'ਹੀਰੋਇਨਾਂ ਮੇਰੇ ਨਾਲ ਕੰਮ ਨਹੀਂ ਕਰਨਾ ਚਾਹੁੰਦੀਆਂ,' 69 ਸਾਲਾ ਅਨਿਲ ਕਪੂਰ ਦਾ ਝੋਰਾ, ਅਦਾਕਾਰਾ ਨੂੰ ਲੈ ਕੇ ਕਹੀ ਇਹ ਗੱਲ
ਅਨਿਲ ਕਪੂਰ ਦੀ ਫਿਲਮ 'ਸੂਬੇਦਾਰ' 5 ਮਾਰਚ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। 69 ਸਾਲ ਦੀ ਉਮਰ ਵਿੱਚ ਐਕਸ਼ਨ ਕਰਨ ਬਾਰੇ ਉਨ੍ਹਾਂ ਕਿਹਾ, "ਜਦੋਂ ਮੈਨੂੰ ਇਹ ਕਿਰਦਾਰ ਮਿਲਿਆ ਤਾਂ ਮੈਨੂੰ ਲੱਗਿਆ ਕਿ ਇਸ ਵਿੱਚ ਬਹੁਤ ਜ਼ਿਆਦਾ ਐਕਸ਼ਨ ਹੈ। ਸ਼ੂਟਿੰਗ 'ਤੇ ਜਾਣ ਤੋਂ ਪਹਿਲਾਂ ਮੈਂ ਥੋੜ੍ਹਾ ਚਿੰਤਤ ਸੀ
Publish Date: Wed, 25 Feb 2026 02:49 PM (IST)
Updated Date: Wed, 25 Feb 2026 02:56 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਿਨੇਮਾ ਜਗਤ ਵਿੱਚ ਅੱਜ-ਕੱਲ੍ਹ ਫਿਲਮੀ ਸਮਾਗਮਾਂ ਦੌਰਾਨ ਸਿਤਾਰੇ ਮੀਡੀਆ ਦੇ ਤਿੱਖੇ ਸਵਾਲਾਂ ਤੋਂ ਬਚਣ ਲਈ ਪਹਿਲਾਂ ਤੋਂ ਤੈਅ ਕੀਤੇ ਸਵਾਲਾਂ ਦੇ ਜਵਾਬ ਦਿੰਦੇ ਹਨ ਪਰ ਸੋਮਵਾਰ ਨੂੰ ਮੁੰਬਈ ਵਿੱਚ ਅਨਿਲ ਕਪੂਰ ਦੀ ਆਉਣ ਵਾਲੀ ਫਿਲਮ 'ਸੂਬੇਦਾਰ' ਦੇ ਟ੍ਰੇਲਰ ਲਾਂਚ ਮੌਕੇ ਕੁਝ ਵੱਖਰਾ ਹੀ ਦੇਖਣ ਨੂੰ ਮਿਲਿਆ।
ਜਦੋਂ ਪੀਆਰ (PR) ਟੀਮ ਨੇ ਸਵਾਲ-ਜਵਾਬ ਦਾ ਸਿਲਸਿਲਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਨਿਲ ਕਪੂਰ ਨੇ ਅੱਜ ਦੇ ਸਿਤਾਰਿਆਂ ਲਈ ਇੱਕ ਮਿਸਾਲ ਪੇਸ਼ ਕੀਤੀ। ਉਨ੍ਹਾਂ ਕਿਹਾ, "ਅੱਜ-ਕੱਲ੍ਹ ਇਹ ਬਹੁਤ ਹੋ ਗਿਆ ਹੈ ਕਿ ਪੀਆਰ ਹੀ ਆਪਣੇ ਸਵਾਲ ਕਰਨਗੇ। ਤੁਹਾਨੂੰ ਅਜਿਹਾ ਕਿਉਂ ਲੱਗਦਾ ਹੈ ਕਿ ਕੁਝ ਵਿਵਾਦਿਤ ਹੋ ਜਾਵੇਗਾ? ਸਵਾਲ ਪੁੱਛਣ ਦਿਓ, ਅੱਜ-ਕੱਲ੍ਹ ਸਾਰੇ ਸਵਾਲਾਂ ਤੋਂ ਡਰਦੇ ਹਨ।"
ਕੋਈ ਹੀਰੋਇਨ ਤਿਆਰ ਨਹੀਂ
ਇਸ ਦੌਰਾਨ ਆਪਣੇ ਦੌਰ ਦੀਆਂ ਅਤੇ ਅਜੋਕੇ ਸਮੇਂ ਦੀਆਂ ਅਦਾਕਾਰਾਵਾਂ ਨਾਲ ਕੰਮ ਕਰਨ ਬਾਰੇ ਅਨਿਲ ਕਪੂਰ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਨ੍ਹਾਂ ਕਿਹਾ, "ਅੱਜ-ਕੱਲ੍ਹ ਕੋਈ ਹੀਰੋਇਨ ਮੇਰੇ ਨਾਲ ਕੰਮ ਕਰਨ ਲਈ ਤਿਆਰ ਹੀ ਨਹੀਂ ਹੈ। ਕੀ ਕਰੀਏ, ਉਹ ਸਿਰਫ਼ ਨੌਜਵਾਨ ਮੁੰਡਿਆਂ ਨਾਲ ਕੰਮ ਕਰਨਾ ਚਾਹੁੰਦੀਆਂ ਹਨ। ਜਿਹੜੀਆਂ ਸੀਨੀਅਰ ਹਨ, ਉਹ ਵੀ ਮੇਰੇ ਨਾਲ ਕੰਮ ਕਰਨ ਲਈ ਤਿਆਰ ਨਹੀਂ ਹਨ। ਅਜਿਹੇ 'ਚ ਮੈਂ ਹੀਰੋਇਨਾਂ ਬਾਰੇ ਕੀ ਬੋਲਾਂ?"
ਸ਼ੂਟਿੰਗ ਤੋਂ ਪਹਿਲਾਂ ਸੀ ਚਿੰਤਾ
ਅਨਿਲ ਕਪੂਰ ਦੀ ਫਿਲਮ 'ਸੂਬੇਦਾਰ' 5 ਮਾਰਚ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। 69 ਸਾਲ ਦੀ ਉਮਰ ਵਿੱਚ ਐਕਸ਼ਨ ਕਰਨ ਬਾਰੇ ਉਨ੍ਹਾਂ ਕਿਹਾ, "ਜਦੋਂ ਮੈਨੂੰ ਇਹ ਕਿਰਦਾਰ ਮਿਲਿਆ ਤਾਂ ਮੈਨੂੰ ਲੱਗਿਆ ਕਿ ਇਸ ਵਿੱਚ ਬਹੁਤ ਜ਼ਿਆਦਾ ਐਕਸ਼ਨ ਹੈ। ਸ਼ੂਟਿੰਗ 'ਤੇ ਜਾਣ ਤੋਂ ਪਹਿਲਾਂ ਮੈਂ ਥੋੜ੍ਹਾ ਚਿੰਤਤ ਸੀ ਕਿਉਂਕਿ ਮੇਰੀਆਂ ਲੱਤਾਂ ਵਿੱਚ ਕੁਝ ਸਮੱਸਿਆ ਸੀ।" "ਮੈਂ ਡਾਇਰੈਕਟਰ ਨੂੰ ਇਸ ਬਾਰੇ ਨਹੀਂ ਦੱਸਿਆ। ਮੈਂ ਛੇ-ਸੱਤ ਵਾਰ ਜੁੱਤੀਆਂ ਬਦਲ ਕੇ ਦੇਖਿਆ ਕਿ ਕਿਸ ਜੁੱਤੀ ਵਿੱਚ ਮੇਰੀ ਲੱਤ ਨੂੰ ਤਕਲੀਫ਼ ਘੱਟ ਹੋਵੇਗੀ ਪਰ ਪਤਾ ਨਹੀਂ ਕੀ ਗੱਲ ਹੈ, ਜਦੋਂ ਕੈਮਰਾ ਚਾਲੂ ਹੁੰਦਾ ਹੈ ਤਾਂ ਮੇਰੇ ਅੰਦਰ ਸਭ ਕੁਝ ਆਪਣੇ ਆਪ ਆ ਜਾਂਦਾ ਹੈ।"
ਬੱਚਿਆਂ ਦੇ ਮਾਮਲੇ 'ਚ ਸਪੱਸ਼ਟ ਰਾਇ
ਅਨਿਲ ਕਪੂਰ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਾਫ਼ੀ ਸਪੱਸ਼ਟ ਹਨ। ਉਨ੍ਹਾਂ ਕਿਹਾ ਕਿ ਮੈਂ ਕਿਸੇ ਡਾਇਰੈਕਟਰ ਨੂੰ ਆਪਣੇ ਬੱਚਿਆਂ ਲਈ ਫ਼ੋਨ ਨਹੀਂ ਕਰਦਾ। ਉਨ੍ਹਾਂ ਦੀ ਬੇਟੀ ਰਿਆ ਕਪੂਰ ਨੇ ਜਦੋਂ ਡਾਇਰੈਕਟਰ ਸੁਰੇਸ਼ ਤ੍ਰਿਵੇਣੀ ਨਾਲ ਕੰਮ ਕਰਨਾ ਸੀ ਤਾਂ ਅਨਿਲ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਖ਼ੁਦ ਗੱਲ ਕਰੇ। ਉਨ੍ਹਾਂ ਕਿਹਾ ਕਿ ਮੇਰੇ ਸਾਰੇ ਬੱਚੇ ਆਤਮ-ਨਿਰਭਰ ਹਨ।