- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਸਾਲ ਵਿਚ ਨਵੇਂ ਫਿਲਮੀ ਚਿਹਰੇ ਕਿੰਨੇ ਕੁ ਸਫਲ ਹੁੰਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਬਹੁਤੇ ਕਲਾਕਾਰ ਸ਼ਾਰਟ ਕਟ ਦਾ ਰਸਤਾ ਅਖ਼ਤਿਆਰ ਕਰ ਰਹੇ ਹਨ।

ਸਾਲ 2025 ਦੌਰਾਨ ਬਾਲੀਵੁੱਡ ਸਿਨੇਮੇ ਵਿਚ ਅਜਿਹੇ ਨਵੇਂ ਚਿਹਰੇ ਆਏ ਜੋ ਰਾਤੋ-ਰਾਤ ਸਟਾਰ ਬਣ ਗਏ ਜਦਕਿ ਕੁਝ ਮਿਹਨਤ ਕਰ ਰਹੇ ਹਨ। ਖੇਤਰ ਕੋਈ ਵੀ ਹੋਵੇ, ਬੰਦਾ ਮਿਹਨਤ ਦੇ ਬਲਬੂਤੇ ਹੀ ਅੱਗੇ ਵਧਦਾ ਹੈ। ਅਦਾਕਾਰਾਂ ਦੀ ਇਸ ਨਵੀਂ ਖੇਪ ਨੇ ਅਦਾਕਾਰੀ ਦੇ ਜੌਹਰ ਵਿਖਾ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਅਜਿਹਾ ਹੀ ਸਿੱਧ ਕਰਕੇ ਵਿਖਾਇਆ ਹੈ ਫਿਲਮ ‘ਸੈਯਾਰਾ’ ਦੇ ਨਵੇਂ ਕਲਾਕਾਰਾਂ ਅਹਾਨ ਪਾਂਡੇ ਅਤੇ ਅਭਿਨੇਤਰੀ ਅਨੀਤ ਪੱਡਾ ਨੇ। ਕਈਆਂ ਨੇ ਤਾਂ ਬਹੁਤ ਪ੍ਰਭਾਵਿਤ ਕੀਤਾ ਅਤੇ ਕਈਆਂ ਨਵੇਂ ਕਲਾਕਾਰਾਂ ਨੇ ਹਾਲੇ ਕਰਨਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਕਲਾਕਾਰਾਂ ਦੀ ਨਵੇਂ ਸਾਲ ਵਿਚ ਪਰਫਾਰਮੈਂਸ (ਕਾਰਗੁਜ਼ਾਰੀ) ਅੱਗੇ ਵਧੇਗੀ। ਬਿਨਾਂ ਸ਼ੱਕ ਨਵੇਂ ਕਲਾਕਾਰ ਆਪਣਾ ਕਰੀਅਰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਨਵੀਆਂ ਚੁਣੌਤੀਆਂ
ਬਾਲੀਵੁੱਡ ਵਰਗੀ ਸੰਘਰਸ਼ ਭਰਪੂਰ ਇੰਡਸਟਰੀ ’ਚ ਕੰਮ ਕਰਨਾ ਤਾਂ ਦੂਰ, ਕਈਆਂ ਲਈ ਦਾਖ਼ਲ ਹੋਣਾ ਵੀ ਵਧੇਰਾ ਔਖਾ ਹੁੰਦਾ ਹੈ। ਹਰ ਸਾਲ ਹੋਰਨਾਂ ਦੇਸ਼ਾਂ ਦੇ ਸਿਨੇਮੇ ਦੇ ਪੱਧਰ ਨੂੰ ਟੱਕਰ ਦੇਣ ਲਈ ਬਾਲੀਵੁੱਡ ਦਾ ਹਰੇਕ ਮੁੱਖ ਵਰਗ ਜਿਵੇਂ ਲੇਖਕ, ਨਿਰਦੇਸ਼ਕ ਅਤੇ ਅੰਤ ਅਦਾਕਾਰ ਆਪਣੀ ਵੱਖਰੀ ਛਾਪ ਛੱਡ ਕੇ ਅੰਤਰਾਸ਼ਟਰੀ ਪਛਾਣ ਸਥਾਪਿਤ ਕਰਨ ਲਈ ਦਿਨ-ਰਾਤ ਇਕ ਕਰ ਦਿੰਦੇ ਹਨ। ਕਹਾਣੀ ਦੀ ਸਟੀਕ ਪੇਸ਼ਕਾਰੀ ’ਚ ਅਹਿਮ ਯੋਗਦਾਨ ਅਦਾਕਾਰਾਂ ਦਾ ਪ੍ਰਦਰਸ਼ਨ ਹੀ ਪਾਉਂਦਾ ਹੈ। ਪਹਿਲਾਂ ਤੋਂ ਸਥਾਪਿਤ ਵੱਡੇ ਕਲਾਕਾਰਾਂ ਦੇ ਬੱਚਿਆਂ ਨਾਲ ਰੇਸ ਲਾਉਣੀ ਬਾਹਰਲੇ ਨਵੇਂ ਆਉਂਦੇ ਅਦਾਕਾਰਾਂ ਲਈ ਕੰਮ ਹੋਰ ਵੀ ਔਖਾ ਕਰ ਦਿੰਦੀ ਹੈ, ਪਰੰਤੂ ਜਿੱਥੇ ਜਨੂੰਨ ਅਤੇ ਕਾਬਲੀਅਤ ਦਾ ਜੌਹਰ ਹੋਵੇ, ਉੱਥੇ ਸਭ ਨੂੰ ਝੁਕਣਾ ਹੀ ਪੈਂਦਾ ਹੈ। ਬਾਲੀਵੁੱਡ ’ਚ ਸਫਲ ਹੋਣ ਲਈ ਨਵੇਂ ਕਲਾਕਾਰਾਂ ਨੂੰ ਅਨੇਕ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ ਹੈ।
ਲਾਲਵਾਨੀ ਦੀ ਅਲੱਗ ਪਛਾਣ
ਲਕਸ਼ੇ ਲਾਲਵਾਨੀ ਨੇ ਮਹਿਜ਼ 29 ਸਾਲ ਦੀ ਉਮਰ ’ਚ ਹੀ ਬਾਲੀਵੁੱਡ ’ਚ ਚੰਗੀ ਪਛਾਣ ਸਥਾਪਿਤ ਕਰ ਲਈ ਹੈ। ਅਨੇਕਾਂ ਟੀ.ਵੀ. ਸੀਰੀਅਲਜ਼ ਵਿਚ ਕੰਮ ਕਰਨ ਤੋਂ ਬਾਅਦ ਉਸ ਨੇ ਕਰਨ ਜੌਹਰ ਵੱਲੋਂ ਪ੍ਰਡਿਊਸ ਕੀਤੀ ਐਕਸ਼ਨ ਥ੍ਰਿਲਰ ਫਿਲਮ ‘ਕਿੱਲ’ ਨਾਲ 2023 ਵਿਚ ਫ਼ਿਲਮੀ ਪਰਦੇ ’ਤੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ, ਜਿਸ ਨੇ ਉਸ ਲਈ ਹੋਰ ਅਨੇਕਾਂ ਵੱਡੇ ਦਰਵਾਜ਼ੇ ਖੋਲ ਦਿੱਤੇ। ਲਕਸ਼ੇ ਨਾਲ ‘ਰਾਗਵ ਜੂਆਲ’ ਨੇ ਵੀ ‘ਕਿੱਲ’ ਵਿਚ ਲਾਜਵਾਬ ਅਦਾਕਾਰੀ ਕੀਤੀ। ਰਾਗਵ ਜੂਆਲ ਜਵਾਨੀ ਦੇ ਪਹਿਲੇ ਪਹਿਰ ਤੋਂ ਹੀ ਨ੍ਰਿੱਤ (ਡਾਂਸ) ਦੀ ਕਲਾ ਲਈ ਸਮਰਪਿਤ ਸੀ, ਉਸ ਨੇ ਅਨੇਕਾਂ ਐਵਾਰਡ ਜਿੱਤੇ ਅਤੇ ‘ਐਬੀਸੀਡੀ. ਫਿਲਮ ਸੀਰੀਜ਼’ ਨਾਲ ਪਰਦੇ ’ਤੇ ਆਇਆ ਪਰ ਫਿਰ ਉਹ ਅਚਾਨਕ ਇੰਡਸਟਰੀ ’ਚੋਂ ਗਾਇਬ ਜਿਹਾ ਹੋ ਗਿਆ। ਫਿਰ ‘ਕਿੱਲ’ ਵਿਚ ਇਕੋ ਦਮ ਆ ਕੇ ਉਸ ਨੇ ਆਪਣੀ ਨਵੀਨ ਅਦਾਕਾਰੀ ਦਾ ਜੌਹਰ ਵਿਖਾ ਚਹੇਤਿਆਂ ਤੇ ਨਵੇਂ ਦਰਸ਼ਕਾਂ ਨੂੰ ਹੈਰਾਨ ਕੀਤਾ। ਇਨ੍ਹਾਂ ਦੋਵੇਂ ਬਿਹਤਰੀਨ ਨਵੇਂ ਅਦਾਕਾਰਾਂ ਨੂੰ ਸ਼ਾਹਰੁਖ ਖ਼ਾਨ ਦੇ ਮੁੰਡੇ ਆਰਿਅਨ ਖ਼ਾਨ ਨੇ ਆਪਣੀ ਪਲੇਠੀ ਨਿਰਦੇਸ਼ਿਤ ਕੀਤੀ ਵੈੱਬ-ਸੀਰੀਜ਼ ‘ਦ ਬਾਸਟਰਡਜ਼ ਆਫ਼ ਬਾਲੀਵੁੱਡ’ ’ਚ ਵੀ ਮੁੱਖ ਕਿਰਦਾਰਾਂ ਨੂੰ ਨਿਭਾਉਣ ਦਾ ਮੌਕਾ ਦੇ ਕੇ ਉਨ੍ਹਾਂ ਦੀ ਪਛਾਣ ਅਤੇ ਪ੍ਰਸਿੱਧੀ ਨੂੰ ਚਾਰ ਚੰਨ ਲਾ ਦਿੱਤੇ।
ਚਮਤਕਾਰ ਤੋਂ ਘੱਟ ਨਹੀਂ
ਨਵੇਂ ਆਉਂਦੇ ਅਦਾਕਾਰ ਸਾਲਾਂ ਤੱਕ ਸੰਘਰਸ਼ ਕਰਦੇ ਹਨ। ਇੱਥੋਂ ਤੱਕ ਕਿ ਵੱਡੇ ਕਲਾਕਾਰਾਂ ਦੇ ਬੱਚਿਆਂ ਦੀਆਂ ਮੁੱਢਲੀਆਂ ਫਿਲਮਾਂ ਵੀ ਫਲਾਪ ਰਹਿੰਦੀਆਂ ਹਨ ਅਤੇ ਉਨ੍ਹਾਂ ਦੀ 5ਵੀਂ ਜਾਂ 6ਵੀਂ ਫਿਲਮ ਮਸਾਂ ਕੁ ਜਾ ਕੇ ਦਰਸ਼ਕਾਂ ਦੇ ਦਿਲ ’ਤੇ ਉਤਰਦੀ ਹੈ। ਕਿਸੇ ਨਵੇਂ ਉੱਠੇ ਅਦਾਕਾਰ ਦੀ ਪਹਿਲੀ ਫਿਲਮ ਦਾ ਬਾਕਸ ਆਫ਼ਿਸ ’ਤੇ ਸੂਪਰ-ਡੂਪਰ-ਹਿੱਟ ਹੋ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦਾ। ਫਿਲਮ ‘ਸਯਾਰਾ’, ਅਹਾਨ ਪਾਂਡੇ ਦੀ ਪਹਿਲੀ ਫਿਲਮ ਸੀ, ਜੋ ਸੋਸ਼ਲ ਮੀਡੀਆ ਦੇ ਪ੍ਰਭਾਵ ਸਦਕਾ ਬਾਕਸ ਆਫ਼ਿਸ ’ਤੇ ਹਿੱਟ ਹੋ ਗਈ। ਰੋਮਾਂਟਕ ਡਰਾਮਾ ਪ੍ਰਦਾਨ ਚੰਗੀ ਕਹਾਣੀ ਪੇਸ਼ ਕਰਦੀ ਇਸ ਫਿਲਮ ਨੇ ਸਭ ਦੇ ਦਿਲਾਂ ਨੂੰ ਛੂਹਿਆ ਅਤੇ ਦਰਸ਼ਕਾਂ ਨੇ ਆਪਣਾ ਫਿਲਮ ਵੇਖਣ ਦਾ ਅਨੁਭਵ ਖੁੱਲ੍ਹ ਕੇ ਸੋਸ਼ਲ ਮੀਡੀਆ ’ਤੇ ਰੀਲਾਂ ਬਣਾ ਕੇ ਸਾਂਝਾ ਕੀਤਾ ਤੇ 45 ਕਰੋੜ ਦੇ ਬਜਟ ਵਿਚ ਅਹਾਨ ਪਾਂਡੇ ਵਰਗੇ ਹੋਰ ਕਈ ਨਵੇਂ ਅਦਾਕਾਰਾਂ ਨੂੰ ਲੈ ਕੇ ਬਣਾਈ ਗਈ ਇਸ ਫਿਲਮ ਨੇ 579 ਕਰੋੜ ਦੀ ਰਿਕਾਰਡ ਤੋੜ ਕਮਾਈ ਕਰ ਸਾਰੇ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ। ਅਹਾਨ ਪਾਂਡੇ ਦੀ ਉਮਰ ਵੀ ਲਕਸ਼ੇ ਲਾਲਵਾਨੀ ਵਾਂਗ 28-29 ਸਾਲ ਦੀ ਹੀ ਹੈ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਉਸ ਨੇ ਇਸ ਤੋਂ ਪਹਿਲਾਂ ਇਕ ਵਾਰ ਵੀ ਕਿਸੀ ਫਿਲਮ, ਨਾਟਕ ਜਾਂ ਸੀਰੀਅਲ ’ਚ ਕੋਈ ਅਦਾਕਾਰੀ ਨਹੀਂ ਕੀਤੀ ਸੀ। ਇਸੇ ਿਫਲਮ ਦੀ ਅਦਕਾਰਾ ਅਨੀਤ ਪੱਡਾ ਨੂੰ 2025 ਲਈ ਆਈਐਮਡੀਬੀ. ਦੀ ‘ਨੰਬਰ 1 ਫੀਮੇਲ ਸਟਾਰ ਆਫ਼ ਇੰਡੀਆ’ ਵਜੋਂ ਤਾਜ ਪਹਿਨਾਇਆ ਗਿਆ ਹੈ।
ਡਿੱਗ-ਡਿੱਗ ਕੇ ਅੱਗੇ ਹੈ ਵਧਣਾ
ਸੈਫ਼ ਅਲੀ ਖ਼ਾਨ ਦੇ ਬੇਟੇ ਇਬਰਾਹਿਮ ਅਲੀ ਨੂੰ ਓਟੀਟੀ ਫਿਲਮ ‘ਨਦਾਨੀਆਂ’ ’ਚ ਟਰੋਿਲੰਗ ਝੱਲਣੀ ਪਈ। ਜਦਕਿ ‘ਸਰਜ਼ਮੀਨ’ ’ਚ ਉਸ ਦੀ ਅਦਾਕਾਰੀ ਨਿਖ਼ਰੀ। ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਨੇ ਵੈੱਬ ਸੀਰੀਜ਼ ਬੈਡਸ ਆਫ ਬਾਲੀਵੁਡ ਨਾਲ ਨਿਰਦੇਸ਼ਨ ਵਿਚ ਪੈਰ ਰੱਖਿਆ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਵੀਰ ਪਹਾੜੀਆ ਨੇ ‘ਸਕਾਈ ਫੋਰਸ’ ਫਿਲਮ ਨਾਲ ਫਿਲਮਾਂ ਵਿਚ ਕਦਮ ਰੱਖਿਆ ਪਰ ਉਨ੍ਹਾਂ ਦੇ ਅਭਿਨੈ ਨਾਲੋਂ ਜ਼ਿਆਦਾ ਚਰਚਾ ਇਨ੍ਹਾਂ ਦੀ ਪੈਪਰਾਜੀ ਵੀਡੀਓ ਦੀ ਹੋਈ। ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ ਅਤੇ ਅਜੈ ਦੇਵਗਨ ਦੇ ਭਾਂਜੇ ਅਮਨ ਦੇਵਗਨ ਦੀ ਪਹਿਲੀ ਫਿਲਮ ‘ਆਜ਼ਾਦ’ ਅਸਫਲ ਰਹੀ। ਪਰ ਰਾਸ਼ਾ ‘ਉਈ ਅੰਮਾ...’ ਗਾਣੇ ਨਾਲ ਛਾਈ। ਇਸੇ ਤਰ੍ਹਾਂ ਅਮਨ ਹੁਣ ਹੌਰਰ ਫਿਲਮਾਂ ਕਰ ਰਹੇ ਹਨ। ਅਭਿਨੇਤਾ ਸੰਜੇ ਕਪੂਰ ਦੀ ਬੇਟੀ ਸ਼ਨਾਯਾ ਕਪੂਰ ਦੀ ਡੇਕਯੂ ਫਿਲਮ ‘ਆਖੋਂ’ ਦੀਆਂ ਗੁਸਤਾਖ਼ੀਆਂ ਨਹੀਂ ਚੱਲੀਆਂ। ਹੁਣ ਮੋਹਨ ਲਾਲ ਦੇ ਨਾਲ ਉਸ ਦੀ ਪੈਨ ਇੰਡੀਆ ਫਿਲਮ ‘ਵਰਿਸ਼ਭ’ ਰਿਲੀਜ਼ ਹੋਈ।
ਸਫਲ ਹੋਣ ਲਈ ਮਿਹਨਤ ਜਰੂਰੀ
ਨਵੇਂ ਸਾਲ ਵਿਚ ਨਵੇਂ ਫਿਲਮੀ ਚਿਹਰੇ ਕਿੰਨੇ ਕੁ ਸਫਲ ਹੁੰਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਬਹੁਤੇ ਕਲਾਕਾਰ ਸ਼ਾਰਟ ਕਟ ਦਾ ਰਸਤਾ ਅਖ਼ਤਿਆਰ ਕਰ ਰਹੇ ਹਨ।ਨਵੇਂ ਸਾਲ ’ਚ ਸਥਾਪਿਤ ਵੱਡੇ ਕਲਾਕਾਰਾਂ ਦੇ ਬੱਚਿਆਂ ਅਤੇ ਬਾਹਰਲੇ ਨਵੇਂ ਅਦਾਕਾਰਾਂ ’ਚੋਂ ਕਿਹੜਾ ਅੱਗੇ ਲੰਘਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ!
ਜੁਨੈਦ ਖ਼ਾਨ ਦੀਆਂ ਨਵੀਆਂ ਪੈੜਾਂ
ਵੱਡੇ ਕਲਾਕਾਰਾਂ ਦੇ ਬੱਚੇ ਅਕਸਰ ਪੈਪਾਰਾਜ਼ੀ ਦੀ ਹੋੜ ’ਚ ਰਹਿਣਾ ਪਸੰਦ ਕਰਦੇ ਹਨ ਪਰ ਅਮਿਰ ਖ਼ਾਨ ਦਾ ਮੁੰਡਾ ਜੁਨੇਦ ਖ਼ਾਨ ਇਨ੍ਹਾਂ ਸਾਰੀਆਂ ਗੱਲਾਂ ਤੋਂ ਕੋਹਾਂ ਦੂਰ ਹੈ। ਆਮ ਰਿਸ਼ਕਿਆਂ ਅਤੇ ਜਨਤਕ ਟਰਾਂਸਪੋਰਟ ਵਿਚ ਸਫ਼ਰ ਕਰਨ ’ਚ ਉਹ ਕੋਈ ਸ਼ਰਮ ਨਹੀਂ ਮੰਨਦਾ। ਬਾਲੀਵੁੱਡ ’ਚ ਦਾਖ਼ਲ ਹੋਣ ਤੋਂ ਗੁਰੇਜ਼ ਕਰਦਾ ਰਿਹਾ। ਫਿਰ 2022 ’ਚ ਉਸ ਨੇ ਆਮ ਫਿਲਮੀ ਰੋਲਾਂ ਨਾਲ ਸ਼ੁਰੂਆਤ ਕੀਤੀ, ਉਹ ਵੀ ਆਵਦੇ ਪਿਤਾ ਅਮਿਰ ਖ਼ਾਨ ਦੀ ਮਦਦ ਤੋਂ ਬਗੈ਼ਰ। 2024 ’ਚ ਨੈੱਟਫਲੀਕਸ ਦੀ ਫਿਲਮ ‘ਮਹਾਰਾਜ’ ’ਚ ਕੀਤੀ ਉਸ ਦੀ ਅਦਾਕਾਰੀ ਸਭ ਨੂੰ ਪ੍ਰਭਾਵਸ਼ਾਲੀ ਲੱਗੀ ਅਤੇ ਉਸ ਤੋਂ ਬਾਅਦ ਉਸ ਨੇ ਦੋ ਫਿਲਮਾਂ-‘ਲਵਆਪਾ’ ਅਤੇ ਇਨ੍ਹਾਂ ਦਿਨੀਂ ਰਿਲੀਜ਼ ਹੋਈ ਸਾਊਥ ਦੀ ਅਦਾਕਾਰਾ ਸਾਈ ਪਲਵੀ ਨਾਲ ‘ਮੇਰੇ ਰਹੋ’ ਕੀਤੀ। ਜਿਨ੍ਹਾਂ ’ਚੋਂ ‘ਮੇਰੇ ਰਹੋ’ ਦੇ ਮੁਕਾਬਲੇ ‘ਲਵਆਪਾ’ ਨੂੰ ਦਰਸ਼ਕਾਂ ਪਸੰਦ ਨਹੀਂ ਕੀਤਾ।
•ਸੁਰਜੀਤ ਸਿੰਘ