ਜੁਨੈਦ ਖਾਨ ਲਈ ਅਰਿਜੀਤ ਸਿੰਘ ਦੀ 'ਆਖਰੀ ਪਾਰੀ' ! ਆਮਿਰ ਖਾਨ ਨੇ ਦੱਸੀ ਮੁਰਸ਼ਿਦਾਬਾਦ ਫੇਰੀ ਦੀ ਅਸਲੀ ਵਜ੍ਹਾ
ਆਮਿਰ ਖਾਨ ਨੇ ਅਸਲੀ ਵਜ੍ਹਾ ਦੱਸਦੇ ਹੋਏ ਅੱਗੇ ਕਿਹਾ, "ਮੈਂ ਉੱਥੇ 'ਏਕ ਦਿਨ' ਫਿਲਮ ਦੇ ਗਾਣਿਆਂ ਦੀ ਰਿਕਾਰਡਿੰਗ ਲਈ ਗਿਆ ਸੀ। ਮੈਂ ਉਨ੍ਹਾਂ ਨੂੰ ਮੇਰੇ ਲਈ ਗਾਉਣ ਲਈ ਜਿਵੇਂ-ਤਿਵੇਂ ਮਨਾ ਲਿਆ ਹੈ। ਉਹ ਫਿਲਮ ਵਿੱਚ ਜੁਨੈਦ ਦੇ ਕਿਰਦਾਰ ਲਈ ਗਾ ਰਹੇ ਹਨ।
Publish Date: Tue, 10 Feb 2026 11:16 AM (IST)
Updated Date: Tue, 10 Feb 2026 11:28 AM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ : ਆਮਿਰ ਖਾਨ ਕੁਝ ਦਿਨ ਪਹਿਲਾਂ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਗਾਇਕ ਅਰਿਜੀਤ ਸਿੰਘ ਦੇ ਘਰ ਪਹੁੰਚੇ ਸਨ। ਇਸ ਤੋਂ ਬਾਅਦ ਲਗਾਤਾਰ ਇਹ ਅਫਵਾਹਾਂ ਉੱਡ ਰਹੀਆਂ ਸਨ ਕਿ ਉਹ ਗਾਇਕ ਨੂੰ ਉਨ੍ਹਾਂ ਦੇ ਰਿਟਾਇਰਮੈਂਟ (ਸੰਨਿਆਸ) ਦੇ ਫੈਸਲੇ ਨੂੰ ਬਦਲਣ ਲਈ ਮਨਾਉਣ ਗਏ ਹਨ।
ਕੀ ਵਾਕਈ ਆਮਿਰ ਖਾਨ ਗਾਇਕ ਅਰਿਜੀਤ ਸਿੰਘ ਨੂੰ ਆਪਣਾ ਸੰਨਿਆਸ ਵਾਪਸ ਲੈਣ ਲਈ ਕਹਿਣ ਗਏ ਸਨ? ਇਸ ਬਾਰੇ ਉਨ੍ਹਾਂ ਨੇ ਖੁਦ ਇੱਕ ਗੱਲਬਾਤ ਦੌਰਾਨ ਖੁਲਾਸਾ ਕੀਤਾ ਅਤੇ ਅਸਲੀ ਮਕਸਦ ਸਾਫ਼ ਕੀਤਾ।
ਅਰਿਜੀਤ ਨਾਲ ਮੁਲਾਕਾਤ ਦੀ ਖ਼ਾਸ ਵਜ੍ਹਾ
ਪੱਤਰਕਾਰ ਸੁਭਾਸ਼ ਕੇ. ਝਾਅ ਨਾਲ ਖ਼ਾਸ ਗੱਲਬਾਤ ਕਰਦਿਆਂ ਆਮਿਰ ਖਾਨ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਗਾਇਕ ਨੂੰ ਵਾਪਸੀ ਲਈ ਮਨਾਉਣਾ ਨਹੀਂ ਸੀ।
ਆਮਿਰ ਨੇ ਕਿਹਾ, "ਮੈਂ ਕੁਝ ਦਿਨ ਪਹਿਲਾਂ ਮੁਰਸ਼ਿਦਾਬਾਦ ਗਿਆ ਸੀ। ਮੈਂ ਉੱਥੇ ਉਨ੍ਹਾਂ ਦੇ ਘਰ ਇਸ ਲਈ ਨਹੀਂ ਗਿਆ ਸੀ ਕਿ ਮੈਂ ਉਨ੍ਹਾਂ ਨੂੰ ਗਾਇਕੀ ਤੋਂ ਸੰਨਿਆਸ ਲੈਣ ਤੋਂ ਰੋਕ ਸਕਾਂ, ਸਗੋਂ ਮੈਂ ਉੱਥੇ ਦੂਜੇ ਕੰਮ ਲਈ ਗਿਆ ਸੀ। ਹਾਲਾਂਕਿ, ਮੈਂ ਉਨ੍ਹਾਂ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਜ਼ਰੂਰ ਸਮਝਾਇਆ ਪਰ ਉਹ ਸਭ ਬੇਕਾਰ ਰਿਹਾ। ਲੱਗਦਾ ਹੈ ਕਿ ਉਹ ਆਪਣਾ ਮਨ ਬਣਾ ਚੁੱਕੇ ਹਨ।"
ਆਮਿਰ ਖਾਨ ਨੇ ਅਸਲੀ ਵਜ੍ਹਾ ਦੱਸਦੇ ਹੋਏ ਅੱਗੇ ਕਿਹਾ, "ਮੈਂ ਉੱਥੇ 'ਏਕ ਦਿਨ' ਫਿਲਮ ਦੇ ਗਾਣਿਆਂ ਦੀ ਰਿਕਾਰਡਿੰਗ ਲਈ ਗਿਆ ਸੀ। ਮੈਂ ਉਨ੍ਹਾਂ ਨੂੰ ਮੇਰੇ ਲਈ ਗਾਉਣ ਲਈ ਜਿਵੇਂ-ਤਿਵੇਂ ਮਨਾ ਲਿਆ ਹੈ। ਉਹ ਫਿਲਮ ਵਿੱਚ ਜੁਨੈਦ ਦੇ ਕਿਰਦਾਰ ਲਈ ਗਾ ਰਹੇ ਹਨ। 'ਏਕ ਦਿਨ' ਉਨ੍ਹਾਂ ਦੇ ਪੁਰਾਣੇ ਵਾਅਦਿਆਂ (ਕਮਿਟਮੈਂਟ) ਵਿੱਚੋਂ ਇੱਕ ਹੈ, ਇਸ ਲਈ ਉਹ ਇਸਨੂੰ ਪੂਰਾ ਕਰਨਾ ਚਾਹੁੰਦੇ ਹਨ। ਸਾਡੀ ਫਿਲਮ ਵਿੱਚ ਕੁੱਲ 5 ਗਾਣੇ ਹਨ ਅਤੇ ਪੰਜੇ ਗਾਣੇ ਉਨ੍ਹਾਂ ਨੇ ਹੀ ਗਾਏ ਹਨ।"
ਆਮਿਰ ਨੇ ਕੀਤੀ ਅਰਿਜੀਤ ਦੀ ਤਾਰੀਫ਼
ਆਮਿਰ ਖਾਨ ਨੇ ਅਰਿਜੀਤ ਸਿੰਘ ਨੂੰ ਇੱਕ 'ਵੰਡਰਫੁਲ ਇਨਸਾਨ' ਦੱਸਿਆ। ਉਨ੍ਹਾਂ ਕਿਹਾ, "ਉਨ੍ਹਾਂ ਨੇ ਸਾਰੇ ਗਾਣੇ ਬਹੁਤ ਹੀ ਸ਼ਾਨਦਾਰ ਗਾਏ ਹਨ। ਇਹ ਫਿਲਮ ਇੰਡਸਟਰੀ ਅਤੇ ਸਾਡੇ ਸਾਰਿਆਂ ਲਈ ਜੋ ਉਨ੍ਹਾਂ ਦੀ ਗਾਇਕੀ ਦੇ ਪ੍ਰਸ਼ੰਸਕ ਹਾਂ, ਬਹੁਤ ਦੁਖਦਾਈ ਗੱਲ ਹੈ (ਕਿ ਉਹ ਰਿਟਾਇਰ ਹੋ ਰਹੇ ਹਨ)।" ਆਮਿਰ ਨੇ ਜੁਨੈਦ ਦੀ ਫਿਲਮ ਲਈ ਗਾਣੇ ਰਿਕਾਰਡ ਕਰਨ ਲਈ ਅਰਿਜੀਤ ਦਾ ਧੰਨਵਾਦ ਵੀ ਕੀਤਾ।
ਪਹਿਲੀ ਵਾਰ ਸਾਈ ਪੱਲਵੀ ਨਾਲ ਬਣੇਗੀ ਜੁਨੈਦ ਦੀ ਜੋੜੀ
ਫਿਲਮ 'ਏਕ ਦਿਨ' ਦੀ ਗੱਲ ਕਰੀਏ ਤਾਂ ਇਸ ਵਿੱਚ ਆਮਿਰ ਦੇ ਬੇਟੇ ਜੁਨੈਦ ਖਾਨ ਦੇ ਨਾਲ ਸਾਈ ਪੱਲਵੀ ਮੁੱਖ ਭੂਮਿਕਾ ਵਿੱਚ ਹੈ। ਫਿਲਮ ਦਾ ਨਿਰਦੇਸ਼ਨ ਸੁਨੀਲ ਪਾਂਡੇ ਨੇ ਕੀਤਾ ਹੈ ਅਤੇ ਇਸ ਦੇ ਨਿਰਮਾਤਾ ਆਮਿਰ ਖਾਨ ਅਤੇ ਅਪਰਨਾ ਪੁਰੋਹਿਤ ਹਨ। ਇਹ ਫਿਲਮ 1 ਮਈ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।