ਕਰਿਸ਼ਮਾ ਕਪੂਰ ਦੇ ਤਲਾਕ ਮਾਮਲੇ 'ਚ ਨਵਾਂ ਮੋੜ; ਸੁਪਰੀਮ ਕੋਰਟ ਨੇ ਅਦਾਕਾਰਾ ਤੋਂ ਮੰਗਿਆ ਜਵਾਬ
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਅਦਾਕਾਰਾ ਕਰਿਸ਼ਮਾ ਕਪੂਰ ਤੋਂ ਪ੍ਰੀਆ ਸਚਦੇਵ ਕਪੂਰ ਦੀ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਹੈ, ਜਿਸ ਵਿਚ ਉਨ੍ਹਾਂ ਤਲਾਕ ਦੇ ਸਮਝੌਤੇ ਦੀ ਪ੍ਰਮਾਣਿਤ ਕਾਪੀ ਦੀ ਮੰਗ ਕੀਤੀ ਹੈ। ਇਹ ਸਮਝੌਤਾ 2016 ਵਿਚ ਸਰਬਉੱਚ ਅਦਾਲਤ ਵਿਚ ਉਨ੍ਹਾਂ ਦੇ ਮਰਹੂਮ ਪਤੀ ਸੰਜੇ ਕਪੂਰ ਅਤੇ ਬਾਲੀਵੁੱਡ ਅਦਾਕਾਰਾ ਦੇ ਵਿਚਕਾਰ ਹੋਇਆ ਸੀ।
Publish Date: Sat, 17 Jan 2026 11:33 AM (IST)
Updated Date: Sat, 17 Jan 2026 11:34 AM (IST)

ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਅਦਾਕਾਰਾ ਕਰਿਸ਼ਮਾ ਕਪੂਰ ਤੋਂ ਪ੍ਰੀਆ ਸਚਦੇਵ ਕਪੂਰ ਦੀ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਹੈ, ਜਿਸ ਵਿਚ ਉਨ੍ਹਾਂ ਤਲਾਕ ਦੇ ਸਮਝੌਤੇ ਦੀ ਪ੍ਰਮਾਣਿਤ ਕਾਪੀ ਦੀ ਮੰਗ ਕੀਤੀ ਹੈ। ਇਹ ਸਮਝੌਤਾ 2016 ਵਿਚ ਸਰਬਉੱਚ ਅਦਾਲਤ ਵਿਚ ਉਨ੍ਹਾਂ ਦੇ ਮਰਹੂਮ ਪਤੀ ਸੰਜੇ ਕਪੂਰ ਅਤੇ ਬਾਲੀਵੁੱਡ ਅਦਾਕਾਰਾ ਦੇ ਵਿਚਕਾਰ ਹੋਇਆ ਸੀ।
ਇਹ ਘਟਨਾ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਕਾਰੋਬਾਰੀ ਸੰਜੇ ਕਪੂਰ ਦੀ ਵਿਧਵਾ ਪ੍ਰੀਆ ਦਿੱਲੀ ਹਾਈ ਕੋਰਟ ਵਿਚ ਇਕ ਕਾਨੂੰਨੀ ਲੜਾਈ ਲੜ ਰਹੀ ਹੈ। ਪਿਛਲੇ ਸਾਲ ਸਤੰਬਰ ਵਿਚ ਕਰਿਸ਼ਮਾ ਦੇ ਦੋ ਬੱਚਿਆਂ ਨੇ ਆਪਣੇ ਮਰਹੂਮ ਪਿਤਾ ਸੰਜੇ ਕਪੂਰ ਦੀ ਜਾਇਦਾਦ ’ਚ ਹਿੱਸੇਦਾਰੀ ਦੀ ਮੰਗ ਕਰਦਿਆਂ ਹਾਈ ਕੋਰਟ ਦਾ ਰੁਖ਼ ਕੀਤਾ ਅਤੇ ਉਨ੍ਹਾਂ ਦੀ 21 ਮਾਰਚ, 2025 ਦੀ ਵਸੀਅਤ ਨੂੰ ਚੁਣੌਤੀ ਦਿੱਤੀ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਪੂਰੀ ਨਿੱਜੀ ਜਾਇਦਾਦ ਉਨ੍ਹਾਂ ਦੀ ਮਤਰੇਈ ਮਾਂ ਪ੍ਰੀਆ ਨੂੰ ਦੇ ਦਿੱਤੀ ਗਈ ਸੀ।
ਜਸਟਿਸ ਏਐੱਸ ਚੰਦੁਰਕਰ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਪ੍ਰੀਆ ਸਚਦੇਵ ਕਪੂਰ ਦੀ ਪਟੀਸ਼ਨ 'ਤੇ ਚੈਂਬਰ ਵਿਚ ਸੁਣਵਾਈ ਕੀਤੀ ਅਤੇ ਸੂਤਰਾਂ ਅਨੁਸਾਰ, ਕਰਿਸ਼ਮਾ ਕਪੂਰ ਤੋਂ ਦੋ ਹਫ਼ਤਿਆਂ ਵਿਚ ਜਵਾਬ ਮੰਗਿਆ ਗਿਆ ਹੈ। ਬਾਲੀਵੁੱਡ ਅਦਾਕਾਰਾ ਦੇ ਵਕੀਲ ਨੇ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਪ੍ਰੀਆ ਸਚਦੇਵ ਕਪੂਰ 2016 ਦੇ ਸਮਝੌਤੇ ’ਚ ਅਣਜਾਣ ਤੀਜੀ ਪਾਰਟੀ ਹੈ ਅਤੇ ਉਨ੍ਹਾਂ ਦਾ ਕੋਈ ਜਾਇਜ਼ ਅਧਿਕਾਰ ਨਹੀਂ ਹੈ। ਸੰਜੇ ਕਪੂਰ ਦਾ ਪਿਛਲੇ ਸਾਲ 12 ਜੂਨ ਨੂੰ ਇੰਗਲੈਂਡ ’ਚ ਇਕ ਪੋਲੋ ਮੈਚ ਦੌਰਾਨ ਡਿੱਗਣ ਕਾਰਨ ਦੇਹਾਂਤ ਹੋ ਗਿਆ ਸੀ।