ਮੰਗਲਵਾਰ ਨੂੰ ਜਾਰੀ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੀ ‘ਪੱਛਮੀ ਏਸ਼ੀਆ ’ਚ ਫ਼ੌਜੀ ਵਾਧਾ’ ਏਸ਼ੀਆ ਤੇ ਪ੍ਰਸ਼ਾਂਤ ’ਚ ਮਨੁੱਖੀ ਵਿਕਾਸ ’ਤੇ ਅਸਰ’ ਸਿਰਲੇਖ ਵਾਲੀ ਰਿਪੋਰਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਇਹ ਸੰਘਰਸ਼ ‘ਏਸ਼ੀਆ ਤੇ ਪ੍ਰਸ਼ਾਂਤ ਖੇਤਰ ’ਚ ਮਨੁੱਖੀ ਵਿਕਾਸ ਦੇ ਦਬਾਅ ਨੂੰ ਵਧਾ ਰਿਹਾ ਹੈ।

ਸੰਯੁਕਤ ਰਾਸ਼ਟਰ (ਪੀਟੀਆਈ) : ਵਿਸ਼ਵ ਪੱਧਰੀ ਸੰਕਟ ਵਿਚਾਲੇ ਗ਼ੈਰਪ੍ਰਸੰਗਕ ਹੋਏ ਸੰਯੁਕਤ ਰਾਸ਼ਟਰ ਨੇ ਆਪਣੀ ਇਕ ਸੰਸਥਾ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਪੱਛਮੀ ਏਸ਼ੀਆ ’ਚ ਸੰਘਰਸ਼ ਤੇ ਫ਼ੌਜੀ ਵਾਧੇ ਨਾਲ ਭਾਰਤ ’ਚ 25 ਲੱਖ ਲੋਕ ਗ਼ਰੀਬੀ ਦੀ ਗ੍ਰਿਫ਼ਤਰ ’ਚ ਆ ਸਕਦੇ ਹਨ। ਨਾਲ ਹੀ ਭਾਰਤ ਨੂੰ ਮਨੁੱਖੀ ਵਿਕਾਸ ਦੀ ਪ੍ਰਗਤੀ ’ਚ ਵੀ ਰੁਕਾਵਟਾਂ ਤੇ ਕੁਝ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।
ਮੰਗਲਵਾਰ ਨੂੰ ਜਾਰੀ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੀ ‘ਪੱਛਮੀ ਏਸ਼ੀਆ ’ਚ ਫ਼ੌਜੀ ਵਾਧਾ’ ਏਸ਼ੀਆ ਤੇ ਪ੍ਰਸ਼ਾਂਤ ’ਚ ਮਨੁੱਖੀ ਵਿਕਾਸ ’ਤੇ ਅਸਰ’ ਸਿਰਲੇਖ ਵਾਲੀ ਰਿਪੋਰਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਇਹ ਸੰਘਰਸ਼ ‘ਏਸ਼ੀਆ ਤੇ ਪ੍ਰਸ਼ਾਂਤ ਖੇਤਰ ’ਚ ਮਨੁੱਖੀ ਵਿਕਾਸ ਦੇ ਦਬਾਅ ਨੂੰ ਵਧਾ ਰਿਹਾ ਹੈ। ਈਂਧਨ, ਮਾਲ ਢੁਆਈ ਤੇ ਇਨਪੁਟ ਲਾਗਤ ’ਚ ਵਾਧੇ ਨਾਲ ਇਹ ਝਟਕਾ ਘਰੇਲੂ ਖ਼ਰੀਦਦਾਰ ਦੀ ਤਾਕਤ ਨੂੰ ਘੱਟ ਕਰ ਰਿਹਾ ਹੈ। ਇਸ ਨਾਲ ਖੁਰਾਕ ਅਸੁਰੱਖਿਆ ਵਧ ਰਹੀ ਹੈ, ਜੋ ਸਰਕਾਰੀ ਬਜਟ ’ਤੇ ਦਬਾਅ ਪਾ ਰਹੀ ਹੈ ਤੇ ਰੋਜ਼ੀ-ਰੋਟੀ ਨੂੰ ਕਮਜ਼ੋਰ ਕਰ ਰਹੀ ਹੈ। ਸ਼ੁਰੂਆਤੀ ਮੁਲਾਂਕਣ ’ਚ ਅੰਦਾਜ਼ਾ ਲਾਇਆ ਗਿਆ ਹੈ ਕਿ ਆਲਮੀ ਪੱਧਰ ’ਤੇ 88 ਲੱਖ ਲੋਕ ਗ਼ਰੀਬੀ ’ਚ ਜਕੜੇ ਜਾ ਸਕਦੇ ਹਨ ਤੇ ਪੱਛਮੀ ਏਸ਼ੀਆ ਦਾ ਫ਼ੌਜੀ ਵਾਧਾ ਏਸ਼ੀਆ-ਪ੍ਰਸ਼ਾਂਤ ਖੇਤਰ ਨੂੰ 299 ਅਰਬ ਅਮਰੀਕੀ ਡਾਲਰ ਤੱਕ ਦਾ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤ ’ਚ ਗ਼ਰੀਬਾਂ ਦੀ ਗਿਣਤੀ ਲਗਪਗ ਚਾਰ ਲੱਖ ਤੋਂ ਵਧ ਕੇ 25 ਲੱਖ ਹੋਣ ਦਾ ਸ਼ੱਕ ਹੈ। ਰਿਪੋਰਟ ’ਚ ਫ਼ੌਜੀ ਵਾਧੇ ਦੇ ਅਨੁਮਾਨਿਤ ਗ਼ਰੀਬੀ ਅਸਰ ਨੂੰ ਉਜਾਗਰ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਸੰਕਟ ਤੋਂ ਬਾਅਦ ਭਾਰਤ ਦੀ ਗ਼ਰੀਬੀ ਦਰ 23.9 ਫ਼ੀਸਦੀ ਤੋਂ ਵਧ ਕੇ 24.2 ਫ਼ੀਸਦੀ ਹੋਣ ਦਾ ਅੰਦਾਜ਼ਾ ਹੈ, ਜਿਸ ਨਾਲ 24, 64, 698 ਲੋਕ ਗ਼ਰੀਬੀ ’ਚ ਧੱਕੇ ਜਾਣਗੇ। ਸੰਕਟ ਤੋਂ ਬਾਅਦ ਦੇਸ਼ ’ਚ ਲਗਪਗ 35,40,33,698 ਲੋਕ ਗ਼ਰੀਬੀ ’ਚ ਰਹਿਣ ਦਾ ਸ਼ੱਕ ਹੈ। ਜਦਕਿ ਸੰਕਟ ਤੋਂ ਪਹਿਲਾਂ ਇਹ ਗਿਣਤੀ 35,15,69,000 ਸੀ। ਰਿਪੋਰਟ ਦੇ ਮੁਤਾਬਕ ਭਾਰਤ ਆਪਣੀ ਤੇਲ ਦੀਆਂ ਜ਼ਰੂਰਤਾਂ ਦਾ 90 ਫ਼ੀਸਦੀ ਤੋਂ ਵੱਧ ਦਰਾਮਦ ਨਾਲ ਪੂਰਾ ਕਰਦਾ ਹੈ, ਜਿਸ ’ਚ 40 ਫ਼ੀਸਦੀ ਤੋਂ ਵੱਧ ਕੱਚੇ ਤੇਲ ਦੀ ਦਰਾਮਤ ਤੇ 90 ਫ਼ੀਸਦੀ ਐੱਲਪੀਜੀ ਦਰਾਮਦ ਪੱਛਮੀ ਏਸ਼ੀਆ ਤੋਂ ਹੁੰਦੀ ਹੈ। ਪੱਛਮੀ ਏਸ਼ਿਆਈ ਦੇਸ਼ ਭਾਰਤ ਦੀ ਖਾਦ ਦਰਾਮਦ ਦਾ 45 ਫ਼ੀਸਦੀ ਤੋਂ ਵੱਧ ਪ੍ਰਦਾਨ ਕਰਦੇ ਹਨ, ਜਦਕਿ ਦੇਸ਼ ਦਾ ਘਰੇਲੂ ਯੂਰੀਆ ਉਤਪਾਦਨ 85 ਫ਼ੀਸਦੀ ਦਰਾਮਦ ਪੁਨਰਗੈਸਿਫਾਈਡ ਤਰਲੀਕ੍ਰਿਤ ਕੁਦਰਤੀ ਗੈਸ ’ਤੇ ਨਿਰਭਰ ਹੈ।
ਦੁਨੀਆ ਦਾ ਹਾਲ
ਦੁਨੀਆ ਭਰ ’ਚ ਗ਼ਰੀਬੀ ’ਚ ਧੱਕੇ ਗਏ ਲੋਕਾਂ ਦੀ ਗਿਣਤੀ 19 ਲੱਖ ਤੋਂ ਵਧ ਕੇ ਲਗਪਗ 88 ਲੱਖ ਹੋ ਸਕਦੀ ਜਾਂਦੀ ਹੈ। ਇਸ ’ਚ ਦੱਖਣੀ ਏਸ਼ੀਆ ਦਾ ਹਿੱਸਾ ਸਭ ਤੋਂ ਵੱਡਾ ਹੈ, ਜੋ ਲਗਪਗ 17 ਲੱਖ ਤੋਂ 80 ਲੱਖ ਤੋਂ ਵੱਧ ਤੱਕ ਫੈਲਿਆ ਹੈ। ਰਿਪੋਰਟ ’ਚ ਚੀਨ ’ਚ ਲੋਕਾਂ ਦੇ ਗ਼ਰੀਬ ਹੋਣ ਦੇ ਜੋਖ਼ਮ ’ਚ ਮੱਧਮ ਵਾਧੇ ਦਾ ਅਨੁਮਾਨ ਹੈ, ਜੋ ਲਗਪਗ 1.15 ਲੱਖ ਤੋਂ ਵਧ ਕੇ 6.2 ਲੱਖ ਤੋਂ ਵੱਧ ਹੋ ਸਕਦਾ ਹੈ। ਜੋ ਇਕ ਬਹੁਤ ਵੱਡੇ ਜਨਸੰਖਿਆ ਆਧਾਰ ’ਤੇ ਲਾਗੂ ਛੋਟੀਆਂ ਅਨੁਪਾਤੀ ਤਬਦੀਲੀਆਂ ਨੂੰ ਦਰਸਾਉਂਦਾ ਹੈ। ਯੂਐੱਨਡੀਪੀ ਸਿਮੁਲੇਸ਼ਨ ਨੇ ਖੇਤਰ ਦੇ ਦੇਸ਼ਾਂ ਲਈ ਮਨੁੱਖੀ ਵਿਕਾਸ ਸੂਚਕਾਂਕ (ਐੱਚਡੀਆਈ) ’ਤੇ ਸੰਘਰਸ਼ ਦੇ ਅਸਰ ਦਾ ਅੰਦਾਜ਼ਾ ਲਗਾਇਆ ਹੈ। ਇਹ ਸੰਕੇਤ ਦਿੰਦਾ ਹੈ ਕਿ ਈਰਾਨ ਦਾ ਐੱਚਡੀਆਈ ਮਨੁੱਖੀ ਵਿਕਾਸ ਦੀ ਪ੍ਰਗਤੀ ਦੇ ਲਗਪਗ ਇਕ ਤੋਂ ਡੇਢ ਸਾਲ ਦੇ ਬਰਾਬਰ ਘਟ ਸਕਦਾ ਹੈ। ਇਸ ’ਚ ਕਿਹਾ ਗਿਆ ਹੈ, ‘ਭਾਰਤ ’ਚ ਐੱਚਡੀਆਈ ਪ੍ਰਗਤੀ ’ਚ 0.03-0.12 ਸਾਲ ਦੇ ਨੁਕਸਾਨ ਦਾ ਸ਼ੱਕ ਹੈ। ਨੇਪਾਲ ’ਚ 0.02-0.09 ਸਾਲ ਤੇ ਵੀਅਤਨਾਮ ’ਚ 0.02-0.07 ਸਾਲ, ਜਦਕਿ ਚੀਨ ਲਈ ਐੱਚਡੀਆਈ ’ਤੇ ਅੰਦਾਜ਼ਨ ਅਸਰ ਸੀਮਤ ਹੈ, ਜੋ 0.01-0.05 ਸਾਲ ਦੇ ਵਿਚਾਲੇ ਹੈ।