹਾਂ ਧਮਕੀਆਂ ਕਾਰਨ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੂੰ ਕਈ ਵਾਰ ਹੰਗਾਮੀ ਕਾਰਵਾਈਆਂ ਕਰਨੀਆਂ ਪਈਆਂ। ਹਾਲਾਂਕਿ, ਜਾਂਚ ਦੌਰਾਨ ਇਹ ਸਾਰੀਆਂ ਧਮਕੀਆਂ ਝੂਠੀਆਂ ਪਾਈਆਂ ਗਈਆਂ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਸ਼ੱਕੀ ਨੂੰ ਮੈਸੂਰੂ ਵਿੱਚ ਲੱਭ ਲਿਆ। ਸ਼੍ਰੀਨਿਵਾਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਉਸ ਦਾ ਲੈਪਟਾਪ ਜ਼ਬਤ ਕਰ ਲਿਆ ਹੈ। ਮੁਲਜ਼ਮ ਨੂੰ ਅਗਲੇਰੀ ਪੁੱਛਗਿੱਛ ਲਈ ਦਿੱਲੀ ਲਿਆਂਦਾ ਜਾਵੇਗਾ।