ਕਾਨੂੰਨੀ ਗੇੜ ’ਚ ਆਈ ਫਿਲਮ ‘ਪਿੱਟ ਸਿਆਪਾ’, ਅਗਲੀ ਸੁਣਵਾਈ ਤੱਕ ਰਿਲੀਜ਼ ’ਤੇ ਅਸਥਾਈ ਰੋਕ
ਫਿਲਮ ‘ਪਿੱਟ ਸਿਆਪਾ’ ਕਾਪੀਰਾਈਟ ਵਿਵਾਦ ਕਾਰਨ ਕਾਨੂੰਨੀ ਗੇੜ ’ਚ ਆ ਗਈ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇਸ ਦੀ ਰਿਲੀਜ਼ ’ਤੇ ਅਸਥਾਈ ਰੋਕ ਲਾ ਦਿੱਤੀ ਹੈ। ਫਿਲਮ 1 ਮਈ ਨੂੰ ਸਿਨੇਮਾਘਰਾਂ ’ਚ ਆਉਣੀ ਸੀ, ਪਰ ਹੁਣ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ ਅਤੇ ਉਦੋਂ ਤੱਕ ਇਹ ਰੋਕ ਜਾਰੀ ਰਹੇਗੀ। ਅਦਾਲਤ ਨੇ ਸ਼ੁਰੂਆਤੀ ਸੁਣਵਾਈ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਹਨ।
Publish Date: Tue, 21 Apr 2026 08:12 PM (IST)
Updated Date: Tue, 21 Apr 2026 08:24 PM (IST)
ਤਰੁਣ ਭਜਨੀ , ਪੰਜਾਬੀ ਜਾਗਰਣ, ਚੰਡੀਗੜ੍ਹ : ਫਿਲਮ ‘ਪਿੱਟ ਸਿਆਪਾ’ ਕਾਪੀਰਾਈਟ ਵਿਵਾਦ ਕਾਰਨ ਕਾਨੂੰਨੀ ਗੇੜ ’ਚ ਆ ਗਈ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇਸ ਦੀ ਰਿਲੀਜ਼ ’ਤੇ ਅਸਥਾਈ ਰੋਕ ਲਾ ਦਿੱਤੀ ਹੈ। ਫਿਲਮ 1 ਮਈ ਨੂੰ ਸਿਨੇਮਾਘਰਾਂ ’ਚ ਆਉਣੀ ਸੀ, ਪਰ ਹੁਣ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ ਅਤੇ ਉਦੋਂ ਤੱਕ ਇਹ ਰੋਕ ਜਾਰੀ ਰਹੇਗੀ। ਅਦਾਲਤ ਨੇ ਸ਼ੁਰੂਆਤੀ ਸੁਣਵਾਈ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਹਨ। ਲੇਖਕ ਰਾਜਨ ਨੰਦਨ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਉਨ੍ਹਾਂ ਦੀ ਲਿਖੀ ਸਕ੍ਰਿਪਟ ਨਾਲ ਮਿਲਦੀ ਹੈ। ਉਨ੍ਹਾਂ ਦੇ ਅਨੁਸਾਰ ਇਹ ਸਕ੍ਰਿਪਟ 2021 ਵਿੱਚ ਰਜਿਸਟਰ ਕਰਵਾਈ ਗਈ ਸੀ। 27 ਮਾਰਚ 2026 ਨੂੰ ਫਿਲਮ ਦਾ ਪ੍ਰੋਮੋ ਆਉਣ ’ਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ। ਇਸ ਮਗਰੋਂ 1 ਅਪ੍ਰੈਲ 2026 ਨੂੰ ਉਨ੍ਹਾਂ ਨੇ ਸਬੰਧਤ ਪੱਖਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਅਤੇ ਫਿਰ ਜ਼ਿਲ੍ਹਾ ਅਦਾਲਤ ਦਾ ਰੁਖ ਕਰਦੇ ਹੋਏ ਕਾਪੀਰਾਈਟ ਉਲੰਘਣਾ ਦੀ ਅਰਜ਼ੀ ਦਾਇਰ ਕਰ ਦਿੱਤੀ।
ਨੋਟਿਸ ਰਾਹੀਂ ਕਰੈਡਿਟ ਤੇ ਮੁਆਵਜ਼ੇ ਦੀ ਮੰਗ
ਲੇਖਕ ਨੇ ਦੱਸਿਆ ਕਿ ਆਪਣੇ ਵਕੀਲ ਰਿਪੁ ਦਮਨ ਬੂਰਾ ਰਾਹੀਂ ਨਿਰਮਾਤਾਵਾਂ ਨੂੰ ਭੇਜੇ ਨੋਟਿਸ ਵਿੱਚ ਉਨ੍ਹਾਂ ਦੀ ਸਕ੍ਰਿਪਟ ਦੇ ਬਿਨਾਂ ਇਜਾਜ਼ਤ ਇਸਤੇਮਾਲ ਅਤੇ ਵਪਾਰਕ ਲਾਭ ਲੈਣ ਦੇ ਦੋਸ਼ ਲਗਾਏ ਗਏ। ਨਾਲ ਹੀ ਸਕ੍ਰਿਪਟ-ਸਕ੍ਰੀਨਪਲੇ ਦੀ ਕਾਪੀ, ਉਚਿਤ ਕਰੈਡਿਟ ਅਤੇ ਮੁਆਵਜ਼ੇ ਦੀ ਮੰਗ ਕੀਤੀ ਗਈ।
ਉਨ੍ਹਾਂ ਮੁਤਾਬਕ 8 ਅਪ੍ਰੈਲ ਨੂੰ ਨਿਰਮਾਤਾਵਾਂ ਨੇ ਆਪਣੇ ਵਕੀਲ ਰਾਹੀਂ ਜਵਾਬ ਭੇਜ ਕੇ ਸਾਰੇ ਦੋਸ਼ ਨਕਾਰ ਦਿੱਤੇ ਅਤੇ ਦਾਵਿਆਂ ਨੂੰ ਬੇਅਧਾਰ ਦੱਸਿਆ। ਇਸ ਤੋਂ ਬਾਅਦ ਰਾਜਨ ਨੰਦਨ ਨੇ ਆਪਣੇ ਵਕੀਲਾਂ ਰਾਹੀਂ ਅਦਾਲਤ ’ਚ ਕੇਸ ਦਰਜ ਕਰਵਾ ਦਿੱਤਾ।
ਰਜਿਸਟਰਡ ਸਕ੍ਰਿਪਟ ਨਾਲ ਅਹਿਮ ਮਿਲਤਾਂ ਦਾ ਦਾਅਵਾ
ਲੇਖਕ ਨੇ ਕਿਹਾ ਕਿ ਉਨ੍ਹਾਂ ਦੀ ਰਚਨਾ ‘ਆਖਰੀ ਯਾਤਰਾ ਡਾਟ ਕਾਮ’ 2021 ਵਿੱਚ ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਨਾਲ ਰਜਿਸਟਰ ਹੋਈ ਸੀ। 27 ਮਾਰਚ ਨੂੰ ਟ੍ਰੇਲਰ ਆਉਣ ਮਗਰੋਂ 31 ਮਾਰਚ ਨੂੰ ਇਸਨੂੰ ਦੇਖਦੇ ਸਮੇਂ ਉਨ੍ਹਾਂ ਨੂੰ ਫਿਲਮ ਅਤੇ ਆਪਣੀ ਸਕ੍ਰਿਪਟ ਵਿੱਚ ਕਈ ਅਹਿਮ ਮਿਲਤਾਂ ਨਜ਼ਰ ਆਈਆਂ।