Dostana 2 'ਤੇ ਲਟਕੀ ਬੰਦ ਹੋਣ ਦੀ ਤਲਵਾਰ, ਐਕਟਰ ਤੋਂ ਬਾਅਦ ਹੁਣ ਡਾਇਰੈਕਟਰ ਨੇ ਵੀ ਫ਼ਿਲਮ ਤੋਂ ਮੋੜਿਆ ਮੂੰਹ?
ਲੰਬੇ ਸਮੇਂ ਤੋਂ ਨਿਰਮਾਤਾ ਕਰਨ ਜੌਹਰ ਦੀ ਬਹੁ-ਚਰਚਿਤ ਫ਼ਿਲਮ 'ਦੋਸਤਾਨਾ 2' ਦਾ ਨਾਂ ਸੁਰਖੀਆਂ ਬਟੋਰ ਰਿਹਾ ਹੈ। ਕਈ ਸਾਲਾਂ ਤੋਂ ਇਸ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਇਹ ਮੂਵੀ ਅਟਕ ਜਾਂਦੀ ਹੈ।
Publish Date: Sun, 07 Jun 2026 12:36 PM (IST)
Updated Date: Sun, 07 Jun 2026 12:44 PM (IST)

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਲੰਬੇ ਸਮੇਂ ਤੋਂ ਨਿਰਮਾਤਾ ਕਰਨ ਜੌਹਰ ਦੀ ਬਹੁ-ਚਰਚਿਤ ਫ਼ਿਲਮ 'ਦੋਸਤਾਨਾ 2' ਦਾ ਨਾਂ ਸੁਰਖੀਆਂ ਬਟੋਰ ਰਿਹਾ ਹੈ। ਕਈ ਸਾਲਾਂ ਤੋਂ ਇਸ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਇਹ ਮੂਵੀ ਅਟਕ ਜਾਂਦੀ ਹੈ। ਪਹਿਲਾਂ ਇੱਕ-ਇੱਕ ਕਰਕੇ ਮੁੱਖ ਕਲਾਕਾਰਾਂ ਨੇ ਫ਼ਿਲਮ ਦਾ ਸਾਥ ਛੱਡਿਆ ਅਤੇ ਉਨ੍ਹਾਂ ਦੀ ਜਗ੍ਹਾ ਨਵੇਂ ਕਲਾਕਾਰ ਆਏ।
ਹੁਣ ਖ਼ਬਰ ਆ ਰਹੀ ਹੈ ਕਿ ਡਾਇਰੈਕਟਰ ਨੇ ਵੀ 'ਦੋਸਤਾਨਾ 2' ਦੇ ਨਿਰਮਾਣ ਤੋਂ ਮੂੰਹ ਮੋੜ ਲਿਆ ਹੈ, ਜਿਸ ਕਾਰਨ ਕਰਨ ਜੌਹਰ ਦੀ ਮੂਵੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਪੂਰਾ ਮਾਮਲਾ ਕੀ ਹੈ, ਆਓ ਜਾਣਦੇ ਹਾਂ।
ਚਰਚਾ 'ਚ 'ਦੋਸਤਾਨਾ 2'
ਸਾਲ 2008 ਵਿੱਚ ਰਿਲੀਜ਼ ਹੋਈ ਜੌਨ ਅਬ੍ਰਾਹਮ ਅਤੇ ਅਭਿਸ਼ੇਕ ਬੱਚਨ ਸਟਾਰਰ ਫ਼ਿਲਮ 'ਦੋਸਤਾਨਾ' ਦਾ ਸੀਕਵਲ 'ਦੋਸਤਾਨਾ 2' ਬਣਾਉਣ ਦੀ ਕੋਸ਼ਿਸ਼ ਵਿੱਚ ਫ਼ਿਲਮਸਾਜ਼ ਕਰਨ ਜੌਹਰ ਪਿਛਲੇ ਕਾਫ਼ੀ ਸਮੇਂ ਤੋਂ ਲੱਗੇ ਹੋਏ ਹਨ। ਹਾਲਾਂਕਿ ਇਸ ਫ਼ਿਲਮ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ।
ਪਹਿਲਾਂ ਕਰਨ ਇਹ ਫ਼ਿਲਮ ਅਦਾਕਾਰ ਕਾਰਤਿਕ ਆਰੀਅਨ ਅਤੇ ਲਕਸ਼ੈ ਲਾਲਵਾਨੀ ਨਾਲ ਬਣਾਉਣ ਵਾਲੇ ਸਨ ਫਿਰ ਉਨ੍ਹਾਂ ਅਤੇ ਕਾਰਤਿਕ ਵਿਚਕਾਰ ਵਿਵਾਦ ਹੋ ਗਿਆ ਅਤੇ ਕਾਰਤਿਕ ਨੇ 'ਦੋਸਤਾਨਾ 2' ਛੱਡ ਦਿੱਤੀ। ਇਸ ਤੋਂ ਬਾਅਦ ਤੈਅ ਹੋਇਆ ਕਿ 'ਦੋਸਤਾਨਾ 2' ਅਦਾਕਾਰ ਲਕਸ਼ੈ ਅਤੇ ਵਿਕਰਾਂਤ ਮੈਸੀ ਨਾਲ ਬਣਾਈ ਜਾਵੇਗੀ, ਜਿਸ ਨੂੰ ਫ਼ਿਲਮਸਾਜ਼ ਕਾਲਿਨ ਡਿਕੁਨਹਾ ਡਾਇਰੈਕਟ ਕਰਨਗੇ। ਹਾਲਾਂਕਿ ਫਿਰ ਕੁਝ ਕਾਰਨਾਂ ਕਰਕੇ ਕਾਲਿਨ ਨੇ ਖ਼ੁਦ ਨੂੰ ਫ਼ਿਲਮ ਤੋਂ ਵੱਖ ਕਰ ਲਿਆ। ਉਸ ਤੋਂ ਬਾਅਦ ਕਰਨ ਨੇ 'ਲਾਲ ਸਿੰਘ ਚੱਢਾ' ਫ਼ਿਲਮ ਦੇ ਡਾਇਰੈਕਟਰ ਅਦਵੈਤ ਚੰਦਨ ਨੂੰ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੌਂਪੀ।
ਫ਼ਿਲਮ ਦੀ ਪਟਕਥਾ 'ਤੇ ਵੀ ਦੁਬਾਰਾ ਕੰਮ ਹੋਇਆ ਪਰ ਹੁਣ ਖ਼ਬਰਾਂ ਹਨ ਕਿ ਅਦਵੈਤ ਨੇ ਵੀ ਇਹ ਫ਼ਿਲਮ ਛੱਡ ਦਿੱਤੀ ਹੈ। ਸਿਨੇਮਾ ਜਗਤ ਦੀਆਂ ਰਿਪੋਰਟਾਂ ਅਨੁਸਾਰ, ਅਦਵੈਤ ਨੇ ਇਹ ਫ਼ਿਲਮ ਕਿਸੇ ਵਿਵਾਦ ਕਾਰਨ ਨਹੀਂ, ਸਗੋਂ ਆਪਣੇ ਨਿੱਜੀ ਕਾਰਨਾਂ ਕਰਕੇ ਛੱਡੀ ਹੈ।
ਜਿਸ ਕਰਕੇ 'ਦੋਸਤਾਨਾ 2' ਇੱਕ ਵਾਰ ਫਿਰ ਅਟਕ ਗਈ ਹੈ। ਹੁਣ ਕਰਨ ਨੇ ਇੱਕ ਵਾਰ ਫਿਰ ਅਜਿਹੇ ਨਿਰਦੇਸ਼ਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ 'ਦੋਸਤਾਨਾ 2' ਨੂੰ ਉਨ੍ਹਾਂ ਦੀਆਂ ਯੋਜਨਾਵਾਂ ਅਨੁਸਾਰ ਨਿਰਦੇਸ਼ਿਤ ਕਰ ਸਕੇ। ਦੂਜੇ ਪਾਸੇ, ਲਕਸ਼ੈ ਆਉਣ ਵਾਲੇ ਦਿਨਾਂ ਵਿੱਚ ਫ਼ਿਲਮ 'ਲਗ ਜਾ ਗਲੇ' ਵਿੱਚ ਅਦਾਕਾਰ ਟਾਈਗਰ ਸ਼ਰਾਫ ਨਾਲ ਨਜ਼ਰ ਆਉਣਗੇ।
ਸੁਪਰਹਿੱਟ ਰਹੀ ਸੀ 'ਦੋਸਤਾਨਾ'
ਜੌਨ ਅਬ੍ਰਾਹਮ, ਅਭਿਸ਼ੇਕ ਬੱਚਨ ਅਤੇ ਪ੍ਰਿਅੰਕਾ ਚੋਪੜਾ ਸਟਾਰਰ 'ਦੋਸਤਾਨਾ' ਫ਼ਿਲਮ ਆਪਣੇ ਸਮੇਂ ਦੀਆਂ ਸਫ਼ਲ ਮੂਵੀਜ਼ ਵਿੱਚ ਸ਼ੁਮਾਰ ਹੋਈ ਸੀ। ਬਾਕਸ ਆਫ਼ਿਸ 'ਤੇ ਫ਼ਿਲਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਅਤੇ ਇਹ ਹਿੱਟ ਮੂਵੀ ਸਾਬਤ ਹੋਈ ਸੀ।