Operation Sindoor ਦੌਰਾਨ 400 ਵਿਗਿਆਨੀਆਂ ਨੇ ਦਿਨ-ਰਾਤ ਕੀਤਾ ਸੀ ਕੰਮ, ਇਸਰੋ ਮੁਖੀ ਨੇ ਕਿਹਾ- ਹਥਿਆਰਬੰਦ ਸੰਘਰਸ਼ ਦੌਰਾਨ ਪੁਲਾੜ ਖੇਤਰ ਦੀ ਭੂਮਿਕਾ ਸਾਫ਼ ਨਜ਼ਰ ਆਈ
ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ 400 ਤੋਂ ਵੱਧ ਵਿਗਿਆਨੀਆਂ ਨੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਅਤੇ ਸੰਚਾਰ ਉਪਗ੍ਰਹਿਆਂ ਜ਼ਰੀਏ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਦਿਨ-ਰਾਤ ਕੰਮ ਕੀਤਾ।
Publish Date: Tue, 09 Sep 2025 08:59 PM (IST)
Updated Date: Tue, 09 Sep 2025 09:01 PM (IST)
ਨਵੀਂ ਦਿੱਲੀ (ਪੀਟੀਆਈ) : ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ 400 ਤੋਂ ਵੱਧ ਵਿਗਿਆਨੀਆਂ ਨੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਅਤੇ ਸੰਚਾਰ ਉਪਗ੍ਰਹਿਆਂ ਜ਼ਰੀਏ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਦਿਨ-ਰਾਤ ਕੰਮ ਕੀਤਾ।
ਨਾਰਾਇਣਨ ਨੇ ਅਖਿਲ ਭਾਰਤੀ ਮੈਨੇਜਮੈਂਟ ਸੰਘ (ਏਆਈਐੱਮਏ) ਦੇ 52ਵੇਂ ਰਾਸ਼ਟਰੀ ਮੈਨੇਜਮੈਂਟ ਸੰਮੇਲਨ ਵਿਚ ਕਿਹਾ ਕਿ ਪੁਲਾੜ ਏਜੰਸੀ ਨੇ ਰਾਸ਼ਟਰੀ ਸੁਰੱਖਿਆ ਦੀਆਂ ਜ਼ਰੂਰਤਾਂ ਲਈ ਆਪਣੇ ਪੁਲਾੜ ਵਾਹਨ ਰਾਹੀਂ ਉਪਗ੍ਰਹਿ ਡਾਟਾ ਮੁਹੱਈਆ ਕਰਵਾਇਆ ਹੈ। ਆਪ੍ਰੇਸ਼ਨ ਸਿੰਧੂਰ ਦੌਰਾਨ ਦੇਸ਼ ਦੇ ਸਾਰੇ ਉਪਗ੍ਰਹਿ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਟੀਕ ਤਰੀਕੇ ਨਾਲ 24 ਘੰਟੇ ਕੰਮ ਕਰ ਰਹੇ ਸਨ। ਆਪ੍ਰੇਸ਼ਨ ਸਿੰਧੂਰ ਵਿਚ ਹਥਿਆਰਬੰਦ ਸੰਘਰਸ਼ ਦੌਰਾਨ ਪੁਲਾੜ ਖੇਤਰ ਦੀ ਭੂਮਿਕਾ ਸਾਫ਼ ਤੌਰ ’ਤੇ ਸਾਹਮਣੇ ਆਈ ਜਿਸ ਵਿਚ ਡ੍ਰੋਨ ਅਤੇ ਜੰਗੀ ਸਮੱਗਰੀ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਗਿਆ ਅਤੇ ਭਾਰਤ ਵਿਚ ਵਿਕਸਿਤ ਆਕਾਸ਼ ਤੀਰ ਵਰਗੀਆਂ ਹਵਾਈ ਰੱਖਿਆ ਪ੍ਰਣਾਲੀਆਂ ਦੀਆਂ ਸਮਰੱਥਾਵਾਂ ਦਾ ਪ੍ਰੀਖਣ ਕੀਤਾ ਗਿਆ।
ਗਗਨਯਾਨ ਮੁਹਿੰਮ ਬਾਰੇ ਵਿਚਾਰ ਸਾਹਮਣੇ ਰੱਖਦਿਆਂ ਨਾਰਾਇਣਨ ਨੇ ਕਿਹਾ ਕਿ 2027 ਵਿਚ ਭਾਰਤ ਦੀ ਪਹਿਲੀ ਮਨੁੱਖੀ ਪੁਲਾੜ ਉਡਾਣ ਪੂਰੀ ਕਰਨ ਲਈ ਅਸੀਂ 7700 ਤੋਂ ਵੱਧ ਜ਼ਮੀਨੀ ਟੈਸਟ ਪੂਰੇ ਕਰ ਲਏ ਹਨ। 2300 ਹੋਰ ਟੈਸਟ ਕਰਨ ਦੀ ਵੀ ਯੋਜਨਾ ਹੈ। ਗਗਨਯਾਨ ਪ੍ਰਾਜੈਕਟ ਤਹਿਤ ਇਸਰੋ ਤਿੰਨ ਮਨੁੱਖ ਰਹਿਤ ਮਿਸ਼ਨਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ ਜਿਨ੍ਹਾਂ ਵਿਚੋਂ ਪਹਿਲਾ ਇਸ ਸਾਲ ਦਸੰਬਰ ਵਿਚ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਦੋ ਹੋਰ ਮਨੁੱਖ ਰਹਿਤ ਮਿਸ਼ਨ ਹੋਣਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ 2035 ਤੱਕ ਪੁਲਾੜ ਵਿਚ ਭਾਰਤੀ ਸਟੇਸ਼ਨ ਅਤੇ 2040 ਤੱਕ ਚੰਦਰਮਾ ’ਤੇ ਭਾਰਤੀ ਪੁਲਾੜ ਯਾਤਰੀ ਨੂੰ ਪਹੁੰਚਾਉਣ ਦਾ ਟੀਚਾ ਦਿੱਤਾ ਹੈ।