ਸਿਰਫ਼ 10 ਮਿੰਟ ਦੀ ਸਕ੍ਰੌਲਿੰਗ ਤੇ ਖ਼ੁਦ ਨਾਲ ਨਫ਼ਰਤ : ਸੋਸ਼ਲ ਮੀਡੀਆ ਕਿਵੇਂ ਬਰਬਾਦ ਕਰ ਰਿਹੈ ਕੁੜੀਆਂ ਦੀ ਮਾਨਸਿਕ ਸਿਹਤ?
ਕੁੜੀਆਂ ਜਦੋਂ ਆਪਣੀ ਤੁਲਨਾ ਇੰਟਰਨੈੱਟ 'ਤੇ ਮੌਜੂਦ 'ਪਰਫੈਕਟ' ਤਸਵੀਰਾਂ ਨਾਲ ਕਰਦੀਆਂ ਹਨ ਤਾਂ ਉਹ ਬਾਡੀ ਡਿਸਮੋਰਫਿਕ ਡਿਸਆਰਡਰ ਦਾ ਸ਼ਿਕਾਰ ਹੋ ਜਾਂਦੀਆਂ ਹਨ। ਉਹ ਖ਼ੁਦ ਨੂੰ ਅਸੁਰੱਖਿਅਤ ਅਤੇ ਦੂਜਿਆਂ ਨਾਲੋਂ ਕਮਜ਼ੋਰ ਸਮਝਣ ਲੱਗਦੀਆਂ ਹਨ, ਜਿਸ ਕਾਰਨ ਉਨ੍ਹਾਂ ਵਿੱਚ ਡਿਪ੍ਰੈਸ਼ਨ ਦੀ ਦਰ ਲੜਕਿਆਂ ਦੇ ਮੁਕਾਬਲੇ ਦੁੱਗਣੀ ਹੋ ਗਈ ਹੈ।
Publish Date: Mon, 02 Mar 2026 10:49 AM (IST)
Updated Date: Mon, 02 Mar 2026 10:59 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੇ ਦੌਰ ਵਿੱਚ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ ਪਰ ਜਿਸ ਸੋਸ਼ਲ ਮੀਡੀਆ ਨੂੰ ਅਸੀਂ ਮਨੋਰੰਜਨ ਲਈ ਵਰਤਦੇ ਹਾਂ, ਕੀ ਉਹ ਕਿਸ਼ੋਰ (ਟੀਨੇਜ) ਕੁੜੀਆਂ ਲਈ ਮਾਨਸਿਕ ਤਸੀਹੇ ਦਾ ਕਾਰਨ ਬਣਦਾ ਜਾ ਰਿਹਾ ਹੈ?
ਜਿਹੜੀਆਂ ਗੱਲਾਂ ਨੂੰ ਅਕਸਰ ਮਜ਼ਾਕ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਉਹ ਕਿਸ਼ੋਰ ਅਵਸਥਾ ਵਿੱਚੋਂ ਲੰਘ ਰਹੀਆਂ ਕੁੜੀਆਂ ਦੇ ਮਨ 'ਤੇ ਬਹੁਤ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਆਓ ਕੁੜੀਆਂ 'ਤੇ ਸੋਸ਼ਲ ਮੀਡੀਆ ਦੇ ਇਸ ਪ੍ਰਭਾਵ ਨੂੰ ਸਮਝੀਏ।
ਸਿਰਫ਼ 10 ਮਿੰਟ ਤੇ ਖ਼ੁਦ ਨਾਲ ਨਫ਼ਰਤ
ਸੋਸ਼ਲ ਮੀਡੀਆ ਦਾ ਪ੍ਰਭਾਵ ਕਿੰਨਾ ਡੂੰਘਾ ਅਤੇ ਤੁਰੰਤ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਹਿਜ਼ 10 ਮਿੰਟ ਤੱਕ ਸਕ੍ਰੀਨ ਸਕ੍ਰੌਲ ਕਰਨ 'ਤੇ ਇੱਕ ਟੀਨੇਜ ਕੁੜੀ ਨੂੰ ਆਪਣੇ ਹੀ ਸਰੀਰ ਅਤੇ ਚਿਹਰੇ ਤੋਂ ਨਫ਼ਰਤ ਮਹਿਸੂਸ ਹੋਣ ਲੱਗਦੀ ਹੈ।
ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕੁੜੀਆਂ ਨੂੰ ਇਨਸਾਨ ਦੀ ਬਜਾਏ ਇੱਕ ਵਸਤੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇੱਥੇ ਨਾ ਸਿਰਫ਼ ਉਨ੍ਹਾਂ ਦੀ ਦਿੱਖ (looks) ਦੀ ਰੇਟਿੰਗ ਕੀਤੀ ਜਾਂਦੀ ਹੈ, ਸਗੋਂ ਉਨ੍ਹਾਂ ਦੇ ਖ਼ਿਲਾਫ਼ ਸੰਕੇਤਕ ਭਾਸ਼ਾ ਵਿੱਚ ਭੱਦੀਆਂ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਹਨ।
ਨਫ਼ਰਤ ਨੂੰ ਮਿਲ ਰਹੀ ਹੈ 'ਲਾਈਕ' ਦੀ ਸ਼ਕਤੀ
ਸਭ ਤੋਂ ਡਰਾਉਣਾ ਪਹਿਲੂ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਔਰਤਾਂ ਵਿਰੁੱਧ ਹਿੰਸਾ ਅਤੇ ਜਬਰ-ਜ਼ਨਾਹ ਵਰਗੀਆਂ ਗੰਭੀਰ ਘਟਨਾਵਾਂ 'ਤੇ ਵੀ ਭੱਦੇ ਮਜ਼ਾਕ ਕੀਤੇ ਜਾਂਦੇ ਹਨ। ਇਨ੍ਹਾਂ ਇਤਰਾਜ਼ਯੋਗ ਪੋਸਟਾਂ ਨੂੰ ਹਜ਼ਾਰਾਂ ਲਾਈਕਸ ਮਿਲਦੇ ਹਨ, ਜੋ ਸਮਾਜ ਦੀ ਡਿੱਗਦੀ ਮਾਨਸਿਕਤਾ ਨੂੰ ਦਰਸਾਉਂਦੇ ਹਨ। ਘੱਟ ਉਮਰ ਦੇ ਲੜਕੇ ਅਣਜਾਣੇ ਵਿੱਚ ਹੀ ਅਜਿਹੀ ਅਸ਼ਲੀਲਤਾ ਅਤੇ ਨਫ਼ਰਤ ਭਰੀ ਭਾਸ਼ਾ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਸ ਨਾਲ ਸਾਲਾਂ ਦੀ ਮਿਹਨਤ ਤੋਂ ਬਾਅਦ ਹਾਸਿਲ ਕੀਤੀ ਗਈ ਲਿੰਗ ਸਮਾਨਤਾ (gender equality) ਖ਼ਤਮ ਹੁੰਦੀ ਨਜ਼ਰ ਆ ਰਹੀ ਹੈ।
ਐਲਗੋਰਿਦਮ ਤੇ ਨਕਲੀ ਮਰਦਾਨਗੀ ਦਾ ਖੇਡ
ਮਨੋਵਿਗਿਆਨੀਆਂ ਅਨੁਸਾਰ, ਸੋਸ਼ਲ ਮੀਡੀਆ ਦੇ ਐਲਗੋਰਿਦਮ ਟੀਨੇਜਰਸ ਨੂੰ ਅਜਿਹਾ ਕੰਟੈਂਟ ਪਰੋਸਦੇ ਹਨ ਜੋ ਮਰਦ ਉੱਤਮਤਾ ਦਾ ਦਾਅਵਾ ਕਰਦਾ ਹੈ। ਇਸ ਨਾਲ ਲੜਕਿਆਂ ਦੇ ਮਨ ਵਿੱਚ ਇਹ ਗਲਤ ਧਾਰਨਾ ਘਰ ਕਰ ਰਹੀ ਹੈ ਕਿ ਕੁੜੀਆਂ ਨੂੰ ਨੀਵਾਂ ਦਿਖਾਉਣਾ ਹੀ 'ਅਸਲੀ ਮਰਦਾਨਗੀ' ਹੈ।
ਦੂਜੇ ਪਾਸੇ, ਕੁੜੀਆਂ ਜਦੋਂ ਆਪਣੀ ਤੁਲਨਾ ਇੰਟਰਨੈੱਟ 'ਤੇ ਮੌਜੂਦ 'ਪਰਫੈਕਟ' ਤਸਵੀਰਾਂ ਨਾਲ ਕਰਦੀਆਂ ਹਨ ਤਾਂ ਉਹ ਬਾਡੀ ਡਿਸਮੋਰਫਿਕ ਡਿਸਆਰਡਰ ਦਾ ਸ਼ਿਕਾਰ ਹੋ ਜਾਂਦੀਆਂ ਹਨ। ਉਹ ਖ਼ੁਦ ਨੂੰ ਅਸੁਰੱਖਿਅਤ ਅਤੇ ਦੂਜਿਆਂ ਨਾਲੋਂ ਕਮਜ਼ੋਰ ਸਮਝਣ ਲੱਗਦੀਆਂ ਹਨ, ਜਿਸ ਕਾਰਨ ਉਨ੍ਹਾਂ ਵਿੱਚ ਡਿਪ੍ਰੈਸ਼ਨ ਦੀ ਦਰ ਲੜਕਿਆਂ ਦੇ ਮੁਕਾਬਲੇ ਦੁੱਗਣੀ ਹੋ ਗਈ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਕੁਝ ਕੁੜੀਆਂ ਆਤਮਘਾਤੀ ਕਦਮ ਚੁੱਕਣ ਬਾਰੇ ਵੀ ਸੋਚਣ ਲੱਗਦੀਆਂ ਹਨ।
ਡਰਾਉਣ ਵਾਲੇ ਅੰਕੜੇ
ਇੱਕ ਰਿਪੋਰਟ ਮੁਤਾਬਕ ਲਗਪਗ 38% ਔਰਤਾਂ ਆਨਲਾਈਨ ਹਿੰਸਾ ਦਾ ਸਾਹਮਣਾ ਕਰਦੀਆਂ ਹਨ। ਇਸ ਖ਼ਤਰੇ ਨੂੰ ਦੇਖਦੇ ਹੋਏ ਆਸਟ੍ਰੇਲੀਆ ਵਰਗੇ ਦੇਸ਼ਾਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਹੈ ਤਾਂ ਜੋ ਬੱਚਿਆਂ ਨੂੰ ਇਸ ਜ਼ਹਿਰੀਲੀ ਮਾਨਸਿਕਤਾ ਤੋਂ ਬਚਾਇਆ ਜਾ ਸਕੇ।
ਕੀ ਹੈ ਬਚਾਅ ਦਾ ਰਸਤਾ?
ਸਿਰਫ਼ ਤਕਨੀਕ 'ਤੇ ਰੋਕ ਲਗਾਉਣਾ ਹੀ ਹੱਲ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਭ ਤੋਂ ਜ਼ਰੂਰੀ ਕਦਮ ਸਕੂਲਾਂ ਅਤੇ ਘਰਾਂ ਵਿੱਚ ਲੜਕਿਆਂ ਨੂੰ ਆਨਲਾਈਨ ਐਥਿਕਸ (ਨੈਤਿਕਤਾ) ਸਿਖਾਉਣਾ ਹੈ। ਉਨ੍ਹਾਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਵਰਚੁਅਲ ਦੁਨੀਆ ਵਿੱਚ ਵੀ ਕਿਸੇ ਦਾ ਸਤਿਕਾਰ ਕਰਨਾ ਉਨਾ ਹੀ ਜ਼ਰੂਰੀ ਹੈ ਜਿੰਨਾ ਅਸਲ ਜ਼ਿੰਦਗੀ ਵਿੱਚ।