ਪ੍ਰਿਅੰਕਾ ਚੋਪੜਾ ਅੱਜ ਇੱਕ ਗਲੋਬਲ ਆਈਕਨ ਹੈ, ਪਰ ਇੱਕ ਸਮਾਂ ਸੀ ਜਦੋਂ ਉਹ ਸਿਰਫ਼ ਬਾਲੀਵੁੱਡ 'ਤੇ ਰਾਜ ਕਰਦੀ ਸੀ। 2000 ਦੇ ਦਹਾਕੇ ਵਿੱਚ ਉਸਨੇ ਕਈ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ। ਪਰ ਫਿਰ ਅਜਿਹਾ ਸਮਾਂ ਆਇਆ, ਜਦੋਂ ਉਹ ਅਚਾਨਕ ਬਾਲੀਵੁੱਡ ਛੱਡ ਕੇ ਹਾਲੀਵੁੱਡ ਦੇ ਰਾਹ ਪੈ ਗਈ।

ਬਾਲੀਵੁੱਡ ਨਹੀਂ ਛੱਡਣਾ ਚਾਹੁੰਦੀ ਸੀ ਪ੍ਰਿਅੰਕਾ ਚੋਪੜਾ
ਹਾਲ ਹੀ ਵਿੱਚ ਪ੍ਰਿਅੰਕਾ ਚੋਪੜਾ ਨੇ ਖੁਲਾਸਾ ਕੀਤਾ ਕਿ ਉਹ ਕਦੇ ਵੀ ਬਾਲੀਵੁੱਡ ਨਹੀਂ ਛੱਡਣਾ ਚਾਹੁੰਦੀ ਸੀ। ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਬਾਲੀਵੁੱਡ ਛੱਡਣਾ ਚਾਹੁੰਦੀ ਸੀ। ਜਦੋਂ ਮੈਂ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਰਹੀ ਸੀ, ਤਾਂ ਕਈ ਕਾਰਨਾਂ ਕਰਕੇ ਮੈਨੂੰ ਲੱਗਿਆ ਕਿ ਮੈਂ ਸੀਮਤ ਹਾਂ। ਮੈਂ ਅੱਗੇ ਵਧਣਾ ਚਾਹੁੰਦੀ ਸੀ।"
ਪ੍ਰਿਅੰਕਾ ਚੋਪੜਾ ਨੇ ਅੱਗੇ ਕਿਹਾ, "ਇੱਕ ਕਲਾਕਾਰ ਦੇ ਤੌਰ 'ਤੇ ਮੈਨੂੰ ਇੱਕ ਤਰ੍ਹਾਂ ਨਾਲ ਉਨ੍ਹਾਂ ਮੌਕਿਆਂ ਦੀ ਤਲਾਸ਼ ਕਰਨ ਲਈ ਮਜਬੂਰ ਹੋਣਾ ਪਿਆ, ਜੋ ਮੇਰੇ ਲਈ ਰੋਮਾਂਚਕ ਹੋਣ। ਮੈਂ ਅਮਰੀਕਾ ਵਿੱਚ ਕੰਮ ਕਰਨ ਲੱਗੀ ਅਤੇ ਹੁਣ ਮੈਨੂੰ ਲੱਗਦਾ ਹੈ ਕਿ ਲਗਪਗ 12 ਸਾਲਾਂ ਬਾਅਦ ਮੈਨੂੰ ਸੱਚਮੁੱਚ ਕਮਾਲ ਦਾ ਕੰਮ ਚੁਣਨ ਦੀ ਰਫ਼ਤਾਰ ਮਿਲ ਰਹੀ ਹੈ ਅਤੇ ਇਹ ਆਸਾਨ ਨਹੀਂ ਹੈ।"
ਭਾਰਤੀ ਫ਼ਿਲਮਾਂ ਨਾਲ ਹੈ ਪ੍ਰਿਅੰਕਾ ਨੂੰ ਪਿਆਰ
ਪ੍ਰਿਅੰਕਾ ਚੋਪੜਾ ਨੇ ਇਹ ਵੀ ਕਿਹਾ, "ਮੈਨੂੰ ਆਪਣੀਆਂ ਭਾਰਤੀ ਫ਼ਿਲਮਾਂ ਬਹੁਤ ਪਸੰਦ ਹਨ। ਮੈਂ ਫਿਰ ਤੋਂ ਇੰਡੀਆ ਵਾਪਸ ਆ ਕੇ ਬਹੁਤ ਖੁਸ਼ ਹਾਂ ਅਤੇ ਮੈਨੂੰ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਬਿਲਕੁਲ ਪਸੰਦ ਨਹੀਂ ਹੋਵੇਗਾ। ਮੈਂ ਕਦੇ ਚੋਣ ਨਹੀਂ ਕੀਤੀ। ਮੈਨੂੰ ਲੱਗਦਾ ਹੈ ਕਿ ਮੈਂ ਦੋਵਾਂ ਦੁਨੀਆਵਾਂ ਵਿੱਚ ਹਾਂ ਅਤੇ ਮੈਨੂੰ ਦੋਵਾਂ ਇੰਡਸਟਰੀਜ਼ ਵਿੱਚ ਕੰਮ ਕਰਨ ਦਾ ਮਜ਼ਾ ਆਉਂਦਾ ਹੈ।"
ਅਦਾਕਾਰਾ ਨੇ ਕਿਹਾ ਕਿ ਭਾਵੇਂ ਦੋਵਾਂ ਫ਼ਿਲਮ ਇੰਡਸਟਰੀਜ਼ ਦਾ ਸੱਭਿਆਚਾਰ ਵੱਖਰਾ ਹੈ, ਪਰ ਉਹ ਉਨ੍ਹਾਂ ਵਿੱਚ ਢਲਣਾ ਜਾਣਦੀ ਹੈ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਵਾਰਾਣਸੀ' ਅਗਲੇ ਸਾਲ 7 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਪ੍ਰਿਅੰਕਾ ਦੇ ਨਾਲ ਮਹੇਸ਼ ਬਾਬੂ ਅਤੇ ਪ੍ਰਿਥਵੀਰਾਜ ਸੁਕੁਮਾਰਨ ਨਜ਼ਰ ਆਉਣਗੇ।