ਮੋਹਾਲੀ 'ਚ ਕਰਨ ਔਜਲਾ ਦੇ ਸ਼ੋਅ 'ਤੇ ਪੁਲਿਸ ਦੀ ਤਿੱਖੀ ਨਜ਼ਰ; PCA ਸਟੇਡੀਅਮ ਬਣਿਆ ਛਾਉਣੀ, ਲੱਚਰ ਗਾਣਿਆਂ 'ਤੇ ਲੱਗੀ ਪਾਬੰਦੀ
ਪੰਜਾਬੀ ਗਾਇਕ ਕਰਨ ਔਜਲਾ ਦਾ ਅੱਜ ਸ਼ਾਮ ਮੋਹਾਲੀ ਦੇ ਪੀ.ਸੀ.ਏ. (PCA) ਸਟੇਡੀਅਮ ਵਿੱਚ ਵੱਡਾ ਮਿਊਜ਼ਿਕ ਸ਼ੋਅ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਲੈ ਕੇ ਜਿੱਥੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ, ਉੱਥੇ ਹੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਗਏ ਹਨ।
Publish Date: Sat, 14 Mar 2026 12:37 PM (IST)
Updated Date: Sat, 14 Mar 2026 01:06 PM (IST)

ਰਣਜੀਤ ਸਿੰਘ ਰਾਣਾ, ਐਸ.ਏ.ਐਸ. ਨਗਰ (ਮੋਹਾਲੀ): ਪੰਜਾਬੀ ਗਾਇਕ ਕਰਨ ਔਜਲਾ ਦਾ ਅੱਜ ਸ਼ਾਮ ਮੋਹਾਲੀ ਦੇ ਪੀ.ਸੀ.ਏ. (PCA) ਸਟੇਡੀਅਮ ਵਿੱਚ ਵੱਡਾ ਮਿਊਜ਼ਿਕ ਸ਼ੋਅ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਲੈ ਕੇ ਜਿੱਥੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ, ਉੱਥੇ ਹੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਗਏ ਹਨ।
3500 ਪੁਲਿਸ ਜਵਾਨ ਤਾਇਨਾਤ, ਟ੍ਰੈਫਿਕ ਐਡਵਾਈਜ਼ਰੀ ਜਾਰੀ
ਮੋਹਾਲੀ ਦੇ ਐਸ.ਐਸ.ਪੀ. (SSP) ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਦਰਸ਼ਕਾਂ ਦੀ ਵੱਡੀ ਭੀੜ ਨੂੰ ਮੁੱਖ ਰੱਖਦਿਆਂ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ 3500 ਦੇ ਕਰੀਬ ਪੁਲਿਸ ਅਫ਼ਸਰ ਅਤੇ ਜਵਾਨ ਤਾਇਨਾਤ ਕੀਤੇ ਗਏ ਹਨ।
ਸੁਰੱਖਿਆ: ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਟੇਡੀਅਮ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਖ਼ਤ ਪਹਿਰਾ ਹੈ।
ਟ੍ਰੈਫਿਕ: ਆਮ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਤਾਂ ਜੋ ਸੜਕਾਂ 'ਤੇ ਜਾਮ ਦੀ ਸਥਿਤੀ ਨਾ ਬਣੇ।
ਲੱਚਰ ਗਾਇਕੀ ਵਿਰੁੱਧ ਪੰਡਿਤ ਰਾਓ ਦੀ ਸ਼ਿਕਾਇਤ
ਇਸੇ ਦੌਰਾਨ ਸਮਾਜ ਸੇਵੀ ਪੰਡਿਤ ਰਾਓ ਧਰੇਨਵਰ ਨੇ ਕਰਨ ਔਜਲਾ ਦੇ ਕੁਝ ਗੀਤਾਂ 'ਤੇ ਇਤਰਾਜ਼ ਜਤਾਉਂਦਿਆਂ ਪੰਜਾਬ ਮਹਿਲਾ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਸ਼ੋਅ ਦੌਰਾਨ ਕੋਈ ਵੀ ਅਜਿਹਾ ਗਾਣਾ ਨਾ ਗਾਇਆ ਜਾਵੇ ਜੋ ਲੱਚਰਤਾ ਜਾਂ ਸ਼ਰਾਬ ਨੂੰ ਪ੍ਰਮੋਟ ਕਰਦਾ ਹੋਵੇ।
ਪੁਲਿਸ ਦੀ ਚਿਤਾਵਨੀ: ‘ਨਿਯਮ ਤੋੜੇ ਤਾਂ ਹੋਵੇਗੀ ਕਾਰਵਾਈ’
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. (DSP) ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸ਼ੋਅ ਦੇ ਪ੍ਰਬੰਧਕਾਂ ਅਤੇ ਕਰਨ ਔਜਲਾ ਦੀ ਟੀਮ ਨੂੰ ਸਪੱਸ਼ਟ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
"ਅਸੀਂ ਪ੍ਰਬੰਧਕਾਂ ਨੂੰ ਨੋਟ ਕਰਵਾ ਦਿੱਤਾ ਹੈ ਕਿ ਸਟੇਜ 'ਤੇ ਕੋਈ ਵੀ ਇਤਰਾਜ਼ਯੋਗ ਜਾਂ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲਾ ਗਾਣਾ ਨਹੀਂ ਚੱਲੇਗਾ। ਜੇਕਰ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।"
ਹੁਣ ਦੇਖਣਾ ਇਹ ਹੋਵੇਗਾ ਕਿ ਭਾਰੀ ਸੁਰੱਖਿਆ ਅਤੇ ਇਨ੍ਹਾਂ ਸ਼ਰਤਾਂ ਦੇ ਵਿਚਕਾਰ ਕਰਨ ਔਜਲਾ ਦਾ ਇਹ ਸ਼ੋਅ ਕਿਵੇਂ ਸੰਪੰਨ ਹੁੰਦਾ ਹੈ।