ਸੁਨੀਲ ਸ਼ੈੱਟੀ ਦਾ ਵੱਡਾ ਖ਼ੁਲਾਸਾ : ਜਬਰ ਜਨਾਹ ਦੇ ਸੀਨ ਕਾਰਨ ਹੱਥੋਂ ਛੱਡੀ ਵੱਡੀ ਹਾਲੀਵੁੱਡ ਫਿਲਮ, ਕਿਹਾ- 'ਨੈਗੇਟਿਵ ਰੋਲ ਮੇਰੇ ਲਈ ਸਹੀ ਨਹੀਂ'
"ਮੈਂ ਫਿਲਮ 'ਦਰਬਾਰ' ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਕਿਉਂਕਿ ਮੈਂ ਰਜਨੀ ਸਰ ਨਾਲ ਕੰਮ ਕਰਨ ਦੀ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਸੀ। ਉਸ ਤੋਂ ਬਾਅਦ ਮੈਨੂੰ ਕਈ ਆਫਰ ਮਿਲੇ ਪਰ ਮੈਂ ਨਹੀਂ ਕੀਤੇ। ਖਲਨਾਇਕ ਦੀਆਂ ਭੂਮਿਕਾਵਾਂ ਨਿਭਾਉਣਾ ਮੇਰੇ ਲਈ ਸਹੀ ਨਹੀਂ ਹੈ।
Publish Date: Mon, 02 Mar 2026 02:51 PM (IST)
Updated Date: Mon, 02 Mar 2026 02:58 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 90 ਦੇ ਦਹਾਕੇ ਦੇ ਦਿੱਗਜ ਅਦਾਕਾਰਾਂ ਵਿੱਚ ਸੁਨੀਲ ਸ਼ੈੱਟੀ ਦਾ ਨਾਮ ਸ਼ਾਮਲ ਹੈ। ਸੁਨੀਲ ਨੇ ਹਾਲ ਹੀ ਵਿੱਚ ਇਹ ਖ਼ੁਲਾਸਾ ਕੀਤਾ ਹੈ ਕਿ ਉਹ ਫਿਲਮਾਂ ਵਿੱਚ ਕਦੇ ਵੀ ਨੈਗੇਟਿਵ (ਖਲਨਾਇਕ) ਰੋਲ ਪਲੇ ਨਹੀਂ ਕਰਨਗੇ।
ਇਸ ਦੇ ਨਾਲ ਹੀ ਸਿਨੇਮਾ ਦੇ 'ਅੰਨਾ' ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇੱਕ ਵੱਡੀ ਹਾਲੀਵੁੱਡ ਫਿਲਮ ਦੇ ਆਫਰ ਨੂੰ ਰਿਜੈਕਟ ਕਰ ਦਿੱਤਾ ਸੀ ਕਿਉਂਕਿ ਉਸ ਵਿੱਚ ਇੱਕ ਜਬਰ-ਜ਼ਨਾਹ (ਰੇਪ) ਸੀਨ ਫਿਲਮਾਉਣਾ ਸੀ।
ਸੁਨੀਲ ਸ਼ੈੱਟੀ ਦਾ ਵੱਡਾ ਖ਼ੁਲਾਸਾ
ਕਦੇ ਵੱਡੇ ਪਰਦੇ 'ਤੇ ਹੀਰੋ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਸੰਜੇ ਦੱਤ, ਸੈਫ਼ ਅਲੀ ਖ਼ਾਨ ਅਤੇ ਬੌਬੀ ਦਿਓਲ ਵਰਗੇ ਅਦਾਕਾਰ ਹੁਣ ਖਲਨਾਇਕ ਦੀਆਂ ਭੂਮਿਕਾਵਾਂ ਵੀ ਨਿਭਾ ਰਹੇ ਹਨ। ਹਾਲਾਂਕਿ ਅਦਾਕਾਰ ਸੁਨੀਲ ਸ਼ੈੱਟੀ ਖਲਨਾਇਕ ਦੀਆਂ ਭੂਮਿਕਾਵਾਂ ਲਈ ਤਿਆਰ ਨਹੀਂ ਹਨ। ਫਿਲਮ 'ਦਰਬਾਰ' ਵਿੱਚ ਉਨ੍ਹਾਂ ਨੇ ਖਲਨਾਇਕ ਦੀ ਭੂਮਿਕਾ ਸਿਰਫ਼ ਅਦਾਕਾਰ ਰਜਨੀਕਾਂਤ ਲਈ ਨਿਭਾਈ ਸੀ। ਖਲਨਾਇਕ ਭੂਮਿਕਾਵਾਂ ਨੂੰ ਲੈ ਕੇ ਸੁਨੀਲ ਦਾ ਕਹਿਣਾ ਹੈ।
"ਮੈਂ ਫਿਲਮ 'ਦਰਬਾਰ' ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਕਿਉਂਕਿ ਮੈਂ ਰਜਨੀ ਸਰ ਨਾਲ ਕੰਮ ਕਰਨ ਦੀ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਸੀ। ਉਸ ਤੋਂ ਬਾਅਦ ਮੈਨੂੰ ਕਈ ਆਫਰ ਮਿਲੇ ਪਰ ਮੈਂ ਨਹੀਂ ਕੀਤੇ। ਖਲਨਾਇਕ ਦੀਆਂ ਭੂਮਿਕਾਵਾਂ ਨਿਭਾਉਣਾ ਮੇਰੇ ਲਈ ਸਹੀ ਨਹੀਂ ਹੈ। ਮੈਨੂੰ ਇਹ ਕਰਨਾ ਪਸੰਦ ਨਹੀਂ ਹੈ। ਤੁਸੀਂ ਹੀਰੋ ਰਹੇ ਹੋ, ਅਜਿਹਾ ਹੀਰੋ ਜਿਸ 'ਤੇ ਦੇਸ਼ ਦੇ ਲੋਕਾਂ ਨੂੰ ਇਹ ਭਰੋਸਾ ਰਿਹਾ ਹੋਵੇ ਕਿ ਉਹ ਇੱਕ ਵਾਰ ਵਿੱਚ ਦਸ ਲੋਕਾਂ ਨੂੰ ਮਾਰ ਸਕਦਾ ਹੈ। ਫਿਰ ਤੁਸੀਂ ਕਿਸੇ ਤੋਂ ਮਾਰ ਕਿਉਂ ਖਾਣੀ ਚਾਹੋਗੇ?"
ਉਨ੍ਹਾਂ ਅੱਗੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਓਲਡ ਸਕੂਲ (ਪੁਰਾਣੇ ਦੌਰ) ਦੇ ਕਈ ਕਲਾਕਾਰ ਇਸ ਨੂੰ ਸਹੀ ਮੰਨਦੇ ਹਨ। ਅਸੀਂ ਅਜਿਹਾ ਨਹੀਂ ਸੋਚਦੇ ਕਿ ਜੇ ਅਸੀਂ ਕਲਾਕਾਰ ਹਾਂ ਤਾਂ ਕੁਝ ਵੀ ਕਰ ਸਕਦੇ ਹਾਂ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮੈਂ ਅੱਜ ਵੀ ਫਿਲਮਾਂ ਵਿੱਚ ਨਹੀਂ ਕਰਾਂਗਾ। ਇੱਕ ਵੱਡੀ ਅੰਗਰੇਜ਼ੀ ਫਿਲਮ ਇਸੇ ਕਾਰਨ ਮੈਨੂੰ ਛੱਡਣੀ ਪਈ ਕਿਉਂਕਿ ਉਸ ਵਿੱਚ ਮੈਨੂੰ ਰੇਪ ਸੀਨ ਕਰਨਾ ਸੀ।"
ਇਸ ਮੂਵੀ 'ਚ ਨਜ਼ਰ ਆਉਣਗੇ ਸੁਨੀਲ ਸ਼ੈੱਟੀ
ਜੇਕਰ ਸੁਨੀਲ ਸ਼ੈੱਟੀ ਦੀ ਆਉਣ ਵਾਲੀ ਫਿਲਮ ਵੱਲ ਗੌਰ ਕੀਤਾ ਜਾਵੇ ਤਾਂ ਇਸ ਵਿੱਚ ਕਾਮੇਡੀ ਫਿਲਮ ਫ੍ਰੈਂਚਾਇਜ਼ੀ 'ਹੇਰਾ ਫੇਰੀ 3' ਦਾ ਨਾਮ ਸ਼ਾਮਲ ਹੈ। ਲੰਬੇ ਸਮੇਂ ਤੋਂ ਇਹ ਫਿਲਮ ਚਰਚਾ ਵਿੱਚ ਬਣੀ ਹੋਈ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ ਪਰ ਇਸ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਫਿਲਮ ਵਿੱਚ ਸੁਨੀਲ ਇੱਕ ਵਾਰ ਫਿਰ 'ਸ਼ਿਆਮ' ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ। ਹਾਲਾਂਕਿ ਅਜੇ ਇਸ ਦੀ ਰਿਲੀਜ਼ ਡੇਟ ਦਾ ਖ਼ੁਲਾਸਾ ਨਹੀਂ ਹੋਇਆ ਹੈ।