ਪੰਜਾਬ 'ਚ ਬਸਪਾ ਦਾ ਉਭਾਰ
ਚੋਣ ਨਤੀਜਿਆਂ ਮੁਤਾਬਕ ਤਿੰਨਾਂ ਸੀਟਾਂ 'ਤੇ ਬਸਪਾ ਤੀਜੇ ਨੰਬਰ 'ਤੇ ਰਹੀ ਜਦਕਿ ਪੰਜਾਬ 'ਚ ਵਿਰੋਧੀ ਧਿਰ ਦਾ ਰੁਤਬਾ ਹਾਸਲ ਆਮ ਆਦਮੀ ਪਾਰਟੀ ਇਨ੍ਹਾਂ ਸੀਟਾਂ 'ਤੇ ਚੌਥੇ ਨੰਬਰ 'ਤੇ ਆਈ।
Publish Date: Sun, 26 May 2019 09:51 PM (IST)
Updated Date: Mon, 27 May 2019 04:00 AM (IST)

2019 ਦੀਆਂ ਲੋਕ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਲਈ ਗੱਠਜੋੜ ਕੀਤਾ, ਜਿਸ 'ਤੇ ਪੂਰੇ ਮੁਲਕਾਂ ਦੀਆਂ ਨਜ਼ਰਾਂ ਸਨ। ਮੁੱਢਲੇ ਤੌਰ 'ਤੇ ਬਹੁਗਿਣਤੀ ਨੂੰ ਲੱਗ ਰਿਹਾ ਸੀ ਕਿ ਇਹ ਗੱਠਜੋੜ ਭਾਜਪਾ ਨੂੰ ਖਦੇੜਨ ਦਾ ਕੰਮ ਕਰੇਗਾ ਪਰ ਅਜਿਹਾ ਨਹੀਂ ਹੋ ਸਕਿਆ। ਉਮੀਦ ਮੁਤਾਬਕ ਨਤੀਜੇ ਨਹੀਂ ਆਏ ਪਰ ਇਸ ਦੇ ਬਾਵਜੂਦ 2014 ਦੇ ਮੁਕਾਬਲੇ ਬਸਪਾ ਦਾ ਪ੍ਰਦਰਸ਼ਨ ਬਿਹਤਰ ਰਿਹਾ। 2019 ਦੀਆਂ ਲੋਕਾਂ ਸਭਾ ਚੋਣਾਂ ਵਿਚ ਜਿੱਥੇ ਪੂਰੇ ਦੇਸ਼ ਨੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੇ ਹੱਕ ਵਿਚ ਫਤਵਾ ਦਿੱਤਾ ਤਾਂ ਦੂਜੇ ਪਾਸੇ ਪੰਜਾਬ ਨੇ 13 ਵਿਚੋਂ 8 ਸੀਟਾਂ ਕਾਂਗਰਸ ਨੂੰ ਜਿਤਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕੀਤੇ। 16ਵੀਆਂ ਲੋਕ ਸਭਾ ਚੋਣਾਂ ਵੇਲੇ ਵੀ ਪੰਜਾਬੀਆਂ ਨੇ ਉਲਟ ਗੰਗਾ ਵਹਾਈ ਸੀ, ਜਦੋਂ ਪੂਰੇ ਦੇਸ਼ ਵਿਚ ਮੋਦੀ ਲਹਿਰ ਚੱਲ ਰਹੀ ਸੀ ਤਾਂ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦੇ ਚਾਰ ਸੰਸਦ ਮੈਂਬਰ ਚੁਣੇ ਗਏ ਸਨ ਜਦਕਿ ਬਾਕੀ ਸੀਟਾਂ 'ਤੇ ਵੀ 'ਆਪ' ਉਮੀਦਵਾਰਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਹਾਸਲ ਕੀਤੀਆਂ ਸਨ। ਇਸ ਵਾਰ ਵੀ ਕੁੱਝ ਅਜਿਹਾ ਹੀ ਵਾਪਰਿਆ ਹੈ। ਹਾਸ਼ੀਏ ਵੱਲ ਜਾ ਚੁੱਕੀ ਬਹੁਜਨ ਸਮਾਜ ਪਾਰਟੀ ਦੀ ਪੁਨਰ-ਸੁਰਜੀਤੀ ਹੋਈ ਹੈ। ਪਾਰਟੀ ਚੋਣਾਂ 'ਚ ਪੰਜਾਬ ਜਮਹੂਰੀ ਗਠਜੋੜ ਦਾ ਹਿੱਸਾ ਬਣੀ ਤੇ ਤਿੰਨ ਸੀਟਾਂ ਜਲੰਧਰ, ਹੁਸ਼ਿਆਰਪੁਰ ਤੇ ਅਨੰਦਪੁਰ ਸਾਹਿਬ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ। ਇਨ੍ਹਾਂ ਤਿੰਨ ਸੀਟਾਂ 'ਤੇ ਪਈਆਂ ਕੁੱਲ ਵੋਟਾਂ ਦਾ 3.49 ਫ਼ੀਸਦੀ ਹਿੱਸਾ ਬਸਪਾ ਦੇ ਹਿੱਸੇ ਆਇਆ ਜਦਕਿ ਇਸ ਤੋਂ ਪਹਿਲਾਂ ਵੋਟ ਹਿੱਸੇਦਾਰੀ ਦੇ ਮਾਮਲੇ ਵਿਚ ਬਸਪਾ ਦੀ ਹਿੱਸੇਦਾਰੀ ਘਟ ਕੇ ਸਿਰਫ਼ 1.5 ਫੀਸਦੀ ਰਹਿ ਗਈ ਸੀ। ਤਿੰਨੇ ਸੀਟਾਂ 'ਤੇ 4.79 ਲੱਖ ਵੋਟਾਂ ਬਸਪਾ ਉਮੀਦਵਾਰਾਂ ਨੇ ਹਾਸਲ ਕੀਤੀਆਂ ਜਦਕਿ 2014 ਵਿਚ ਪਾਰਟੀ ਨੂੰ ਸਿਰਫ਼ 2.63 ਲੱਖ ਵੋਟਾਂ ਪਈਆਂ ਸਨ। ਜਲੰਧਰ (ਰਿਜ਼ਰਵ) ਤੋਂ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ 2.4 ਵੱਖ ਵੋਟਾਂ ਹਾਸਲ ਕਰ ਕੇ ਬਿਹਤਰ ਪ੍ਰਦਰਸ਼ਨ ਕੀਤਾ। ਹੁਸ਼ਿਆਰਪੁਰ (ਰਿਜ਼ਰਵ) ਤੋਂ ਪਾਰਟੀ ਉਮੀਦਵਾਰ ਖੁਸ਼ੀ ਰਾਮ ਨੂੰ 1.28 ਲੱਖ ਵੋਟਾਂ ਤੇ ਆਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਢੀ ਨੂੰ 1.46 ਲੱਖ ਵੋਟਾਂ ਮਿਲੀਆਂ। ਚੋਣ ਨਤੀਜਿਆਂ ਮੁਤਾਬਕ ਤਿੰਨਾਂ ਸੀਟਾਂ 'ਤੇ ਬਸਪਾ ਤੀਜੇ ਨੰਬਰ 'ਤੇ ਰਹੀ ਜਦਕਿ ਪੰਜਾਬ 'ਚ ਵਿਰੋਧੀ ਧਿਰ ਦਾ ਰੁਤਬਾ ਹਾਸਲ ਆਮ ਆਦਮੀ ਪਾਰਟੀ ਇਨ੍ਹਾਂ ਸੀਟਾਂ 'ਤੇ ਚੌਥੇ ਨੰਬਰ 'ਤੇ ਆਈ। ਕਿਸੇ ਵੇਲੇ ਪੰਜਾਬ ਵਿਚ 15 ਫੀਸਦੀ ਤਕ ਵੋਟਾਂ ਹਾਸਲ ਕਰਨ ਵਾਲੀ ਬਸਪਾ ਹੌਲ਼ੀ-ਹੌਲ਼ੀ ਹਾਸ਼ੀਏ ਵੱਲ ਧੱਕੀ ਗਈ ਸੀ। ਇਹ ਪਹਿਲਾ ਮੌਕਾ ਹੈ ਜਦੋਂ ਬਸਪਾ ਨੇ ਆਪਣੇ ਵੋਟ ਬੈਂਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਆਖਰੀ ਦੌਰ 'ਚ ਹੋਈਆਂ ਪੰਜਾਬ ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ ਵੱਖ-ਵੱਖ ਪਾਰਟੀਆਂ ਦੇ ਕੇਂਦਰੀ ਨੇਤਾਵਾਂ ਨੇ ਸੂਬੇ ਵਿਚ ਧੂੰਆਂਧਾਰ ਪ੍ਰਚਾਰ ਕੀਤਾ। ਉੱਥੇ ਬਸਪਾ ਸੁਪਰੀਮੋ ਮਾਇਆਵਤੀ ਨੇ ਨਵਾਂਸ਼ਹਿਰ ਵਿਚ ਸਿਰਫ਼ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੇ ਬਾਵਜੂਦ ਬਸਪਾ ਦੇ ਵੋਟ ਬੈਂਕ ਵਿਚ ਚੋਖਾ ਇਜ਼ਾਫਾ ਹੋਣਾ ਉਸ ਲਈ ਸ਼ੁੱਭ ਸੰਕੇਤ ਮੰਨੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਖੱਬੇ ਪੱਖੀ ਪਾਰਟੀਆਂ ਦੀ ਪੂਰੇ ਦੇਸ਼ ਵਾਂਗ ਪੰਜਾਬ 'ਚ ਵੀ ਹਾਲਤ ਸੁਧਰਨ ਦੀ ਬਜਾਏ ਨਿੱਘਰੀ ਹੀ ਹੈ। ਪੰਜਾਬ ਜਮਹੂਰੀ ਗਠਜੋੜ ਦਾ ਹਿੱਸਾ ਬਣੇ ਸੀਪੀਆਈ ਅਤੇ ਆਰਐੱਮਪੀਆਈ ਦੇ ਉਮੀਦਵਾਰ ਬਿਹਤਰ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਅਜਿਹੇ ਵਿਚ ਫਿਰ ਤੋਂ ਸੂਬੇ ਵਿਚ ਬਸਪਾ ਦਾ ਉਭਾਰ ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ।